ਵਿਆਹ ਦੀਆਂ ਖੁਸ਼ੀਆਂ ਉਮਰ ਭਰ ਦੇ ਰੋਣੇ ‘ਚ ਬਦਲੀਆਂ, ਘੋੜੀ ਚੜ੍ਹਨ ਤੋਂ ਪਹਿਲਾਂ ਜਹਾਨੋਂ ਤੁਰ ਗਿਆ ਜਵਾਨ ਪੁੱਤ

ਚੰਡੀਗੜ੍ਹ : ਨਗਰ ਨਿਗਮ ‘ਚ ਠੇਕੇ ’ਤੇ ਕੂੜਾ ਚੁੱਕਣ ਵਾਲੀ ਗੱਡੀ ਦੇ ਡਰਾਈਵਰ ਵਜੋਂ ਕੰਮ ਕਰਨ ਵਾਲੇ 27 ਸਾਲਾ ਨੌਜਵਾਨ ਦੀ ਲਾਸ਼ ਸ਼ੱਕੀ ਹਾਲਾਤ ‘ਚ ਗੱਡੀ ਦੇ ਹਾਈਡ੍ਰੋਲਿਕ ਹੇਠਾਂ ਦੱਬੀ ਹੋਈ ਮਿਲੀ। ਸੂਚਨਾ ਮਿਲਣ ’ਤੇ ਪੁਲਸ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਨੌਜਵਾਨ ਦੀ ਪਛਾਣ ਨਵਜੋਤ ਵਾਸੀ ਪਿੰਡ ਬਡਾਲੀ ਵਜੋਂ ਹੋਈ ਹੈ।

ਪੁਲਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਨੌਜਵਾਨ ਦਾ 2 ਅਕਤੂਬਰ ਨੂੰ ਵਿਆਹ ਹੋਣਾ ਸੀ। ਮਾਂ ਅਤੇ ਹੋਰ ਪਰਿਵਾਰਕ ਮੈਂਬਰ ਵਿਆਹ ਦੇ ਕਾਰਡ ਵੰਡਣ ‘ਚ ਰੁੱਝੇ ਹੋਏ ਸਨ। ਸੈਕਟਰ-22 ਚੌਂਕੀ ਦੀ ਪੁਲਸ ਨੇ ਡਿਊਟੀ ’ਤੇ ਤਾਇਨਾਤ ਸਹਿ-ਮੁਲਾਜ਼ਮਾਂ ਦੇ ਬਿਆਨ ਦਰਜ ਕਰ ਲਏ ਹਨ। ਨੌਜਵਾਨ ਦੀ ਮੌਤ ਕਿਵੇਂ ਹੋਈ, ਇਸ ਦੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕੀ ਇਹ ਹਾਦਸਾ ਹੈ ਜਾਂ ਕਿਸੇ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਇਨ੍ਹਾਂ ਗੱਲਾਂ ਦਾ ਪਤਾ ਲਾਉਣ ਲਈ ਪੁਲਸ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
ਦੁਪਹਿਰ ਸਮੇਂ ਮਿਲੀ ਸੀ ਪੁਲਸ ਨੂੰ ਸੂਚਨਾ
ਜਾਣਕਾਰੀ ਮੁਤਾਬਕ ਪੁਲਸ ਨੂੰ ਸ਼ੁੱਕਰਵਾਰ ਦੁਪਹਿਰ 1.54 ਵਜੇ ਸੈਕਟਰ-23 ਸਥਿਤ ਖ਼ਾਲੀ ਘਰ ਨੇੜੇ ਕੂੜਾ ਚੁੱਕਣ ਵਾਲੀ ਗੱਡੀ ਦੇ ਹਾਈਡ੍ਰੋਲਿਕ ਹੇਠਾਂ ਨੌਜਵਾਨ ਦੇ ਦੱਬੇ ਹੋਣ ਦੀ ਸੂਚਨਾ ਮਿਲੀ ਸੀ। ਮੌਕੇ ’ਤੇ ਪਹੁੰਚੀ ਪੁਲਸ ਨੇ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਮੌਕੇ ’ਤੇ ਜਾ ਕੇ ਦੇਖਿਆ ਕਿ ਨੌਜਵਾਨ ਦੀ ਧੌਣ ਅਤੇ ਛਾਤੀ ਦਾ ਕੁੱਝ ਹਿੱਸਾ ਹਾਈਡ੍ਰੋਲਿਕ ਹੇਠਾਂ ਦੱਬਿਆ ਹੋਇਆ ਸੀ। ਹੱਥ ਦੀ ਉਂਗਲੀ ਹਾਈਡ੍ਰੋਲਿਕ ਬਟਨ ’ਤੇ ਸੀ। ਜਾਂਚ ‘ਚ ਸਾਹਮਣੇ ਆਇਆ ਕਿ ਨੌਜਵਾਨ 2018 ਤੋਂ ਨਗਰ ਨਿਗਮ ‘ਚ ਠੇਕੇ ’ਤੇ ਕੂੜਾ ਚੁੱਕਣ ਵਾਲੀ ਗੱਡੀ ’ਤੇ ਡਰਾਈਵਰ ਸੀ।
ਵਿਆਹ ਦੇ ਕਾਰਡ ਵੰਡਣ ਗਈ ਸੀ ਮਾਂ
ਮ੍ਰਿਤਕ ਦੇ ਪਿਤਾ ਦੀ ਬਚਪਨ ‘ਚ ਹੀ ਮੌਤ ਹੋ ਗਈ ਸੀ। ਭੈਣ ਅਤੇ ਨਵਜੋਤ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਉਸ ਦੇ ਮਾਮਾ ਰਣਜੀਤ ਸਿੰਘ ਨੇ ਨਿਭਾਈ ਸੀ। ਉਹ ਆਪਣੇ ਮਾਮੇ ਦਾ ਲਾਡਲਾ ਸੀ। ਨੌਜਵਾਨ ਦਾ 2 ਅਕਤੂਬਰ ਨੂੰ ਵਿਆਹ ਸੀ ਅਤੇ ਸ਼ੁੱਕਰਵਾਰ ਮਾਂ, ਮਾਮਾ ਅਤੇ ਹੋਰ ਪਰਿਵਾਰਕ ਮੈਂਬਰ ਕਾਰਡ ਵੰਡਣ ‘ਚ ਰੁੱਝੇ ਹੋਏ ਸਨ। ਨੌਜਵਾਨ ਸਵੇਰੇ ਕੰਮ ’ਤੇ ਗਿਆ ਸੀ। ਉਸ ਦੇ ਮਾਮੇ ਦੇ ਮੁੰਡੇ ਅਮਨਪ੍ਰੀਤ ਨੇ ਦੱਸਿਆ ਕਿ ਜਦੋਂ ਭਰਾ ਦੀ ਮੌਤ ਦਾ ਪਤਾ ਲੱਗਾ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਅਮਨ ਨੇ ਕਿਹਾ ਕਿ ਉਸ ਨੇ ਅਜੇ ਤੱਕ ਇਸ ਸਬੰਧੀ ਆਪਣੀ ਭੂਆ ਨੂੰ ਨਹੀਂ ਦੱਸਿਆ। ਉਹ ਡਰਦਾ ਹੈ ਕਿ ਉਸ ਦੀ ਮਾਸੀ ਇਸ ਸਦਮੇ ਨੂੰ ਕਿਵੇਂ ਬਰਦਾਸ਼ਤ ਕਰੇਗੀ। ਦੂਜੇ ਪਾਸੇ ਆਪਣੇ ਭਾਣਜੇ ਦੀ ਮੌਤ ਦੀ ਸੂਚਨਾ ਮਿਲਦਿਆਂ ਹੀ ਮਾਮਾ ਰਣਜੀਤ ਸਿੰਘ ਵੀ ਬੇਹਾਲ ਨਜ਼ਰ ਆਏ।

Add a Comment

Your email address will not be published. Required fields are marked *