ਸਭ ਤੋਂ ਵੱਧ ਮਿਲਟਰੀ ਖ਼ਰਚਾ ਕਰਨ ਵਾਲਾ ਚੌਥਾ ਦੇਸ਼ ਬਣਿਆ ਭਾਰਤ

ਨਵੀਂ ਦਿੱਲੀ – ਭਾਰਤ 2023 ਵਿਚ 83.6 ਅਰਬ ਡਾਲਰ ਦੇ ਖਰਚੇ ਨਾਲ ਅਮਰੀਕਾ, ਚੀਨ ਅਤੇ ਰੂਸ ਤੋਂ ਬਾਅਦ ਵਿਸ਼ਵ ਪੱਧਰ ’ਤੇ ਚੌਥਾ ਸਭ ਤੋਂ ਵੱਡਾ ਮਿਲਟਰੀ ਖ਼ਰਚਾ ਕਰਨ ਵਾਲਾ ਦੇਸ਼ ਸੀ। ਇਕ ਸੁਤੰਤਰ ਅੰਤਰਰਾਸ਼ਟਰੀ ਸੰਸਥਾਨ ਨੇ ਆਪਣੀ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਹੈ। ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ (ਐੱਸ. ਆਈ. ਪੀ. ਆਰ. ਆਈ.) ਨੇ ਆਪਣੀ ਵੈੱਬਸਾਈਟ ’ਤੇ ਆਪਣੀ ਰਿਪੋਰਟ ਇਸ ਮਹੀਨੇ ਸਾਂਝੀ ਕੀਤੀ ਅਤੇ ਕਿਹਾ ਕਿ ਪਿਛਲੇ ਸਾਲ ਗਲੋਬਲ ਮਿਲਟਰੀ ਖਰਚਿਆਂ ’ਚ ‘ਵਾਧੇ’ ਲਈ ਮੁੱਖ ਤੌਰ ’ਤੇ ਯੂਕ੍ਰੇਨ ’ਚ ਚੱਲ ਰਹੀ ਜੰਗ ਅਤੇ ਏਸ਼ੀਆ ਤੇ ਓਸ਼ੀਨੀਆ ਅਤੇ ਪੱਛਮ ਏਸ਼ੀਆ ’ਚ ਵਧਦੇ ‘ਭੂ-ਸਿਆਸੀ ਤਣਾਅ’ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ।

ਰਿਪੋਰਟ ਮੁਤਾਬਕ, ‘‘ਗਲੋਬਲ ਮਿਲਟਰੀ ਖਰਚਾ 2023 ’ਚ ਲਗਾਤਾਰ ਨੌਵੇਂ ਸਾਲ ਵਧ ਕੇ ਕੁੱਲ 2443 ਅਰਬ ਡਾਲਰ ਤੱਕ ਪਹੁੰਚ ਗਿਆ। 2023 ’ਚ 6.8 ਫੀਸਦੀ ਵਾਧਾ 2009 ਤੋਂ ਬਾਅਦ ਸਾਲਾਨਾ ਆਧਾਰ ’ਤੇ ਸਭ ਤੋਂ ਤੇਜ਼ ਵਾਧਾ ਸੀ ਅਤੇ ਇਸ ਨੇ ਗਲੋਬਲ ਖਰਚਿਆਂ ਨੂੰ ਐੱਸ. ਆਈ. ਪੀ. ਆਰ. ਆਈ. ਵੱਲੋਂ ਹੁਣ ਤੱਕ ਦਰਜ ਸਭ ਤੋਂ ਉੱਚੇ ਪੱਧਰ ’ਤੇ ਪਹੁੰਚਾ ਦਿੱਤਾ।’’

Add a Comment

Your email address will not be published. Required fields are marked *