ਪ੍ਰੋਫ਼ੈਸਰ ਜੋੜੇ ਦਾ ਬੇਰਹਿਮੀ ਨਾਲ ਕਤਲ, ਫ਼ਲੈਟ ਦੇ ਅੰਦਰ ਦੀ ਹਾਲਤ ਵੇਖ ਦੰਗ ਰਹਿ ਗਏ ਗੁਆਂਢੀ

ਪਟਨਾ- ਬਿਹਾਰ ਦੇ ਆਰਾ ’ਚ ਬੇਖ਼ੌਫ ਬਦਮਾਸ਼ਾਂ ਨੇ ਦੋਹਰੇ ਕਤਲ ਕਾਂਡ ਨੂੰ ਅੰਜ਼ਾਮ ਦਿੱਤਾ ਹੈ। ਇੱਥੇ ਨਵਾਦਾ ਥਾਣਾ ਖੇਤਰ ਦੇ ਕਤੀਰਾ ਇਲਾਕੇ ਵਿਚ ਇਕ ਪ੍ਰੋਫ਼ੈਸਰ ਜੋੜੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਘਰ ਦੇ ਅੰਦਰੋਂ ਹੀ ਦੋਹਾਂ ਦੀਆਂ ਲਾਸ਼ਾਂ ਮਿਲੀਆਂ ਹਨ। ਪ੍ਰੋਫੈਸਰ ਮਹਿੰਦਰ ਸਿੰਘ ਅਤੇ ਉਸ ਦੀ ਪਤਨੀ ਪੁਸ਼ਪਾ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ

ਦੋਵੇਂ ਪਤੀ-ਪਤਨੀ ਸੇਵਾਮੁਕਤ ਸਨ

ਮਹਿੰਦਰ ਸਿੰਘ ਵੀਰ ਕੁੰਵਰ ਸਿੰਘ ਯੂਨੀਵਰਸਿਟੀ ’ਚ ਰਾਜਨੀਤੀ ਸ਼ਾਸਤਰ ਵਿਭਾਗ ਦੇ ਸਾਬਕਾ ਮੁਖੀ ਸਨ। ਉਹ ਵਿਦਿਆਰਥੀ ਭਲਾਈ ਦੇ ਪ੍ਰਧਾਨ ਅਤੇ ਡੀਨ ਵੀ ਰਹਿ ਚੁੱਕੇ ਹਨ। ਉਹ ਭਾਜਪਾ ਨਾਲ ਜੁੜੇ ਹੋਏ ਸਨ ਅਤੇ ਚੋਣ ਵੀ ਲੜ ਚੁੱਕੇ ਸਨ। ਉਨ੍ਹਾਂ ਦੀ ਪਤਨੀ ਪੁਸ਼ਪਾ ਸਿੰਘ ਮਨੋਵਿਗਿਆਨ ਦੀ ਪ੍ਰੋਫ਼ੈਸਰ ਸੀ ਅਤੇ ਮਹਿਲਾ ਕਾਲਜ ਤੋਂ ਸੇਵਾਮੁਕਤ ਹੋਈ ਸੀ। ਪੁਲਸ ਕਤਲ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।

ਪਹਿਲਾਂ ਬੇਰਹਿਮੀ ਨਾਲ ਕੁੱਟਿਆ ਫਿਰ ਕੀਤਾ ਕਤਲ

ਅਜਿਹਾ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਦੋਹਾਂ ਨੂੰ ਪਹਿਲਾਂ ਬੇਰਹਿਮੀ ਨਾਲ ਕੁੱਟਿਆ ਗਿਆ ਅਤੇ ਉਸ ਤੋਂ ਬਾਅਦ ਕਤਲ ਕਰ ਦਿੱਤਾ ਗਿਆ। ਅਚਾਨਕ ਦੋਹਾਂ ਦੇ ਕਤਲ ਨਾਲ ਪੂਰੇ ਇਲਾਕੇ ਵਿਚ ਸਨਸਨੀ ਫੈਲ ਗਈ। ਮੀਡੀਆ ਰਿਪੋਰਟ ਮੁਤਾਬਕ ਦੋਹਾਂ ਦੀਆਂ ਲਾਸ਼ਾਂ ਘਰ ਵਿਚੋਂ ਮਿਲੀਆਂ। ਪ੍ਰੋਫ਼ੈਸਰ ਦੀ ਲਾਸ਼ ਡਾਈਨਿੰਗ ਰੂਮ ਜਦਕਿ ਉਨ੍ਹਾਂ ਦੀ ਪਤਨੀ ਦੀ ਲਾਸ਼ ਬੈੱਡਰੂਮ ‘ਚੋਂ ਬਰਾਮਦ ਕੀਤੀ ਗਈ। ਖੂਨ ਦੇ ਧੱਬਿਆਂ ਨੂੰ ਵੇਖ ਕੇ ਅਜਿਹਾ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਸਵੇਰੇ-ਸਵੇਰੇ ਜਾਂ ਦਿਨ ਵਿਚ ਹੀ ਕਤਲ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ।

ਧੀ ਨੇ ਸ਼ੱਕ ਹੋਣ ‘ਤੇ ਗੁਆਂਢੀ ਨੂੰ ਭੇਜਿਆ ਸੀ ਘਰ

ਪ੍ਰੋਫ਼ੈਸਰ ਜੋੜੇ ਦੀਆਂ ਤਿੰਨ ਧੀਆਂ ਹਨ ਜੋ ਕਿ ਬਾਹਰ ਰਹਿੰਦੀਆਂ ਹਨ। ਪ੍ਰੋਫ਼ੈਸਰ ਪਤੀ-ਪਤਨੀ ਇਕੱਲੇ ਫਲੈਟ ਵਿਚ ਰਹਿੰਦੇ ਸਨ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾ ਦੀ ਧੀ ਨੇ ਜਦੋਂ ਆਪਣੇ ਮਾਤਾ-ਪਿਤਾ ਨੂੰ ਫੋਨ ਲਾਇਆ ਤਾਂ ਰਿਸੀਵ ਨਾ ਹੋਣ ਮਗਰੋਂ ਉਸ ਨੂੰ ਸ਼ੱਕ ਹੋਇਆ। ਉਸ ਨੇ ਗੁਆਂਢੀ ਨੂੰ ਕਿਹਾ ਕਿ ਇਕ ਵਾਰ ਉਹ ਵੇਖ ਕੇ ਆਏ। ਜਿਸ ਤੋਂ ਬਾਅਦ ਗੁਆਂਢੀ ਨੇ ਦੋਹਾਂ ਦੀਆਂ ਲਾਸ਼ਾਂ ਵੇਖੀਆਂ ਅਤੇ ਕਤਲ ਦੀ ਜਾਣਕਾਰੀ ਦਿੱਤੀ। ਘਰ ਦੇ ਅੰਦਰ ਦੀ ਹਾਲਤ ਵੇਖ ਕੇ ਗੁਆਂਢੀ ਵੀ ਦੰਗ ਰਹਿ ਗਏ।

Add a Comment

Your email address will not be published. Required fields are marked *