ਗੱਲ ਕਰਨ ਤੋਂ ਮਨ੍ਹਾ ਕੀਤਾ ਤਾਂ ਕੁੜੀ ’ਤੇ ਕਰ ਦਿੱਤਾ ਦਾਤਰ ਨਾਲ ਹਮਲਾ

ਪਾਲਮਪੁਰ – ਪਾਲਮਪੁਰ ’ਚ ਦਿਨ-ਦਿਹਾੜੇ ਇਕ ਨੌਜਵਾਨ ਨੇ ਇਕ ਲੜਕੀ ’ਤੇ ਦਾਤਰ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਇਹ ਘਟਨਾ ਸ਼ਨੀਵਾਰ ਦੇਰ ਸ਼ਾਮ ਪਾਲਮਪੁਰ ਬੱਸ ਸਟੈਂਡ ਦੇ ਕਮਰਸ਼ੀਅਲ ਕੰਪਲੈਕਸ ਦੀਆਂ ਪੌੜੀਆਂ ’ਤੇ ਵਾਪਰੀ। ਨੌਜਵਾਨ ਸੀ. ਸੀ. ਟੀ. ਵੀ. ਫੁਟੇਜ ’ਚ ਲੜਕੀ ’ਤੇ ਦਾਤਰ ਨਾਲ ਇਕ ਦਰਜਨ ਵਾਰ ਕਰਦਾ ਨਜ਼ਰ ਆ ਰਿਹਾ ਹੈ। ਗੰਭੀਰ ਰੂਪ ’ਚ ਜ਼ਖ਼ਮੀ ਲੜਕੀ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।

ਕਮਰਸ਼ੀਅਲ ਕੰਪਲੈਕਸ ਦੇ ਦੁਕਾਨਦਾਰਾਂ ਨੇ ਮੌਕੇ ’ਤੇ ਪਹੁੰਚ ਕੇ ਲੜਕੀ ਨੂੰ ਹਮਲਾਵਰ ਦੇ ਹੱਥੋਂ ਬਚਾਇਆ ਤੇ ਹਮਲਾਵਰ ਨੂੰ ਕਾਬੂ ਕਰ ਲਿਆ। ਮੁਲਜ਼ਮ ਦੀ ਪਛਾਣ ਸੁਮਿਤ ਚੌਧਰੀ ਪੁੱਤਰ ਰਮੇਸ਼ ਵਾਸੀ ਨਗਰੋਟਾ ਵਜੋਂ ਹੋਈ ਹੈ ਤੇ ਉਸ ਨੂੰ ਪੁਲਸ ਨੇ ਹਿਰਾਸਤ ’ਚ ਲੈ ਲਿਆ ਹੈ। ਜ਼ਖ਼ਮੀ ਲੜਕੀ ਸੁਲਹ ਕੇ ਸਾਲਨ ਦੀ ਰਹਿਣ ਵਾਲੀ ਹੈ ਤੇ ਪਾਲਮਪੁਰ ਦੇ ਇਕ ਕਾਲਜ ’ਚ ਪੋਸਟ ਗ੍ਰੈਜੂਏਟ ਦੀ ਵਿਦਿਆਰਥਣ ਹੈ।

ਐਤਵਾਰ ਨੂੰ ਪੀੜਤਾ ਦੇ ਪਿੰਡ ਦੇ ਲੋਕ, ਪਰਿਵਾਰਕ ਮੈਂਬਰ ਤੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਵੱਡੀ ਗਿਣਤੀ ’ਚ ਮੈਂਬਰ ਪਾਲਮਪੁਰ ਥਾਣੇ ਪਹੁੰਚੇ ਤੇ ਦੋਸ਼ੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਕਾਂਗੜਾ ਦੀ ਐੱਸ. ਪੀ. ਸ਼ਾਲਿਨੀ ਅਗਨੀਹੋਤਰੀ ਦਾ ਕਹਿਣਾ ਹੈ ਕਿ ਲੜਕੀ ਵਲੋਂ ਗੱਲ ਨਾ ਕਰਨ ’ਤੇ ਗੁੱਸੇ ’ਚ ਦੋਸ਼ੀ ਨੇ ਹਮਲਾ ਕੀਤਾ। ਨੌਜਵਾਨ ਤੇ ਲੜਕੀ ਇਕ ਵਿਆਹ ਸਮਾਗਮ ’ਚ ਮਿਲੇ ਸਨ।

Add a Comment

Your email address will not be published. Required fields are marked *