ਸੋਨੀਆ-ਖੜਗੇ ਦੀ ਅਗਵਾਈ ‘ਚ ਪੰਜਾਬ ‘ਚ ਸੀਟ ਵੰਡ ਲਈ ਕਾਂਗਰਸ ਨੇ ਕੀਤੀ ਮੀਟਿੰਗ

ਨਵੀਂ ਦਿੱਲੀ- ਕਾਂਗਰਸ ਪਾਰਟੀ ਦੀ ਕੇਂਦਰੀ ਚੋਣ ਕਮੇਟੀ (CEC) ਦੀ ਮੀਟਿੰਗ ਨਵੀਂ ਦਿੱਲੀ ਸਥਿਤ ਪਾਰਟੀ ਹੈੱਡਕੁਆਰਟਰ ਵਿਖੇ ਹੋਈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਪਾਰਟੀ ਆਗੂ ਸੋਨੀਆ ਗਾਂਧੀ ਦੀ ਪ੍ਰਧਾਨਗੀ ਹੇਠ ਮੀਟਿੰਗ ਪੰਜਾਬ ਅਤੇ ਹੋਰ ਸੂਬਿਆਂ ਦੀਆਂ ਬਾਕੀ ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਨੂੰ ਅੰਤਿਮ ਰੂਪ ਦੇਣ ਲਈ ਹੋਈ। ਇਸ ਮੀਟਿੰਗ ਵਿਚ ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂ ਹਾਜ਼ਰ ਰਹੇ।

ਦੱਸ ਦੇਈਏ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਆਖਰੀ ਪੜਾਅ ‘ਚ 1 ਜੂਨ ਨੂੰ ਵੋਟਾਂ ਪੈਣਗੀਆਂ। ਸੂਬੇ ਵਿਚ ਲੋਕ ਸਭਾ ਚੋਣਾਂ ‘ਚ ਮੈਦਾਨ ਵਿਚ ਉਤਰ ਰਹੀ ਕਾਂਗਰਸ ਨੇ ਅੰਮ੍ਰਿਤਸਰ ਸੀਟ ਤੋਂ ਗੁਰਜੀਤ ਸਿੰਘ ਔਜਲਾ, ਫਤਹਿਗੜ੍ਹ ਸਾਹਿਬ ਤੋਂ ਅਮਰ ਸਿੰਘ, ਬਠਿੰਡਾ ਤੋਂ ਜੀਤ ਮਹਿੰਦਰ ਸਿੰਘ ਸਿੱਧੂ, ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ ਅਤੇ ਪਟਿਆਲਾ ਸੀਟ ਤੋਂ ਧਰਮਵੀਰ ਗਾਂਧੀ ਨੂੰ ਸਾਬਕਾ ਸੀ.ਐਮ. ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾਇਆ ਗਿਆ ਹੈ। ਇੱਥੇ ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਦੂਜੇ ਸੂਬਿਆਂ ‘ਚ ਗਠਜੋੜ ਹੋਣ ਦੇ ਬਾਵਜੂਦ ਪੰਜਾਬ ਵਿਚ ਵੱਖਰੇ ਤੌਰ ’ਤੇ ਚੋਣ ਲੜ ਰਹੀਆਂ ਹਨ। ‘ਆਪ’ ਨੇ ਪੰਜਾਬ ਲਈ ਚਾਰ ਉਮੀਦਵਾਰਾਂ ਦਾ ਐਲਾਨ ਕੀਤਾ ਸੀ। ਜਗਦੀਪ ਸਿੰਘ ਕਾਕਾ ਬਰਾੜ ਫਿਰੋਜ਼ਪੁਰ, ਅਮਨਸ਼ੇਰ ਸਿੰਘ ਗੁਰਦਾਸਪੁਰ ਤੋਂ ਚੋਣ ਲੜਨਗੇ। ਪਵਨ ਕੁਮਾਰ ਟੀਨੂੰ ਨੂੰ ਜਲੰਧਰ ਤੋਂ ਅਤੇ ਅਸ਼ੋਕ ਪਰਾਸ਼ਰ ਪੱਪੀ ਨੂੰ ਲੁਧਿਆਣਾ ਤੋਂ ਉਮੀਦਵਾਰ ਬਣਾਇਆ ਗਿਆ ਹੈ।

ਬੀਤੇ ਕੱਲ ਕਾਂਗਰਸ ਪਾਰਟੀ ਨੂੰ ਇਕ ਹੋਰ ਝਟਕਾ ਦਿੰਦੇ ਹੋਏ ਤਜਿੰਦਰ ਸਿੰਘ ਬਿੱਟੂ ਸ਼ਨੀਵਾਰ ਨੂੰ ਦਿੱਲੀ ਸਥਿਤ ਪਾਰਟੀ ਹੈੱਡਕੁਆਰਟਰ ਵਿਖੇ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਪਾਰਟੀ ਦੇ ਜਨਰਲ ਸਕੱਤਰ ਵਿਨੋਦ ਤਾਵੜੇ ਦੀ ਮੌਜੂਦਗੀ ਵਿਚ ਭਾਜਪਾ ਵਿਚ ਸ਼ਾਮਲ ਹੋ ਗਏ। ਤਜਿੰਦਰ ਸਿੰਘ ਬਿੱਟੂ ਨੇ ਹਿਮਾਚਲ ਪ੍ਰਦੇਸ਼ ਦੇ AICC ਸਕੱਤਰ-ਇੰਚਾਰਜ ਅਤੇ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਬਿੱਟੂ ਦਾ ਅਸਤੀਫਾ ਕਾਂਗਰਸ ਪਾਰਟੀ ਲਈ ਇਕ ਹੋਰ ਝਟਕਾ ਹੈ, ਜਿਸ ਨੇ ਪਿਛਲੇ ਕੁਝ ਹਫ਼ਤਿਆਂ ‘ਚ ਵੱਡੇ ਨੇਤਾਵਾਂ ਦਾ ਪਲਾਇਨ ਦੇਖਿਆ ਹੈ। ਦੱਸ ਦੇਈਏ ਕਿ 2019 ਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਦੀ ਅਗਵਾਈ ਵਾਲੇ UPA ਗਠਜੋੜ ਨੇ 8 ਸੀਟਾਂ ਜਿੱਤੀਆਂ, ਜਦੋਂ ਕਿ NDA ਨੂੰ 4 ਸੀਟਾਂ ਮਿਲੀਆਂ। ਆਮ ਆਦਮੀ ਪਾਰਟੀ ਨੇ ਆਪਣੀ ਸ਼ੁਰੂਆਤ ਵਿਚ ਹੀ ਇਕ ਸੀਟ ਜਿੱਤੀ ਹੈ।

Add a Comment

Your email address will not be published. Required fields are marked *