ਜਲੰਧਰ ‘ਚ ਸ਼ਰੇਆਮ ਭਰੇ ਬਾਜ਼ਾਰ ‘ਚ ਨੌਜਵਾਨ ਦਾ ਕਤਲ

ਜਲੰਧਰ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਿੱਥੇ ਇਕ ਪਾਸੇ ਨੀਮ ਫ਼ੌਜੀ ਬਲ ਅਤੇ ਪੁਲਸ ਮਹਾਨਗਰ ’ਚ ਪੂਰੀ ਤਰ੍ਹਾਂ ਚੌਕਸ ਰਹਿਣ ਤੇ ਗਸ਼ਤ ਕਰਨ ਦਾ ਦਾਅਵਾ ਕਰ ਰਹੀ ਹੈ ਪਰ ਦੂਜੇ ਪਾਸੇ ਦੇਰ ਸ਼ਾਮ ਵੈਸਟ ਪੁਲਸ ਦੇ ਸੁਰੱਖਿਆ ਪ੍ਰਬੰਧਾਂ ਨੂੰ ਛਿੱਕੇ ਟੰਗ ਦਿੱਤਾ ਗਿਆ। ਜਾਣਕਾਰੀ ਮੁਤਾਬਕ ਬਸਤੀ ਸ਼ੇਖ ’ਚ ਸੂਦ ਹਸਪਤਾਲ ਨਾਲ ਲੱਗਦੀ ਗਲੀ ’ਚ ਰਹਿਣ ਵਾਲੇ ਬਦਮਾਸ਼ ਕਰਨ ਮੱਲੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਕ ਨੌਜਵਾਨ ਦਾ ਸ਼ਰੇਆਮ ਕਤਲ ਕਰ ਦਿੱਤਾ। ਨੌਜਵਾਨ ਦੀ ਗਰਭਵਤੀ ਪਤਨੀ ਆਪਣੇ ਪਤੀ ਨੂੰ ਬਚਾਉਣ ਲਈ ਜਿਵੇਂ ਹੀ ਅੱਗੇ ਆਈ ਤਾਂ ਹਮਲਾਵਰਾਂ ਨੇ ਉਸ ’ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

ਪੁਲਸ ਨੂੰ ਦਿੱਤੇ ਬਿਆਨਾਂ ’ਚ ਮ੍ਰਿਤਕ ਅੰਕਿਤ ਜਾਂਬਾ ਦੇ ਭਰਾ ਵਿਸ਼ਾਲ ਜਾਂਬਾ ਪੁੱਤਰ ਸਤਪਾਲ ਵਾਸੀ ਬਸਤੀ ਸ਼ੇਖ ਨੇ ਦੱਸਿਆ ਕਿ ਕਰਨ ਮੱਲੀ ਉਸ ਨਾਲ ਰੰਜਿਸ਼ ਰੱਖਦਾ ਸੀ ਤੇ ਕਈ ਵਾਰ ਉਸ ਨੂੰ ਧਮਕੀਆਂ ਵੀ ਦਿੰਦਾ ਸੀ। ਉਸ ਦਾ ਭਰਾ ਅੰਕਿਤ ਆਪਣੀ ਪਤਨੀ ਮਨੀਸ਼ਾ ਨਾਲ, ਜੋ ਕਰੀਬ 4 ਮਹੀਨਿਆਂ ਦੀ ਗਰਭਵਤੀ ਹੈ, ਦਵਾਈ ਲੈਣ ਲਈ ਸਕੂਟਰ ’ਤੇ ਉਸ ਨਾਲ ਜਾ ਰਿਹਾ ਸੀ। ਇਸ ਦੌਰਾਨ ਜਿਵੇਂ ਹੀ ਉਹ ਮੱਲੀ ਦੀ ਗਲੀ ਕੋਲੋਂ ਲੰਘਿਆ ਤਾਂ ਮੱਲੀ ਨੇ ਆਪਣੀ ਪਤਨੀ ਤੇ ਸਾਥੀਆਂ ਦਲਜੀਤ ਉਰਫ਼ ਸੋਨੂੰ, ਮੋਨੂੰ, ਤਰੁਣ, ਅਜੇ ਆਦਿ ਨਾਲ ਮਿਲ ਕੇ ਉਸ ਦੇ ਭਰਾ ਨੂੰ ਘੇਰ ਲਿਆ ਤੇ ਉਸ ’ਤੇ ਹਮਲਾ ਕਰ ਦਿੱਤਾ। ਇਸ ਵਾਰਦਾਤ ਵਿਚ ਅੰਕਿਤ ਦੀ ਮੌਤ ਹੋ ਗਈ। 

ਦੇਰ ਰਾਤ ਪੁਲਸ ਨੇ ਸਿਵਲ ਹਸਪਤਾਲ ਪਹੁੰਚ ਕੇ ਮ੍ਰਿਤਕ ਅੰਕਿਤ ਦੀ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਡੈੱਡ ਹਾਊਸ ‘ਚ ਰਖਵਾਇਆ। ਪੁਲਸ ਦੇਰ ਰਾਤ ਕਾਤਲਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਤਿਆਰੀ ਕਰ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਪੁਲਸ ਨੇ ਕਰਨ ਮੱਲੀ ਤੇ ਹੋਰ ਲੋਕਾਂ ਦੇ ਘਰਾਂ ‘ਤੇ ਛਾਪੇਮਾਰੀ ਕੀਤੀ ਹੈ ਅਤੇ ਕਈ ਲੋਕਾਂ ਨੂੰ ਰਾਊਂਡਅਪ ਵੀ ਕੀਤਾ ਹੈ।

Add a Comment

Your email address will not be published. Required fields are marked *