ਕੋਟਕ ਮਹਿੰਦਰਾ ਬੈਂਕ ਦੇ ਫਾਊਂਡਰ ਉਦੇ ਕੋਟਕ ਦੀ ਵੱਡੀ ਚਿਤਾਵਨੀ

ਨਵੀਂ ਦਿੱਲੀ – ਕੋਟਕ ਮਹਿੰਦਰਾ ਬੈਂਕ ਦੇ ਫਾਊਂਡਰ ਅਤੇ ਨਾਨ-ਐਗਜ਼ੀਕਿਊਟਿਵ ਡਾਇਰੈਕਟਰ ਉਦੇ ਕੋਟਕ ਨੇ ਵੱਡੀ ਚਿਤਾਵਨੀ ਦਿੱਤੀ ਹੈ। ਮਾਹਿਰ ਬੈਂਕਰ ਉਦੇ ਕੋਟਕ ਨੇ ਸੰਸਾਰਿਕ ਉਥਲ-ਪੁਥਲ ਲਈ ਤਿਆਰ ਰਹਿਣ ਲਈ ਕਿਹਾ ਹੈ। ਨਾਲ ਹੀ ਉਨ੍ਹਾਂ ਨੇ ਸੋਚ-ਸਮਝ ਕੇ ਖ਼ਰਚ ਅਤੇ ਇਨਵੈਸਟ ਕਰਨ ਦੀ ਗੱਲ ਕਹੀ ਹੈ। ਆਰਥਿਕ ਮੋਰਚੇ ’ਤੇ ਉਨ੍ਹਾਂ ਨੇ ਭਾਰੀ ਹਿਲਜੁੱਲ ਹੋਣ ਦੀ ਚਿਤਾਵਨੀ ਦਿੱਤੀ ਹੈ।

ਦੱਸ ਦੇਈਏ ਕਿ ਉਦੇ ਕੋਟਕ ਅਨੁਸਾਰ 90 ਡਾਲਰ ਪ੍ਰਤੀ ਬੈਰਲ ’ਤੇ ਕੱਚੇ ਤੇਲ ਦੀਆਂ ਕੀਮਤਾਂ ਨਾਲ ਮਹਿੰਗਾਈ ਦੇ ਲੰਬੇ ਸਮੇਂ ਤੱਕ ਵਧੇ ਰਹਿਣ ਦੀ ਸੰਭਾਵਨਾ ਹੈ। ਇਸ ਨਾਲ ਪੂਰੀ ਦੁਨੀਆ ’ਚ ਵਿਆਜ ਦਰਾਂ ਉੱਚੀਆਂ ਬਣੀਆਂ ਰਹਿ ਸਕਦੀਆਂ ਹਨ। ਭਾਰਤ ’ਚ ਵੀ ਅਜਿਹਾ ਹੀ ਰੁਝਾਨ ਰਹਿ ਸਕਦਾ ਹੈ। ਇਸ ਦੇ ਨਾਲ ਹੀ ਕੋਟਕ ਮਹਿੰਦਰਾ ਬੈਂਕ ਦੇ ਸੰਸਥਾਪਕ ਨੇ ਇਹ ਵੀ ਕਿਹਾ ਕਿ ਇਸ ਦੀ ਇਕ ਹੈਰਾਨੀਜਨਕ ਵਜ੍ਹਾ ਚੀਨ ’ਚ ਆਰਥਿਕ ਗਿਰਾਵਟ ਵੀ ਹੈ।

ਉਦੇ ਕੋਟਕ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਲਿਖਿਆ ਕਿ ਯੂ. ਐੱਸ. ਫੈੱਡਰਲ ਰਿਜ਼ਰਵ ਅਮਰੀਕਾ ’ਚ ਵਧਦੀ ਮਹਿੰਗਾਈ ਤੋਂ ਪ੍ਰੇਸ਼ਾਨ ਹੈ। ਇਹੀ ਕਾਰਨ ਹੈ ਕਿ ਸਾਰੀਆਂ ਉਮੀਦਾਵਾਂ ਦੇ ਬਾਵਜੂਦ ਫੈੱਡ ਰਿਜ਼ਰਵ ਨੇ ਵਿਆਜ ਦਰਾਂ ’ਚ ਕਟੌਤੀ ਨਹੀਂ ਕੀਤੀ ਹੈ। ਇਸ ਦਾ ਗਲੋਬਲ ਅਸਰ ਛੇਤੀ ਹੀ ਦਿਖਾਈ ਦੇਵੇਗਾ। ਉਦੇ ਕੋਟਕ ਅਨੁਸਾਰ ਅਜੇ ਸਾਰਿਆਂ ਕੋਲ ਸਿਰਫ਼ ਇਕ ਵਾਈਲਡ ਕਾਰਡ ਚੀਨ ਦਾ ਆਰਥਿਕ ਤੌਰ ’ਤੇ ਕਮਜ਼ੋਰ ਹੋਣਾ ਹੈ। ਅਜਿਹੇ ’ਚ ਗਲੋਬਲ ਹਿਲਜੁੱਲ ਲਈ ਸਾਨੂੰ ਸਾਰਿਆਂ ਨੂੰ ਤਿਆਰ ਹੋ ਜਾਣਾ ਚਾਹੀਦਾ।

ਕੋਟਕ ਦੀ ਟਿੱਪਣੀ ’ਤੇ ਅਜਿਹੇ ਸਮੇਂ ’ਚ ਆਈ ਹੈ, ਜਦ ਇਜ਼ਰਾਈਲ ਅਤੇ ਈਰਾਨ ਵਿਚਾਲੇ ਜ਼ਮੀਨੀ-ਸਿਆਸੀ ਤਣਾਅ ਅਤੇ ਸੰਸਾਰਿਕ ਸਪਲਾਈ ਝਟਕਿਆਂ ਦੇ ਕਾਰਨ ਬ੍ਰੈਂਟ ਕਰੂਡ ਦੀਆਂ ਕੀਮਤਾਂ ਲਗਭਗ 90 ਡਾਲਰ ’ਤੇ ਕਾਰੋਬਾਰ ਕਰ ਰਹੀ ਹੈ। ਮੈਕਸੀਕੋ ਵਰਗੇ ਕੁਝ ਉਤਪਾਦਕਾਂ ਨੇ ਕੱਚੇ ਤੇਲ ਦੀ ਬਰਾਮਦ ਵੀ ਘੱਟ ਕਰ ਦਿੱਤੀ ਹੈ। ਅਮਰੀਕਾ ਇਸ ਸਾਲ ਦੇ ਅਖੀਰ ’ਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਆਪਣੇ ਰਣਨੀਤਕ ਭੰਡਾਰ ਨੂੰ ਫਿਰ ਤੋਂ ਭਰਨਾ ਚਾਹੁੰਦਾ ਹੈ। ਜੋ ਯੂਕ੍ਰੇਨ ’ਤੇ ਰੂਸੀ ਹਮਲੇ ਦੌਰਾਨ ਅੰਸ਼ਕ ਤੌਰ ’ਤੇ ਖ਼ਤਮ ਹੋ ਗਏ ਸਨ। ਉਦੇ ਕੋਟਕ ਅਨੁਸਾਰ ਆਰ. ਬੀ. ਆਈ. ਵਿਆਜ ਦਰਾਂ ਨੂੰ ਸਥਿਰ ਰੱਖ ਕੇ ਮਹਿੰਗਾਈ ਨਾਲ ਲੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਮਾਲੀ ਸਾਲ 2025 ’ਚ ਭਾਰਤ ਦੀ ਜੀ. ਡੀ. ਪੀ. 7 ਫ਼ੀਸਦੀ ਦੀ ਦਰ ਨਾਲ ਅੱਗੇ ਵਧ ਸਕਦੀ ਹੈ।

Add a Comment

Your email address will not be published. Required fields are marked *