IPL 2024 : ਗੁਜਰਾਤ ਨੇ ਰੋਕਿਆ ਰਾਜਸਥਾਨ ਦਾ ਜੇਤੂ ਰੱਥ

ਰਾਜਸਥਾਨ ਦੇ ਸਵਾਈ ਮਾਨ ਸਿੰਘ ਸਟੇਡੀਅਮ ‘ਚ ਖੇਡੇ ਗਏ ਰਾਜਸਥਾਨ ਰਾਇਲਜ਼ ਅਤੇ ਗੁਜਰਾਤ ਟਾਈਟਨਸ ਦੇ ਆਈ.ਪੀ.ਐੱਲ. ਮੁਕਾਬਲੇ ‘ਚ ਰਾਜਸਥਾਨ ਨੇ ਬੇਹੱਦ ਰੋਮਾਂਚਕ ਅੰਦਾਜ਼ ‘ਚ ਆਖ਼ਰੀ ਪਲਾਂ ‘ਚ ਜਾ ਕੇ 3 ਵਿਕਟਾਂ ਨਾਲ ਮੁਕਾਬਲਾ ਆਪਣੇ ਨਾਂ ਕਰ ਲਿਆ ਹੈ। ਗੁਜਰਾਤ ਦੇ ਕਪਤਾਨ ਸ਼ੁੱਭਮਨ ਗਿੱਲ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਮਿਲਣ ‘ਤੇ ਰਾਜਸਥਾਨ ਰਾਇਲਜ਼ ਨੇ ਸੰਜੂ ਸੈਮਸਨ (68*) ਦੀ ਕਪਤਾਨੀ ਪਾਰੀ ਅਤੇ ਰਿਆਨ ਪਰਾਗ (76) ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ 20 ਓਵਰਾਂ ‘ਚ 3 ਵਿਕਟਾਂ ਗੁਆ ਕੇ 196 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ।

197 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਗੁਜਰਾਤ ਨੂੰ ਓਪਨਰ ਸਾਈ ਸੁਦਰਸ਼ਨ ਅਤੇ ਸ਼ੁੱਭਮਨ ਗਿੱਲ ਨੇ ਸ਼ਾਨਦਾਰ ਸ਼ੁਰੂਆਤ ਦਿਵਾਈ ਤੇ ਦੋਵਾਂ ਨੇ ਪਹਿਲੀ ਵਿਕਟ ਲਈ 8.2 ਓਵਰਾਂ ‘ਚ 64 ਦੌੜਾਂ ਦੀ ਸਾਂਝੇਦਾਰੀ ਕੀਤੀ। ਸਾਈ ਸੁਦਰਸ਼ਨ 29 ਗੇਂਦਾਂ ‘ਚ 3 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 35 ਦੌੜਾਂ ਬਣਾ ਕੇ ਕੁਲਦੀਪ ਸੇਨ ਦੀ ਗੇਂਦ ‘ਤੇ ਐੱਲ.ਬੀ.ਡਬਲਯੂ. ਆਊਟ ਹੋ ਗਿਆ। 

ਉਸ ਤੋਂ ਬਾਅਦ ਮੈਥਿਊ ਵੇਡ (4) ਅਤੇ ਅਭਿਨਵ ਮਨੋਹਰ (1) ਵੀ ਕੁਲਦੀਪ ਸੇਨ ਦੀਆਂ ਅੱਗ ਵਰ੍ਹਾਉਂਦੀਆਂ ਗੇਂਦਾਂ ‘ਤੇ ਕਲੀਨ ਬੋਲਡ ਹੋ ਗਏ। ਵਿਜੈ ਸ਼ੰਕਰ ਨੂੰ ਯੁਜਵਿੰਦਰ ਚਹਲ ਨੇ ਕਲੀਨ ਬੋਲਡ ਕੀਤਾ। ਚੰਗੀ ਲੈਅ ‘ਚ ਦਿਖ ਰਹੇ ਕਪਤਾਨ ਗਿੱਲ ਨੇ ਸ਼ਾਨਦਾਰ ਪਾਰੀ ਖੇਡੀ ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਸ ਪਾਰੀ ਦੌਰਾਨ ਉਨ੍ਹਾਂ ਨੇ ਆਪਣੇ ਆਈ.ਪੀ.ਐੱਲ. ਕਰੀਅਰ ‘ਚ 3000 ਦੌੜਾਂ ਦਾ ਅੰਕੜਾ ਵੀ ਪਾਰ ਕੀਤਾ। ਪਰ ਵਧ ਰਹੇ ਰਨ-ਰੇਟ ਦੇ ਦਬਾਅ ਹੇਠ ਆ ਕੇ ਉਹ ਵੀ 44 ਗੇਂਦਾਂ ‘ਚ 6 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 72 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ।

ਅੰਤ ‘ਚ ਸ਼ਾਹਰੁਖ਼ ਖ਼ਾਨ ਵੀ 8 ਗੇਂਦਾਂ ‘ਚ 14 ਦੌੜਾਂ ਬਣਾ ਕੇ ਆਵੇਸ਼ ਖ਼ਾਨ ਦੀ ਗੇਂਦ ‘ਤੇ ਐੱਲ.ਬੀ.ਡਬਲਯੂ. ਆਊਟ ਹੋ ਗਿਆ। ਹੁਣ ਗੁਜਰਾਤ ਦੀਆਂ ਸਾਰੀਆਂ ਉਮੀਦਾਂ ਰਾਹੁਲ ਤੇਵਤੀਆ ਅਤੇ ਰਾਸ਼ਿਦ ਖ਼ਾਨ ‘ਤੇ ਟਿਕੀਆਂ ਸਨ। ਪਰ ਰਾਜਸਥਾਨ ਦੇ ਗੇਂਦਬਾਜ਼ਾਂ ਨੇ ਉਨ੍ਹਾਂ ਨੂੰ ਹੱਥ ਖੋਲ੍ਹਣ ਦਾ ਮੌਕਾ ਨਹੀਂ ਦਿੱਤਾ। 

ਮੈਚ ‘ਚ ਸ਼ਾਨਦਾਰ ਗੇਂਦਬਾਜ਼ੀ ਕਰਨ ਵਾਲੇ ਕੁਲਦੀਪ ਸੇਨ ਦੇ 19ਵੇਂ ਓਵਰ ‘ਚ ਰਾਸ਼ਿਦ ਤੇ ਰਾਹੁਲ ਨੇ 20 ਦੌੜਾਂ ਬਣਾਈਆਂ। ਇਸ ਤੋਂ ਬਾਅਦ ਗੁਜਰਾਤ ਨੂੰ ਆਖ਼ਰੀ ਓਵਰ ‘ਚ ਜਿੱਤ ਲਈ 19 ਦੌੜਾਂ ਦੀ ਲੋੜ ਸੀ। ਦੋਵਾਂ ਨੇ ਤਾਬੜਤੋੜ ਬੱਲੇਬਾਜ਼ੀ ਜਾਰੀ ਰੱਖੀ ਤੇ ਮੈਚ ਨੂੰ ਆਪਣੇ ਹੱਥੋਂ ਜਾਣ ਨਹੀਂ ਦਿੱਤਾ। ਇਸ ਦੌਰਾਨ ਰਾਹੁਲ ਤੇਵਤੀਆ 11 ਗੇਂਦਾਂ ‘ਤੇ 22 ਦੌੜਾਂ ਬਣਾ ਕੇ ਰਨ ਆਊਟ ਹੋ ਗਿਆ। ਹੁਣ ਆਖ਼ਰੀ ਗੇਂਦ ‘ਤੇ ਟੀਮ ਨੂੰ 2 ਦੌੜਾਂ ਦੀ ਲੋੜ ਸੀ ਤਾਂ ਰਾਸ਼ਿਦ ਖ਼ਾਨ ਨੇ ਚੌਕਾ ਲਗਾ ਕੇ ਟੀਮ ਨੂੰ ਜਿੱਤ ਦਿਵਾ ਦਿੱਤੀ।

ਰਾਜਸਥਾਨ ਨੂੰ 5 ਮੈਚਾਂ ‘ਚ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਹੁਣ ਰਾਜਸਥਾਨ 5 ਮੈਚਾਂ ‘ਚੋਂ 4 ਜਿੱਤ ਕੇ 8 ਅੰਕਾਂ ਨਾਲ ਪੁਆਇੰਟ ਟੇਬਲ ‘ਚ ਪਹਿਲੇ ਸਥਾਨ ‘ਤੇ ਬਣੀ ਹੋਈ ਹੈ, ਜਦਕਿ ਗੁਜਰਾਤ ਇਸ ਮੈਚ ਤੋਂ ਬਾਅਦ 6 ਮੈਚਾਂ ‘ਚੋਂ 3 ਜਿੱਤਾਂ ਤੇ 3 ਹਾਰਾਂ ਨਾਲ 6 ਅੰਕ ਲੈ ਕੇ ਪੁਆਇੰਟ ਟੇਬਲ ‘ਚ 6ਵੇਂ ਸਥਾਨ ‘ਤੇ ਬਰਕਰਾਰ ਹੈ।

Add a Comment

Your email address will not be published. Required fields are marked *