ਪਾਕਿ ਨੇ 5ਵਾਂ ਤੇ ਆਖਰੀ ਟੀ-20 ਮੈਚ ਜਿੱਤਿਆ, ਨਿਊਜ਼ੀਲੈਂਡ ਕਲੀਨ ਸਵੀਪ ਤੋਂ ਖੁੰਝੀ

ਕ੍ਰਾਈਸਟਚਰਚ – ਇਫਤਿਖਾਰ ਅਹਿਮਦ ਦੇ ਆਲਰਾਊਂਡ ਪ੍ਰਦਰਸ਼ਨ ਦੀ ਬਦੌਲਤ ਪਾਕਿਸਤਾਨ ਐਤਵਾਰ ਨੂੰ ਇੱਥੇ 5ਵੇਂ ਤੇ ਆਖਰੀ ਟੀ-20 ਕੌਮਾਂਤਰੀ ਮੁਕਾਬਲੇ ਵਿਚ ਨਿਊਜ਼ੀਲੈਂਡ ਨੂੰ 42 ਦੌੜਾਂ ਨਾਲ ਹਰਾ ਕੇ ਲੜੀ ਵਿਚ ਕਲੀਨ ਸਵੀਪ ਹੋਣ ਤੋਂ ਬਚ ਗਿਆ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ’ਚ 8 ਵਿਕਟਾਂ ’ਤੇ 134 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ ਨੂੰ ਪਾਕਿਸਤਾਨ ਨੇ 17.2 ਓਵਰਾਂ ਵਿਚ 92 ਦੌੜਾਂ ’ਤੇ ਸਮੇਟ ਕੇ ਮੁਕਾਬਲਾ ਜਿੱਤ ਲਿਆ। ਪਾਕਿਸਤਾਨ ਦੀ ਇਸ ਜਿੱਤ ਵਿਚ ਸਪਿਨਰਾਂ ਵਲੋਂ ਲਈਆਂ 6 ਵਿਕਟਾਂ ਦਾ ਅਹਿਮ ਯੋਗਦਾਨ ਰਿਹਾ। ਇਫਤਿਖਾਰ ਅਹਿਮਦ ਨੂੰ ‘ਪਲੇਅਰ ਆਫ ਦਿ ਮੈਚ’ ਨਾਲ ਨਵਾਜਿਆ ਗਿਆ। ਉੱਥੇ ਹੀ, ਫਿਨ ਐਲਨ ਨੂੰ ‘ਪਲੇਅਰ ਆਫ ਦੀ ਸੀਰੀਜ਼’ ਐਵਾਰਡ ਮਿਲਿਆ।

135 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਸ਼ੁਰੂਆਤ ਵੀ ਖਰਾਬ ਰਹੀ ਤੇ ਉਸ ਨੇ ਦੂਜੇ ਹੀ ਓਵਰ ਵਿਚ ਸਲਾਮੀ ਬੱਲੇਬਾਜ਼ ਰਚਿਨ ਰਵਿੰਦਰ (1 ਦੌੜ) ਦੀ ਵਿਕਟ ਗੁਆ ਦਿੱਤੀ। 5ਵੇਂ ਓਵਰ ਵਿਚ ਫਿਨ ਐਲਨ 22 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ। ਉਸ ਨੂੰ ਜਮਾਨ ਖਾਨ ਨੇ ਹਸੀਬਉੱਲ੍ਹਾ ਖਾਨ ਹੱਥੋਂ ਕੈਚ ਆਊਟ ਕਰਵਾਇਆ। ਇਸ ਤੋਂ ਬਾਅਦ ਨਿਊਜ਼ੀਲੈਂਡ ਦੀਆਂ ਵਿਕਟਾਂ ਲਗਾਤਾਰ ਡਿੱਗਦੀਆਂ ਰਹੀਆਂ। ਟਿਮ ਸੀਫਰਟ 19 ਦੌੜਾਂ, ਵਿਲ ਯੰਗ 12 ਦੌੜਾਂ, ਗਲੇਨ ਫਿਲਿਪਸ ਨੇ 26 ਦੌੜਾਂ ਤੇ ਕਪਤਾਨ ਮਿਸ਼ੇਲ ਸੈਂਟਨਰ 4 ਦੌੜਾਂ ਬਣਾ ਕੇ ਆਊਟ ਹੋਏ। ਮੈਟ ਹੈਨਰੀ 1 ਦੌੜ, ਈਸ਼ ਸੋਢ 1 ਤੇ ਲਾਕੀ ਫਰਗਿਊਸਨ ਬਿਨਾਂ ਖਾਤਾ ਖੋਲ੍ਹੇ ਆਊਟ ਹੋਏ। ਟਿਮ ਸਾਊਥੀ 4 ਦੌੜਾਂ ਬਣਾ ਕੇ ਅਜੇਤੂ ਰਿਹਾ। ਨਿਊਜ਼ੀਲੈਂਡ ਦੇ 7 ਖਿਡਾਰੀ ਦਹਾਈ ਅੰਕ ਦੇ ਅੰਕੜੇ ਤਕ ਵੀ ਨਹੀਂ ਪਹੁੰਚ ਸਕੇ ਤੇ ਪੂਰੀ ਟੀਮ 17.2 ਓਵਰਾਂ ਵਿਚ 92 ਦੌੜਾਂ ਦੇ ਸਕੋਰ ’ਤੇ ਸਿਮਟ ਗਈ। ਪਾਕਿਸਤਾਨ ਵਲੋਂ ਇਫਤਿਖਾਰ ਅਹਿਮਦ ਨੇ 3 ਵਿਕਟਾਂ ਲਈਆਂ। ਕਪਤਾਨ ਸ਼ਾਹੀਨ ਤੇ ਨਵਾਜ ਨੇ 2-2 ਵਿਕਟਾਂ ਲਈਆਂ। ਜਮਾਨ ਖਾਨ ਤੇ ਮੀਰ ਨੇ ਇਕ-ਇਕ ਬੱਲੇਬਾਜ਼ ਨੂੰ ਆਊਟ ਕੀਤਾ।

ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਦੀ ਸ਼ੁਰੂਆਤ ਖਰਾਬ ਰਹੀ ਤੇ ਸਲਾਮੀ ਬੱਲੇਬਾਜ਼ ਹਸੀਬਉੱਲ੍ਹਾ ਖਾਨ ਬਿਨਾਂ ਕੋਈ ਦੌੜ ਬਣਾਏ ਪਹਿਲੇ ਹੀ ਓਵਰ ਵਿਚ ਆਊਟ ਹੋ ਗਿਆ। ਇਸ ਤੋਂ ਬਾਅਦ ਰਿਜਵਾਨ ਨੇ ਬਾਬਰ ਆਜ਼ਮ ਦੇ ਨਾਲ ਮਿਲ ਕੇ ਦੂਜੀ ਵਿਕਟ ਲਈ 53 ਦੌੜਾਂ ਦੀ ਸਾਂਝੇਦਾਰੀ ਕੀਤੀ। ਰਿਜਵਾਨ 38 ਦੌੜਾਂ ਤੇ ਬਾਬਰ 13 ਦੌੜਾਂ ਬਣਾ ਕੇ ਆਊਟ ਹੋਏ। ਮੁਹੰਮਦ ਨਵਾਜ 1 ਦੌੜ, ਇਫਤਿਖਾਰ ਅਹਿਮਦ 5 ਦੌੜਾਂ, ਸਾਹਿਬਜ਼ਾਦਾ ਫਰਹਾਨ 19 ਦੌੜਾਂ, ਸ਼ਾਹੀਨ ਅਫਰੀਦੀ 1 ਦੌੜ ਬਣਾ ਕੇ ਪੈਵੇਲੀਅਨ ਪਰਤ ਗਏ। ਅੱਬਾਸ ਅਫਰੀਦੀ 14 ਦੌੜਾਂ ਤੇ ਉਸਾਮਾ ਮੀਰ 1 ਦੌੜ ਬਣਾ ਕੇ ਅਜੇਤੂ ਰਹੇ। ਨਿਊਜ਼ੀਲੈਂਡ ਵਲੋਂ ਟਿਮ ਸਾਊਥੀ, ਮੈਟ ਹੈਨਰੀ, ਲਾਕੀ ਫਰਗਿਊਸਨ ਤੇ ਈਸ਼ ਸੋਢੀ ਨੇ 2-2 ਬੱਲੇਬਾਜ਼ਾਂ ਨੂੰ ਆਊਟ ਕੀਤਾ।

Add a Comment

Your email address will not be published. Required fields are marked *