ਗਊ ਮਾਸ ਖਾਣ ਦੇ ਦੋਸ਼ਾਂ ’ਤੇ ਆਹਮੋ-ਸਾਹਮਣੇ ਹੋਏ ਕੰਗਨਾ ਰਣੌਤ ਤੇ ਵਿਕਰਮਾਦਿੱਤਿਆ

ਮੁੰਬਈ – ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਤੋਂ ਭਾਜਪਾ ਦੀ ਉਮੀਦਵਾਰ ਤੇ ਬਾਲੀਵੁੱਡ ਅਭਿਨੇਤਰੀ ਕੰਗਨਾ ਰਾਣੌਤ ਅਤੇ ਹਿਮਾਚਲ ਪ੍ਰਦੇਸ਼ ਦੇ ਕੈਬਨਿਟ ਮੰਤਰੀ ਵਿਕਰਮਾਦਿੱਤਿਆ ਗਊ ਮਾਸ ਦੇ ਮੁੱਦੇ ’ਤੇ ਆਹਮੋ-ਸਾਹਮਣੇ ਹੋ ਗਏ ਹਨ। ਵਿਕਰਮਾਦਿੱਤਿਆ ਵੱਲੋਂ ਕੰਗਨਾ ’ਤੇ ਗਊ ਮਾਸ ਖਾਣ ਦੇ ਲਾਏ ਗਏ ਦੋਸ਼ਾਂ ’ਤੇ ਹਿਮਾਚਲ ਦੀ ਸਿਆਸਤ ਵੀ ਗਰਮਾਈ ਹੋਈ ਹੈ ਅਤੇ ਕੰਗਨਾ ਤੇ ਵਿਕਰਮਾਦਿੱਤਿਆ ਦੇ ਸਮਰਥਕ ਇਸ ਮਾਮਲੇ ’ਚ ਇਕ-ਦੂਜੇ ਖਿਲਾਫ ਹਮਲੇ ਬੋਲ ਰਹੇ ਹਨ। ਇਸ ਵਿਚਾਲੇ ਕੰਗਨਾ ਦੀਆਂ ਪੁਰਾਣੀਆਂ ਇੰਟਰਵਿਊਜ਼ ਵੀ ਵਾਇਰਲ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿਚ ਉਹ ਮਾਸਾਹਾਰੀ ਹੋਣ ਦੀ ਗੱਲ ਕਹਿ ਰਹੀ ਹੈ। ਹਾਲਾਂਕਿ ਵੀਡੀਓਜ਼ ਦੀ ਸੱਚਾਈ ਦੀ ਪੁਸ਼ਟੀ ਨਹੀਂ ਹੋ ਸਕੀ।

ਵਿਕਰਮਾਦਿੱਤਿਆ ਸਿੰਘ ਨੇ ਬਿਨਾਂ ਨਾਂ ਲਏ ਕੰਗਨਾ ਨੂੰ ਇਸ ਮੁੱਦੇ ’ਤੇ ਘੇਰਦਿਆਂ ਆਪਣੇ ਫੇਸਬੁੱਕ ਪੇਜ ’ਤੇ ਲਿਖਿਆ ਸੀ ਕਿ–‘‘ਹਿਮਾਚਲ ਦੇਵੀ-ਦੇਵਤਿਆਂ ਦਾ ਪਵਿੱਤਰ ਸਥਾਨ ਹੈ, ਦੇਵਭੂਮੀ ਹੈ। ਇੱਥੇ ਗਊ ਮਾਸ ਖਾਣ ਵਾਲੇ ਚੋਣ ਲੜਨ, ਇਹ ਇੱਥੋਂ ਦੀ ਸੰਸਕ੍ਰਿਤੀ ਲਈ ਚਿੰਤਾ ਦਾ ਵਿਸ਼ਾ ਹੈ, ਜਿਸ ਦਾ ਸਿਆਸਤ ਨਾਲ ਕੋਈ ਸਰੋਕਾਰ ਨਹੀਂ।’’ ਵਿਕਰਮਾਦਿੱਤਿਆ ਦੇ ਦੋਸ਼ਾਂ ’ਤੇ ਕੰਗਨਾ ਨੇ ਕਿਹਾ,‘‘ਮੈਂ ਬੀਫ ਜਾਂ ਕਿਸੇ ਹੋਰ ਤਰ੍ਹਾਂ ਦਾ ਰੈੱਡ ਮੀਟ ਨਹੀਂ ਖਾਂਦੀ। ਇਹ ਕਾਫੀ ਨਿੰਦਣਯੋਗ ਹੈ ਕਿ ਮੇਰੇ ਖਿਲਾਫ ਬਿਨਾਂ ਸਿਰ-ਪੈਰ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਮੈਂ ਕਈ ਸਾਲਾਂ ਤੋਂ ਯੋਗ ਤੇ ਆਯੁਰਵੇਦ ਦਾ ਸਮਰਥਨ ਤੇ ਪ੍ਰਮੋਸ਼ਨ ਕਰ ਰਹੀ ਹਾਂ। ਹੁਣ ਮੇਰੀ ਇਮੇਜ ਖਰਾਬ ਕਰਨ ਲਈ ਅਜਿਹੀ ਰਣਨੀਤੀ ਦਾ ਕੋਈ ਅਸਰ ਨਹੀਂ ਹੋਵੇਗਾ। ਮੇਰੇ ਲੋਕ ਜਾਣਦੇ ਹਨ ਕਿ ਮੈਂ ਇਕ ਪ੍ਰਾਊਡ ਹਿੰਦੂ ਹਾਂ। ਉਨ੍ਹਾਂ ਨੂੰ ਕੋਈ ਗੁੰਮਰਾਹ ਨਹੀਂ ਕਰ ਸਕਦਾ ਹੈ। ਜੈ ਸ਼੍ਰੀ ਰਾਮ।’’

ਵਰਣਨਯੋਗ ਹੈ ਕਿ ਮੰਡੀ ਲੋਕ ਸਭਾ ਸੀਟ ਤੋਂ ਕੰਗਨਾ ਦੇ ਸਾਹਮਣੇ ਵਿਕਰਮਾਦਿੱਤਿਆ ਨੂੰ ਕਾਂਗਰਸ ਵੱਲੋਂ ਉਤਾਰਿਆ ਜਾ ਰਿਹਾ ਹੈ। ਪ੍ਰਤਿਭਾ ਸਿੰਘ ਨੇ ਇਕ ਨਿਊਜ਼ ਚੈਨਲ ਨਾਲ ਇੰਟਰਵਿਊ ’ਚ ਇਹ ਗੱਲ ਕਹੀ। ਵਿਕਰਮਾਦਿੱਤਿਆ ਪਹਿਲੀ ਵਾਰ ਲੋਕ ਸਭਾ ਚੋਣ ਲੜਨਗੇ। ਮੰਡੀ ਲੋਕ ਸਭਾ ਸੀਟ ’ਤੇ ਵਿਕਰਮਾਦਿੱਤਿਆ ਦੀ ਮਾਤਾ ਪ੍ਰਤਿਭਾ ਸਿੰਘ 2 ਵਾਰ ਸੰਸਦ ਮੈਂਬਰ ਰਹੀ ਹੈ। ਉਹ ਮੌਜੂਦਾ ਸਮੇਂ ’ਚ ਵੀ ਸੰਸਦ ਮੈਂਬਰ ਹੈ।

ਕੰਗਨਾ ਰਾਣੌਤ ਨੇ ਟਿਕਟ ਮਿਲਣ ਤੋਂ ਬਾਅਦ ਮੰਡੀ ਜ਼ਿਲੇ ’ਚ 6 ਦਿਨ ਤਕ ਪ੍ਰਚਾਰ ਕੀਤਾ ਅਤੇ ਉਸ ਤੋਂ ਬਾਅਦ ਕੁਝ ਦਿਨਾਂ ਲਈ ਮੁੰਬਈ ਗਈ ਹੈ। ਕੰਗਨਾ ਨੇ ਆਪਣੇ ਘਰ ਮੰਡੀ ਦੇ ਭਾਂਬਲਾ ਤੋਂ ਪ੍ਰਚਾਰ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਉਹ ਮੰਡੀ ਸ਼ਹਿਰ, ਕਰਸੋਗ, ਦਰੰਗ, ਸੁੰਦਰਨਗਰ ਸਮੇਤ ਹੋਰ ਥਾਵਾਂ ’ਤੇ ਪ੍ਰਚਾਰ ਲਈ ਗਈ ਸੀ। ਹੁਣ 5 ਦਿਨਾਂ ਬਾਅਦ ਮੁੜ ਕੰਗਨਾ ਮੁੰਬਈ ਤੋਂ ਮੰਡੀ ਵਾਪਸ ਜਾਵੇਗੀ।

Add a Comment

Your email address will not be published. Required fields are marked *