ਜਰਮਨ ਦੀ ਗੋਰੀ ਨੇ ਪੰਜਾਬੀ ਮੁੰਡੇ ਨਾਲ ਕਰਵਾਇਆ ਵਿਆਹ

ਟਾਂਡਾ ਉੜਮੁੜ : ਪੰਜਾਬੀਆਂ ਨੇ ਆਪਣੀ ਚੰਗੀ ਸੋਚ ਅਤੇ ਚੰਗਿਆਈ ਦੇ ਚੱਲਦਿਆਂ ਵਿਸ਼ਵ ਭਰ ਵਿਚ ਜਿੱਥੇ ਚੰਗਾ ਨਾਮਣਾ ਖੱਟਿਆ ਹੈ, ਉੱਥੇ ਹੀ ਪੰਜਾਬੀਆਂ ਦੀ ਦਰਿਆ ਦਿਲੀ ਲਈ ਵਿਦੇਸ਼ਾਂ ਦੇ ਲੋਕ ਪੰਜਾਬੀਆਂ ਵੱਲ ਆਕਰਸ਼ਿਤ ਹੋ ਰਹੇ ਹਨ। ਕੁਝ ਇਸੇ ਤਰ੍ਹਾਂ ਦਾ ਹੀ ਮਾਮਲਾ ਹੈ ਪਿੰਡ ਨੱਥੂਪੁਰ ਦੇ ਜਰਮਨ ਵਿਚ ਵਸੇ ਇਕ ਪੰਜਾਬੀ ਦਾ। ਜਿਸ ਦੀ ਚੰਗਿਆਈ ਤੇ ਪੰਜਾਬੀ ਦਿੱਖ ਤੋਂ ਪ੍ਰਭਾਵਿਤ ਹੋ ਇਕ ਗੋਰੀ ਕੁੜੀ ਨੇ ਪੰਜਾਬੀ ਸੱਭਿਆਚਾਰ ਤੇ ਗੁਰ-ਮਰਿਆਦਾ ਨੂੰ ਅਪਣਾਉਂਦੇ ਹੋਏ ਇਕ ਪੰਜਾਬੀ ਨਾਲ ਵਿਆਹ ਕਰਵਾਇਆ ਹੈ।

ਵਿਦੇਸ਼ ਜਰਮਨ ਤੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਨੱਥੂਪੁਰ ਵਿਚ ਆਈ ਈਸਾਬੇਲ ਪੁੱਤਰੀ ਬੇਰਨਹਾਰਡ ਦਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਗੁਰਪ੍ਰੀਤ ਸਿੰਘ ਮੁਲਤਾਨੀ ਜਰਮਨ ਪੁੱਤਰ ਭੁਪਿੰਦਰ ਸਿੰਘ ਨਾਲ ਪੂਰਨ ਗੁਰ-ਮਰਿਆਦਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਆਨੰਦ ਕਾਰਜ ਹੋਇਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਜਸਵੀਰ ਸਿੰਘ ਨੇ ਪੂਰਨ ਗੁਰ-ਮਰਿਆਦਾ ਅਨੁਸਾਰ ਆਨੰਦ ਕਾਰਜ ਹੋਣ ਉਪਰੰਤ ਸੁਭਾਗੇ ਜੋੜੇ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕੀਤੀ।

ਉੱਥੇ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਹਿੰਦਰ ਸਿੰਘ ਤੇ ਹੋਰਨਾ ਸੇਵਾਦਾਰਾਂ ਨੇ ਵਿਆਹੇ ਜੋੜੇ ਨੂੰ ਆਪਣਾ ਆਸ਼ੀਰਵਾਦ ਦਿੱਤਾ। ਇਸ ਮੌਕੇ ਪ੍ਰਧਾਨ ਮਹਿੰਦਰ ਸਿੰਘ ਨੇ ਕਿਹਾ ਕਿ ਸਮੁੱਚੇ ਪਿੰਡ ਅਤੇ ਪਰਿਵਾਰ ਵਾਸਤੇ ਮਾਣ ਤੇ ਖੁਸ਼ੀ ਵਾਲੀ ਗੱਲ ਹੈ ਕਿ ਪੰਜਾਬੀਆਂ ਦੀ ਚੰਗਿਆਈ ਅਤੇ ਦਿੱਖ ਤੋਂ ਪ੍ਰਭਾਵਿਤ ਹੋ ਕੇ ਗੋਰੇ ਵੀ ਪੰਜਾਬ ਦੇ ਮਹਾਨ ਸੱਭਿਆਚਾਰ ਤੇ ਵਿਰਸੇ ਨਾਲ ਜੁੜ ਰਹੇ ਹਨ। ਇਸ ਮੌਕੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਵੀ ਮੌਜੂਦ ਸਨ।

Add a Comment

Your email address will not be published. Required fields are marked *