ਗੁਰਦੁਆਰਾ ਸਿੱਖ ਟੈਂਪਲ ਐਡਮਿੰਟਨ ਦੇ ਪ੍ਰਧਾਨ ਦਾ ਗੋਲੀਆਂ ਮਾਰ ਕੇ ਕਤਲ

ਸਰੀ (ਬਿਊਰੋ)- ਕੈਨੇਡਾ ਦੇ ਐਡਮਿੰਟਨ ਦੇ ਇੱਕ ਨਾਮੀ ਬਿਲਡਰ ਅਤੇ ਗੁਰਦੁਆਰਾ ਸਿੱਖ ਟੈਂਪਲ ਦੇ ਪ੍ਰਧਾਨ ਬੂਟਾ ਸਿੰਘ ਗਿੱਲ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਘਟਨਾ ਮ੍ਰਿਤਕ ਬੂਟਾ ਸਿੰਘ ਗਿੱਲ, ਜਿਸਦਾ ਪਿਛਲਾ ਪਿੰਡ ਲਾਂਧੜਾ (ਨੇੜੇ ਫਿਲੌਰ) ਹੈ, ਦੇ ਕਾਰੋਬਾਰ ਨਾਲ ਜੁੜੀ ਇੱਕ ਕੰਸਟ੍ਰਕਸ਼ਨ ਸਾਈਟ ‘ਤੇ ਵਾਪਰੀ ਦੱਸੀ ਜਾ ਰਹੀ ਹੈ ਜੋ ਮਿਲਵੁੱਡ ਰਿੱਕ ਸੈਂਟਰ ਦੇ ਨੇੜੇ ਸਥਿੱਤ ਹੈ। ਮਿਲੀਆਂ ਖ਼ਬਰਾਂ ਅਨੁਸਾਰ ਹਮਲਾਵਰ ਨਿੱਕ ਧਾਲੀਵਾਲ ਵੀ ਕੰਸਟ੍ਰਕਸ਼ਨ ਦੇ ਕਿੱਤੇ ਨਾਲ ਬਤੌਰ ‘ਰੂਫਰ’ ਜੁੜਿਆ ਹੋਇਆ ਸੀ। ਇਸ ਘਟਨਾ ਦਾ ਤੀਜਾ ਸ਼ਿਕਾਰ ਸਰਬਜੀਤ ਸਿੰਘ ਦੱਸਿਆ ਗਿਆ ਹੈ ਜੋ ਇੱਕ ਸਿਵਲ ਇੰਜਨੀਅਰ ਹੈ ਜੋ ਗੰਭੀਰ ਜ਼ਖ਼ਮੀ ਹਾਲਤ ਵਿਚ ਜ਼ਿੰਦਗੀ ਅਤੇ ਮੌਤ ਵਿਚਾਲੇ ਲੜਾਈ ਲੜ ਰਿਹਾ ਹੈ।

ਸੂਤਰਾਂ ਮੁਤਾਬਕ ਤਿੰਨੋਂ ਵਿਅਕਤੀ ਕੰਸਟ੍ਰਕਸ਼ਨ ਸਾਈਟ ‘ਤੇ ਮੌਜੂਦ ਸਨ, ਜਦੋਂ ਗਿੱਲ ਅਤੇ ਧਾਲੀਵਾਲ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਬਹਿਸਬਾਜ਼ੀ ਹੋ ਗਈ, ਜਿਸ ਮਗਰੋਂ ਧਾਲੀਵਾਲ ਨੇ ਆਪਣੀ ਪਿਸਤੌਲ ਕੱਢੀ ਅਤੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਧਾਲੀਵਾਲ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਇੰਜਨੀਅਰ ਸਰਬਜੀਤ ਸਿੰਘ ਜ਼ਖ਼ਮੀ ਹੋ ਗਿਆ। ਸੂਤਰਾਂ ਅਨੁਸਾਰ ਘਟਨਾ ਉਪਰੰਤ ਨਿੱਕ ਧਾਲੀਵਾਲ ਨੇ ਖੁਦ ਨੂੰ ਵੀ ਗੋਲੀ ਮਾਰ ਲਈ ਅਤੇ ਮੌਕੇ ‘ਤੇ ਹੀ ਮਾਰਿਆ ਗਿਆ।

ਭਾਵੇਂ ਫਿਲਹਾਲ ਝਗੜੇ ਦਾ ਕੋਈ ਸਪਸ਼ਟ ਕਾਰਨ ਸਾਹਮਣੇ ਨਹੀਂ ਆਇਆ ਪਰ ਚਰਚਾਵਾਂ ਦਾ ਦੌਰ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਗੁਰਦੁਆਰਾ ਸਾਹਿਬ ਦਾ ਗਿੱਲ ਪ੍ਰਧਾਨ ਸੀ ਉਹ ਖਾਲਿਸਤਾਨੀ ਲਹਿਰ ਦੀਆਂ ਸੰਚਾਲਕ ਸੰਸਥਾਵਾਂ ਵਿੱਚ ਮੋਹਰੀ ਕਰਕੇ ਜਾਣਿਆ ਜਾਂਦਾ ਹੈ। ਹੁਣ ਦੋਵੇਂ ਮ੍ਰਿਤਕਾਂ ਵਿਚਕਾਰ ਝਗੜੇ ਦਾ ਕਾਰਨ ਖਾਲਿਸਤਾਨੀ ਲਹਿਰ ਦੀ ਸਿਆਸਤ ਬਣੀ ਹੈ ਜਾਂ ਕੋਈ ਕਾਰੋਬਾਰੀ ਲੈਣ-ਦੇਣ ਇਹ ਜਾਂਚ ਦਾ ਵਿਸ਼ਾ ਹੈ। ਸੂਤਰ ਇਹ ਵੀ ਦੱਸਦੇ ਹਨ ਕਿ ਮਰਹੂਮ ਗਿੱਲ ਨੇ ਇਸ ਤੋਂ ਪਹਿਲਾਂ 2-3 ਵਾਰ ਫਿਰੌਤੀਆਂ ਮੰਗੇ ਜਾਣ ਬਾਰੇ ਪੁਲਸ ਰਿਪੋਰਟ ਵੀ ਕੀਤੀ ਸੀ। ਪੁਲਸ ਨੇ ਮਾਮਲਾ ਆਪਣੇ ਹੱਥਾਂ ਵਿੱਚ ਲੈ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। 

ਜ਼ਿਕਰਯੋਗ ਹੈ ਕਿ ਐਡਮਿੰਟਨ ਦੇ ਕੁਝ ਹੋਰ ਬਿਲਡਰਾਂ ਨੂੰ ਫਿਰੌਤੀ ਦੀਆਂ ਧਮਕੀਆਂ ਮਿਲਦੀਆਂ ਰਹੀਆਂ ਹਨ ਅਤੇ ਸ਼ਹਿਰ ਵਿੱਚ ਨਵੇਂ ਬਣਨ ਵਾਲੇ ਕੁਝ ਘਰਾਂ ਨੂੰ ਅੱਗ ਦੇ ਹਵਾਲੇ ਕੀਤੇ ਜਾਣ ਦੀਆਂ ਘਟਨਾਵਾਂ ਵੀ ਵਾਪਰੀਆਂ ਹਨ। ਇਸ ਘਟਨਾ ਨਾਲ ਇਲਾਕੇ ਅਤੇ ਭਾਈਚਾਰੇ ਵਿੱਚ ਸੋਗ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਭਾਈਚਾਰੇ ਦੀਆਂ ਪ੍ਰਮੁੱਖ ਸਖਸ਼ੀਅਤਾਂ ਮੈਂਬਰ ਪਾਰਲੀਮੈਂਟ ਟਿਮ ਉੱਪਲ, ਸ਼ਹਿਰ ਦੇ ਮੇਅਰ ਅਮਰਜੀਤ ਸਿੰਘ ਸੋਹੀ, ਰੇਡੀਓ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਮਨਿੰਦਰ ਗਿੱਲ ਅਤੇ ਗੁਰਸ਼ਰਨ ਸਿੰਘ ਬੁੱਟਰ ਨੇ ਇਸ ਘਟਨਾ ਨੂੰ ਭਾਈਚਾਰੇ ਲਈ ਮੰਦਭਾਗਾ ਦੱਸਦਿਆਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Add a Comment

Your email address will not be published. Required fields are marked *