ਮੂਸੇਵਾਲਾ ਦੇ ਗੀਤ ‘ਤੇ ਹੋਇਆ ਬੱਚੇ ਦਾ ਆਪਰੇਸ਼ਨ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਵੀ ਉਸ ਨੂੰ ਚਾਹੁਣ ਵਾਲਿਆਂ ਦੀ ਗਿਣਤੀ ਘਟੀ ਨਹੀਂ। ਅੱਜ ਵੀ ਸਿੱਧੂ ਦੇ ਗੀਤਾਂ ਦਾ ਕਰੇਜ਼ ਲੋਕਾਂ ‘ਚ ਵੇਖਣ ਨੂੰ ਮਿਲ ਰਿਹਾ ਹੈ। ਹਾਲ ਹੀ ‘ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ, ਜਿਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਦਰਅਸਲ, ਸੋਸ਼ਲ ਮੀਡੀਆ ‘ਤੇ ਲੁਧਿਆਣਾ ਦੇ ਜਗਰਾਓਂ ਸ਼ਹਿਰ ਤੋਂ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ‘ਚ ਮੂਸੇਵਾਲਾ ਦਾ ਗੀਤ ਵਜਾ ਕੇ ਡਾਕਟਰਾਂ ਨੇ ਬੱਚੇ ਦੀ ਲੱਤ ‘ਤੇ ਪਲਾਸਤਰ ਕੀਤਾ। ਇਸ ਦੌਰਾਨ ਬੱਚਾ ਗੀਤ ‘ਤੇ ਝੂਮਦਾ ਨਜ਼ਰ ਆ ਰਿਹਾ ਹੈ। ਡਾਕਟਰ ਨੇ ‘ਜੱਟ ਦੀ ਮਾਸ਼ੂਕ ਬੀਬਾ ਰਸ਼ੀਆ ਤੋਂ’ ਚਲਾਇਆ ਤਾਂ ਬੱਚੇ ਨਾਲ ਸਟਾਫ਼ ਵੀ ਨੱਚਣ ਲੱਗ ਪਿਆ।

ਜਗਰਾਉਂ ਦੇ ਸੁਖਵੀਨ ਹਸਪਤਾਲ ਦੇ ਆਰਥੋਪੀਡਿਕ ਮਾਹਿਰ ਡਾਕਟਰ ਦਿਵਯਾਂਸ਼ੂ ਗੁਪਤਾ ਨੇ ਦੱਸਿਆ ਕਿ ਹਾਦਸੇ ‘ਚ ਜ਼ਖ਼ਮੀ ਹੋਏ ਬੱਚੇ ਦਾ ਨਾਂ ਸੁਖਦਰਸ਼ਨ ਹੈ। ਉਸ ਦੀ ਮਾਂ ਦਾ ਦਿਹਾਂਤ ਹੋ ਗਿਆ ਸੀ, ਜਿਸ ਦਾ ਪਿਤਾ ਗੁਰਪ੍ਰੇਮ ਸਿੰਘ ਅਪਾਹਜ ਹੈ। ਬੱਚੇ ਦਾ ਪੈਰ ਕਾਰ ਦੇ ਹੇਠਾਂ ਆ ਗਿਆ ਸੀ। ਦਾਦੀ ਬੱਚੇ ਨੂੰ ਸਿਵਲ ਹਸਪਤਾਲ ਜਗਰਾਉਂ ਲੈ ਕੇ ਗਈ, ਜਿੱਥੋਂ ਡਾਕਟਰਾਂ ਨੇ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ। ਇਸ ਤੋਂ ਬਾਅਦ ਦਾਦੀ ਨੇ ਬੱਚੇ ਨੂੰ ਹੈਲਪਿੰਗ ਹੈੱਡ ਸੁਸਾਇਟੀ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਮਦਦ ਕੀਤੀ। ਦੱਸਿਆ ਜਾ ਰਿਹਾ ਹੈ ਕਿ ਬੱਚਾ ਪੈਰ ਦਾ ਆਪ੍ਰੇਸ਼ਨ ਕਰਵਾਉਣ ਤੋਂ ਪਹਿਲਾਂ ਕਾਫ਼ੀ ਡਰ ਰਿਹਾ ਸੀ। ਉਸ ਦਾ ਡਰ ਦੂਰ ਕਰਨ ਲਈ ਮੂਸੇਵਾਲਾ ਦਾ ਗੀਤ ਚਲਾਇਆ ਗਿਆ। ਹਾਲਾਂਕਿ ਹੁਣ ਬੱਚਾ ਤੰਦਰੁਸਤ ਹੈ ਤੇ  ਉਹ ਕੁਝ ਦਿਨਾਂ ‘ਚ ਤੁਰਨਾ ਵੀ ਸ਼ੁਰੂ ਕਰ ਦੇਵੇਗਾ।

ਨਿੱਕੇ ਸਿੱਧੂ ਦੇ ਜਨਮ ਦੀ ਖ਼ੁਸ਼ੀ ‘ਚ ਸ਼ੁਕਰਾਨਾ ਕਰਨ ਲਈ ਬੀਤੇ ਦਿਨੀਂ ਮਾਨਸਾ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਬਾਪੂ ਬਲਕੌਰ ਸਿੰਘ ਨੇ ਸਿੱਧੂ ਦੇ ਚਾਹੁਣ ਵਾਲਿਆਂ ਨਾਲ ਭੰਗੜਾ ਪਾ ਕੇ ਖ਼ੁਸ਼ੀ ਸਾਂਝੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ‘ਚ ਲੱਡੂ ਵੀ ਵੰਡੇ। ਮਾਨਸਾ ਦੇ ਕਲਾਕਾਰ ਪਾਲ ਸਿੰਘ ਸਮਾਉਂ ਵੱਲੋਂ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਕੀਰਤਨ ਦਰਬਾਰ ਕਰਵਾਇਆ ਗਿਆ, ਜਿਸ ‘ਚ ਸਿੱਧੂ ਦੇ ਪਿਤਾ ਬਲਕੌਰ ਸਿੰਘ ਉਚੇਚੇ ਤੌਰ ‘ਤੇ ਪਹੁੰਚੇ। ਇਸ ਦੌਰਾਨ ਜਿੱਥੇ ਫਾਰਚੂਨਰ 0008 ਵਾਲਾ ਕੇਕ ਕੱਟਿਆ ਗਿਆ, ਉੱਥੇ ਹੀ ਪਾਲ ਸਿੰਘ ਸਮਾਉਂ ਨੇ ਤਕਰੀਬਨ 2 ਸਾਲ ਬਾਅਦ ਪੈਰੀਂ ਜੁੱਤੀ ਪਾਈ। ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਹੱਥੀਂ ਪਾਲ ਸਮਾਉਂ ਦੇ ਪੈਰਾਂ ‘ਚ ਜੁੱਤੀ ਪਾਈ। ਉਸ ਨੇ ਸਹੁੰ ਚੁੱਕੀ ਸੀ ਕਿ ਜਦੋਂ ਤਕ ਸਿੱਧੂ ਦੀ ਹਵੇਲੀ ਖ਼ੁਸ਼ੀਆਂ ਨਹੀਂ ਪਰਤਦੀਆਂ, ਉਹ ਪੈਰੀਂ ਜੁੱਤੀ ਨਹੀਂ ਪਾਵੇਗਾ।

ਦੱਸਣਯੋਗ ਹੈ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ IVF ਤਕਨੀਕ ਨਾਲ 17 ਮਾਰਚ ਨੂੰ ਬਠਿੰਡਾ ਦੇ ਇਕ ਹਸਪਤਾਲ ‘ਚ ਬੱਚੇ ਨੂੰ ਜਨਮ ਦਿੱਤਾ ਸੀ। ਇਸ ਦੇ ਨਾਲ ਹੀ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਇਹ ਵੀ ਐਲਾਨ ਕੀਤਾ ਸੀ ਕਿ ਨਵਜੰਮੇ ਬੱਚੇ ਦਾ ਨਾਂ ਵੀ ਸ਼ੁੱਭਦੀਪ ਸਿੰਘ ਸਿੱਧੂ ਹੀ ਰੱਖਿਆ ਜਾਵੇਗਾ, ਕਿਉਂਕਿ ਉਹ ਸਾਡੇ ਸਾਰਿਆਂ ਲਈ ਅਜਿਹਾ ਹੀ ਹੈ ਜਿਵੇਂ ਸ਼ੁੱਭਦੀਪ ਹੀ ਵਾਪਸ ਮੁੜ ਕੇ ਆਇਆ ਹੈ। 

Add a Comment

Your email address will not be published. Required fields are marked *