‘ਸਿੱਖ ਵਲੰਟੀਅਰਜ਼ ਆਸਟ੍ਰੇਲੀਆ’ ਵਲੋਂ ਕਰਵਾਏ ਵਿਸਾਖੀ ਸਮਾਗਮ ‘ਚ ਆਸਟ੍ਰੇਲੀਆਈ PM ਹਾਜ਼ਰ

ਮੈਲਬੋਰਨ – ਸਿੱਖ ਵਲੰਟੀਅਰਜ਼ ਆਸਟ੍ਰੇਲੀਆ ਸੰਸਥਾ ਦੀ 10ਵੀਂ ਵਰੇਂ ਗੰਢ ਮੌਕੇ , ਖਾਲਸੇ ਦੇ ਸਾਜਨਾ ਦਿਵਸ ਵਿਸਾਖੀ ਨੂੰ ਸਮਰਪਿਤ ਮੈਲਬੌਰਨ ਸ਼ਹਿਰ ਵਿੱਚ ਬੁੰਜਲ ਪਲੇਸ ਨਾਰੇਵਰਨ ਵਿੱਖੇ ਸਮਾਗਮ ਕਰਵਾਇਆ ਗਿਆ। ਇਸ ਵਿੱਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਨਥਨੀ ਐਲਬਨੀਜ਼ ਅਤੇ ਵਿਕਟੋਰੀਆ ਸੂਬੇ ਦੀ ਪ੍ਰੀਮੀਅਰ ਬੀਬੀ ਜਸਿੰਟਾ ਐਲਨ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ । ਕੇਸਰੀ ਦਸਤਾਰ ਸਜਾਈ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦੌਰਾਨ ਸਿੱਖ ਭਾਈਚਾਰੇ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਦੀ ਪ੍ਰਸ਼ੰਸ਼ਾਂ ਕਰਦਿਆ ਕਿਹਾ ਕਿ ਸਿੱਖਾਂ ਨੇ ਸਾਰੇ ਭਾਈਚਾਰਿਆਂ ਤੋਂ ਬਿਹਤਰ ਅੱਗੇ ਹੋ ਕੇ ਹਰ ਮੁਸੀਬਤ ਦੀ ਘੜੀ ਵਿੱਚ ਆਸਟ੍ਰੇਲੀਆ ਦੇ ਲੋਕਾਂ ਦੀ ਮਦਦ ਕੀਤੀ ਹੈ ।ਉਹਨਾਂ ਕਿਹਾ ਕਿ ਸਿੱਖ ਭਾਈਚਾਰੇ ਨੇ ਹੜ੍ਹ , ਅੱਗ, ਕਰੋਨਾ ਆਦਿਕ  ਕੁਦਰਤੀ ਕਰੋਪੀਆਂ ਵੇਲੇ ਨਿਸ਼ਕਾਮ ਸੇਵਾ ਕਰਦਿਆਂ ਮੋਹਰੀ ਭੂਮਿਕਾ ਨਿਭਾਈ ਹੈ ।

ਇਸ ਮੌਕੇ ‘ਕਿਡਸ ਔਨ੍ਹ ਪਬਲਿਸ਼ਿੰਗ’ ਸੰਸਥਾ ਦੀ ਦੇਖ-ਰੇਖ ਵਿੱਚ ਸਿੱਖ ਵਲੰਟੀਅਰਜ਼ ਦੇ ਬੱਚਿਆਂ ਵੱਲੋਂ ਆਸਟ੍ਰੇਲੀਆ ਦੀ ਪਹਿਲੀ ਪੰਜਾਬੀ-ਅੰਗਰੇਜੀ ਕਹਾਣੀ ਕਿਤਾਬ ‘ਇੱਕ ਸੁੱਕਾ ਪਿੰਡ’ ਜਾਰੀ ਕੀਤੀ ਗਈ ਅਤੇ ਪ੍ਰਧਾਨ ਮੰਤਰੀ ਅਤੇ ਪ੍ਰੀਮੀਅਰ ਵੱਲੋਂ ਇਸ ਵਿੱਚ ਹਿੱਸਾ ਲੈਣ ਵਾਲੇ ਬੱਚਿਆ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਆਸਟ੍ਰੇਲੀਆ ਵਿੱਚ ਸਿੱਖਾਂ ਦੇ ਪ੍ਰਵਾਸ ਦੀ ਖੋਜ ਕਰਨ ਵਾਲੇ ਜੋੜੇ ਲਿਨ ਲੈਨਾ ਅਤੇ ਕ੍ਰਿਸਟਲ ਜੋਰਡਨ ਨੇ ਆਪਣੇ ਵਿਚਾਰ ਪ੍ਰਗਟ ਕਰਦਿਆ ਐਲਾਨ ਕੀਤਾ ਕਿ ਉਹ ਆਪਣੀ ਖੋਜ ਸੰਬੰਧੀ ਪੁਰਾਤਨ ਸਿੱਖ ਸਮੱਗਰੀ ਸਿੱਖ ਵਲੰਟੀਅਰਸ ਸੰਸਥਾ ਵੱਲੋਂ ਬਣਾਏ ਜਾਣ ਵਾਲੇ ਅਜਾਇਬ ਘਰ ਨੂੰ ਦਾਨ ਕਰਨਗੇ । 

ਇਸ ਪ੍ਰੋਗਰਾਮ ਵਿੱਚ ਜਿਥੇ ਵੱਡੀ ਗਿਣਤੀ ਵਿੱਚ ਸਿੱਖ ਭਾਈਚਾਰੇ ਨੇ ਸ਼ਮੂਲੀਅਤ ਕੀਤੀ, ਉਥੇ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ, ਐਮਰਜੈਂਸੀ ਸੇਵਾਵਾਂ ਦੇ ਨੁਮਾਇੰਦੇ, ਵਿਕਟੋਰੀਆ ਪੁਲਸ, ਗੁਰਦੁਆਰਾ ਕਮੇਟੀਆਂ ਦੇ ਮੈਂਬਰ ਵੀ ਹਾਜਰ ਸਨ । ਸੰਸਦ ਮੈਂਬਰ ਜੂਲੀਅਨ ਹਿੱਲ, ਲੀ ਟਰਮਾਡਿੰਸ, ਪੌਲੀਨ ਰਿਚਰਡਸ, ਗੈਰੀ ਮਾਸ, ਰਨੀਅ ਹੀਥ, ਬਲਿੰਡਾ ਵਿਲਸਨ, ਪੌਲ ਮਿਰਕੀਰੀਉ, ਐਨ-ਮਰੀ ਹਰਮਿਨਸ, ਐਮਾ ਵੁਲਿਨ, ਵਿਰੋਧੀ ਧਿਰ ਦੇ ਨੇਤਾ ਜੌਨ ਪਸੂਟੋ, ਮੋਨਿੰਗਟਨ ਦੇ ਮੇਅਰ ਸਾਇਮਨ ਬਰੁੱਕਸ, ਵਿਕਟੋਰੀਅਨ ਮਲਟੀਕਲਚਰ ਕਮਿਸ਼ਨ ਦੀ ਮੁਖੀ ਵਿਵਿਅਨ ਨਗਾਜੁਨ ਨੇ ਆਪਣੇ ਵਿਚਾਰ ਸਾਂਝੇ ਕੀਤੇ ।

ਜ਼ਿਕਰਯੋਗ ਹੈ ਕਿ ਸਿੱਖ ਵਲੰਟੀਅਰ ਸੰਸਥਾਂ ਹਰ ਤਰਾਂ ਦੀ ਆਫਤ ਮੌਕੇ ਅਤੇ ਲੋੜਵੰਦ ਲੋਕਾਂ ਤੱਕ ਲੰਗਰ ਪਹੁੰਚਾਉਂਦੀ ਹੈ । ਇਸਦੇ ਨਾਲ-ਨਾਲ ਇਥੋਂ ਦੇ ਸਕੂਲਾਂ, ਹਸਪਤਾਲਾਂ, ਪੁਲਿਸ ਵਿਭਾਗ, ਅੱਗ ਬੁਝਾਊ ਮਹਿਕਮਾ , ਐਬੂਲੈਂਸਾਂ ਆਦਿਕ ਅਦਾਰਿਆ ਨਾਲ ਲਗਾਤਾਰ ਪ੍ਰੋਗਰਾਮ ਉਲੀਕ ਕੇ ਸਿੱਖਾਂ ਦੀਆ ਲੋੜਾਂ ਅਤੇ ਪਛਾਣ ਸੰਬੰਧੀ ਜਾਗਰੂਕ ਕਰਦੀ ਹੈ ।

Add a Comment

Your email address will not be published. Required fields are marked *