ਬਲਕੌਰ ਸਿੰਘ ਨੇ 2 ਸਾਲਾਂ ਤੋਂ ਨੰਗੇ ਪੈਰੀਂ ਘੁੰਮ ਰਹੇ ਪਾਲ ਸਮਾਉਂ ਨੂੰ ਆਪਣੇ ਹੱਥੀਂ ਪਵਾਈ ਜੁੱਤੀ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਘਰ ਪੁੱਤ ਦੇ ਜਨਮ ਦੀ ਖ਼ੁਸ਼ੀ ਵਿਚ ਮਾਨਸਾ ਦੇ ਕਲਾਕਾਰ ਪਾਲ ਸਿੰਘ ਸਮਾਉਂ ਵੱਲੋਂ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਕੀਰਤਨ ਦਰਬਾਰ ਕਰਵਾਇਆ ਗਿਆ। ਇਸ ਸਮਾਗਮ ਵਿਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਉਚੇਚੇ ਤੌਰ ‘ਤੇ ਪਹੁੰਚੇ। ਇਸ ਦੌਰਾਨ ਜਿੱਥੇ ਫਾਰਚੂਨਰ 0008 ਵਾਲਾ ਕੇਕ ਕੱਟਿਆ ਗਿਆ, ਉੱਥੇ ਹੀ ਪਾਲ ਸਿੰਘ ਸਮਾਉਂ ਨੇ ਤਕਰੀਬਨ 2 ਸਾਲ ਬਾਅਦ ਪੈਰੀਂ ਜੁੱਤੀ ਪਾਈ। ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਹੱਥੀਂ ਪਾਲ ਸਮਾਉਂ ਦੇ ਪੈਰਾਂ ਵਿਚ ਜੁੱਤੀ ਪਾਈ। ਇਹ ਪਲ ਕਾਫ਼ੀ ਭਾਵੁਕ ਕਰਨ ਵਾਲਾ ਸੀ। ਇਸ ਦੌਰਾਨ ਪਾਲ ਸਿੰਘ ਸਮਾਉਂ ਵੀ ਆਪਣੇ ਹੰਝੂ ਰੋਕ ਨਹੀਂ ਸਕੇ।

29 ਮਈ 2022 ਨੂੰ ਸਿੱਧੂ ਮੂਸੇਵਾਲਾ ਦਾ ਕਤਲ ਹੋ ਗਿਆ ਸੀ। ਉਸ ਮਗਰੋਂ ਬਾਬਾ ਸ਼੍ਰੀ ਚੰਦ ਜੀ ਕਲਚਰ ਐਂਡ ਸੋਸ਼ਲ ਵੈੱਲਫੇਅਰ ਟਰੱਸਟ ਸਮਾਉਂ ਦੇ ਮੁਖੀ ਤੇ ਸਮਾਜ ਸੇਵਕ ਪਾਲ ਸਿੰਘ ਸਮਾਉਂ ਨੇ ਪੈਰਾਂ ਵਿਚ ਜੁੱਤੀ ਪਾਉਣੀ ਛੱਡ ਦਿੱਤੀ ਸੀ। ਉਨ੍ਹਾਂ ਸਹੁੰ ਚੁੱਕੀ ਸੀ ਕਿ ਜਦੋਂ ਸਿੱਧੂ ਦੀ ਹਵੇਲੀ ਵਿਚ ਖ਼ੁਸ਼ੀਆਂ ਆਉਣਗੀਆਂ, ਉਦੋਂ ਹੀ ਉਹ ਜੁੱਤੀ ਪਾਉਣਗੇ। ਹੁਣ ਜਿਉਂ ਹੀ ਸਿੱਧੂ ਦੀ ਹਵੇਲੀ ਖ਼ੁਸ਼ੀ ਦੇ ਪਲ ਆਏ ਤਾਂ ਉਨ੍ਹਾਂ ਨੇ ਪਹਿਲਾਂ ਧਾਰਮਿਕ ਸਮਾਗਮ ਕਰਵਾਇਆ ਤੇ ਜੁੱਤੀ ਪਾਈ ਹੈ। ਉਨ੍ਹਾਂ ਵੱਲੋਂ ਘਰ ਵਿਚ 5 ਤੋਂ 7 ਅਪ੍ਰੈਲ ਤਕ ਧਾਰਮਿਕ ਸਮਾਗਮ ਰੱਖਿਆ ਗਿਆ ਸੀ। 

ਇੱਥੇ ਦੱਸ ਦਈਏ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ IVF ਤਕਨੀਕ ਨਾਲ 17 ਮਾਰਚ ਨੂੰ ਬਠਿੰਡਾ ਦੇ ਇਕ ਹਸਪਤਾਲ ਵਿਚ ਬੱਚੇ ਨੂੰ ਜਨਮ ਦਿੱਤਾ ਸੀ। ਇਸ ਦੇ ਨਾਲ ਹੀ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਇਹ ਵੀ ਐਲਾਨ ਕੀਤਾ ਸੀ ਕਿ ਨਵਜੰਮੇ ਬੱਚੇ ਦਾ ਨਾਂ ਵੀ ਸ਼ੁੱਭਦੀਪ ਸਿੰਘ ਸਿੱਧੂ ਹੀ ਰੱਖਿਆ ਜਾਵੇਗਾ, ਕਿਉਂਕਿ ਉਹ ਸਾਡੇ ਸਾਰਿਆਂ ਲਈ ਅਜਿਹਾ ਹੀ ਹੈ ਜਿਵੇਂ ਸ਼ੁੱਭਦੀਪ ਹੀ ਵਾਪਸ ਮੁੜ ਕੇ ਆਇਆ ਹੈ। 

Add a Comment

Your email address will not be published. Required fields are marked *