ਦੂਰਦਰਸ਼ਨ ’ਤੇ ‘ਦਿ ਕੇਰਲਾ ਸਟੋਰੀ’ ਵਿਖਾਉਣ ’ਤੇ ਵਿਵਾਦ

ਤਿਰੂਵਨੰਤਪੁਰਮ – ਕੇਰਲ ਦੀ ਕਾਂਗਰਸ ਇਕਾਈ ਨੇ ਵਾਦ-ਵਿਵਾਦ ਵਾਲੀ ਫਿਲਮ ‘ਦਿ ਕੇਰਲਾ ਸਟੋਰੀ’ ਨੂੰ ਪ੍ਰਸਾਰਿਤ ਕਰਨ ਦੇ ਦੂਰਦਰਸ਼ਨ ਦੇ ਫੈਸਲੇ ਵਿਰੁੱਧ ਸ਼ੁੱਕਰਵਾਰ ਚੋਣ ਕਮਿਸ਼ਨ ਕੋਲ ਪਹੁੰਚ ਕਰਦਿਆਂ ਕਿਹਾ ਕਿ ਇਹ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀਆਂ ਚੋਣ ਸੰਭਾਵਨਾਵਾਂ ਨੂੰ ਮਜ਼ਬੂਤ ​​ਕਰਨ ਲਈ ਧਾਰਮਿਕ ਲੀਹਾਂ ’ਤੇ ਸਮਾਜ ਨੂੰ ਵੰਡਣ ਦਾ ਇਕ ਖਾਮੋਸ਼ ਯਤਨ ਹੈ।

ਦੂਰਦਰਸ਼ਨ ਦੇ ਇਸ ਫੈਸਲੇ ਤੋਂ ਬਾਅਦ ਕੇਰਲ ’ਚ ਸੱਤਾਧਾਰੀ ਮਾਰਕਸਵਾਦੀ ਕਮਿਊਨਿਸਟ ਪਾਰਟੀ ਤੇ ਵਿਰੋਧੀ ਪਾਰਟੀ ਕਾਂਗਰਸ ਨੇ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਦੂਰਦਰਸ਼ਨ ਨੇ ਇਸ ਫਿਲਮ ਨੂੰ 5 ਅਪ੍ਰੈਲ ਨੂੰ ਪ੍ਰਸਾਰਿਤ ਕੀਤਾ ਸੀ। ਸੂਬੇ ’ਚ ਸੱਤਾਧਾਰੀ ਸੀ. ਪੀ. ਆਈ. (ਐੱਮ) ਦੇ ਯੂਥ ਵਿੰਗ ਡੈਮੋਕ੍ਰੇਟਿਕ ਯੂਥ ਫੈਡਰੇਸ਼ਨ ਆਫ ਇੰਡੀਆ ਨੇ ਫਿਲਮ ਦੇ ਪ੍ਰਸਾਰਣ ਦੇ ਫੈਸਲੇ ਦਾ ਸਖਤ ਵਿਰੋਧ ਕਰਦਿਆਂ ਕਿਹਾ ਹੈ ਕਿ ਉਹ ਤਿਰੂਵਨੰਤਪੁਰਮ ’ਚ ਦੂਰਦਰਸ਼ਨ ਦੇ ਦਫਤਰ ਤੱਕ ਰੋਸ ਮਾਰਚ ਕੱਢੇਗੀ। ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਵੀ. ਡੀ. ਸਤੀਸਨ ਨੇ ਸ਼ੁੱਕਰਵਾਰ ਇਸ ਸਬੰਧੀ ਚੋਣ ਕਮਿਸ਼ਨ ਨੂੰ ਚਿੱਠੀ ਵੀ ਲਿਖੀ।

ਇਸ ਤੋਂ ਪਹਿਲਾਂ ਕੇਰਲ ਵਿਚ ਸੀ. ਪੀ. ਆਈ (ਐੱਮ). ਅਤੇ ਕਾਂਗਰਸ ਨੇ ਵਿਵਾਦਤ ਫਿਲਮ ਨੂੰ ਪ੍ਰਸਾਰਿਤ ਕਰਨ ਦੇ ਦੂਰਦਰਸ਼ਨ ਦੇ ਫੈਸਲੇ ਖਿਲਾਫ ਭਾਰਤ ਦੇ ਚੋਣ ਕਮਿਸ਼ਨ ਕੋਲ ਵੱਖ-ਵੱਖ ਸ਼ਿਕਾਇਤਾਂ ਦਰਜ ਕਰਵਾ ਕੇ ਦੋਸ਼ ਲਾਇਆ ਕਿ ਇਹ ਸੰਭਾਵਿਤ ਤੌਰ ’ਤੇ ਧਾਰਮਿਕ ਆਧਾਰ ’ਤੇ ਸਮਾਜ ਦਾ ਧਰੁਵੀਕਰਨ ਕਰ ਸਕਦੀ ਹੈ।

Add a Comment

Your email address will not be published. Required fields are marked *