ਕੈਨੇਡਾ ‘ਚ ਭਾਰਤੀ ਨੌਜਵਾਨ ਕਈ ਦਿਨਾਂ ਤੋਂ ਲਾਪਤਾ

ਕੈਲੋਨਾ: ਕੈਨੇਡਾ ਦੇ ਬ੍ਰਿਟਿਸ ਕੋਲੰਬੀਆ (ਬੀ.ਸੀ.) ਵਿਚ ਇਕ ਭਾਰਤੀ ਨੌਜਵਾਨ ਦੇ ਲਾਪਤਾ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਕੈਲੋਨਾ ਆਰ.ਸੀ.ਐਮ.ਪੀ. ਵੱਲੋਂ 23 ਸਾਲ ਦੇ ਕੇਤਨ ਸ਼ਰਮਾ ਦੀ ਭਾਲ ਲਈ ਲੋਕਾਂ ਤੋਂ ਮਦਦ ਮੰਗੀ ਗਈ ਹੈ ਜਿਸ ਨੂੰ ਆਖਰੀ ਵਾਰ ਪਹਿਲੀ ਮਾਰਚ ਨੂੰ ਦੇਖਿਆ ਗਿਆ। ਪੁਲਸ ਨੇ ਦੱਸਿਆ ਕਿ ਕੇਤਨ ਸ਼ਰਮਾ ਨੇ ਪਹਿਲੀ ਮਾਰਚ ਨੂੰ ਆਪਣੇ ਇਕ ਦੋਸਤ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਕਿਹਾ ਸੀ ਕਿ ਉਹ ਸਰੀ ਵਿਖੇ ਆਪਣੇ ਪਰਿਵਾਰਕ ਮੈਂਬਰ ਨੂੰ ਮਿਲਣ ਜਾ ਰਿਹਾ ਹੈ। ਦੂਜੇ ਪਾਸੇ ਪੁਲਸ ਦੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਕੇਤਨ ਸ਼ਰਮਾ 1 ਅਤੇ 2 ਮਾਰਚ ਨੂੰ ਫੋਰਟ ਨੈਲਸਨ ਇਲਾਕੇ ਵਿਚ ਮੌਜੂਦ ਸੀ।

ਕੇਤਨ ਸ਼ਰਮਾ ਕੋਲ ਕੋਈ ਗੱਡੀ ਹੋਣ ਦੀ ਰਿਪੋਰਟ ਨਹੀਂ ਅਤੇ ਬੀ.ਸੀ. ਦੇ ਉਤਰੀ ਇਲਾਕੇ ਵਿਚ ਉਸ ਦਾ ਕੋਈ ਜਾਣਕਾਰ ਵੀ ਨਹੀਂ ਰਹਿੰਦਾ। ਕੇਤਨ ਸ਼ਰਮਾ ਦਾ ਪਰਿਵਾਰ ਅਤੇ ਦੋਸਤ ਉਸ ਦੀ ਸੁੱਖ ਸਾਂਦ ਪ੍ਰਤੀ ਬੇਹੱਦ ਚਿੰਤਤ ਹਨ। ਕੇਤਨ ਸ਼ਰਮਾ ਦਾ ਹੁਲੀਆ ਬਿਆਨ ਕਰਦਿਆਂ ਪੁਲਸ ਨੇ ਦੱਸਿਆ ਕਿ ਉਸ ਦਾ ਕੱਦ 5 ਫੁੱਟ 10 ਇੰਚ, ਵਜ਼ਨ ਤਕਰੀਬਨ 65 ਕਿਲੋ ਹੈ। ਸਿਰ ਗੰਜਾਪਣ ਅਤੇ ਗੂੜ੍ਹੇ ਰੰਗੀ ਦੀ ਦਾੜ੍ਹੀ ਤੋਂ ਇਲਾਵਾ ਆਖਰੀ ਵਾਰ ਦੇਖੇ ਜਾਣ ਵੇਲੇ ਉਸ ਨੇ ਐਨਕਾਂ ਵੀ ਲਾਈਆਂ ਹੋਈਆਂ ਸਨ। ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਕੇਤਨ ਸ਼ਰਮਾ ਦੇ ਪਤੇ ਟਿਕਾਣੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਤੁਰੰਤ 250 762 3300 ’ਤੇ ਸੰਪਰਕ ਕਰੇ।

Add a Comment

Your email address will not be published. Required fields are marked *