ਮਣੀਪੁਰ ਮੁੱਦੇ ‘ਤੇ PM ਮੋਦੀ ਦੇ ਸਮਰਥਨ ‘ਚ ਆਈ ਮਸ਼ਹੂਰ ਗਾਇਕਾ

ਵਾਸ਼ਿੰਗਟਨ — ਮਣੀਪੁਰ ਮੁੱਦੇ ‘ਤੇ ਜਿੱਥੇ ਵਿਰੋਧੀ ਗਠਜੋੜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਨਾਅਰੇਬਾਜ਼ੀ ਕਰ ਰਿਹਾ ਹੈ ਅਤੇ ਪ੍ਰਦਰਸ਼ਨ ਕਰ ਰਿਹਾ ਹੈ। ਉਥੇ ਹੀ ਅਮਰੀਕਾ ਦੀ ਗਾਇਕਾ ਮੈਰੀ ਮਿਲਬੇਨ ਨੇ ਮਣੀਪੁਰ ਮੁੱਦੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਮਰਥਨ ਕੀਤਾ ਹੈ। ਮੈਰੀ ਨੇ ਕਿਹਾ ਕਿ ਪੀ.ਐੱਮ. ਮੋਦੀ ਹਮੇਸ਼ਾ ਉੱਤਰ-ਪੂਰਬੀ ਰਾਜ ਦੇ ਲੋਕਾਂ ਲਈ ਲੜਦੇ ਰਹਿਣਗੇ। ਮੈਰੀ ਦੀ ਇਹ ਟਿੱਪਣੀ ਕੇਂਦਰ ਸਰਕਾਰ ਦੇ ਖਿਲਾਫ ਬੇਭਰੋਸਗੀ ਮਤੇ ਦੇ ਜਵਾਬ ਵਿੱਚ ਵੀਰਵਾਰ ਨੂੰ ਸੰਸਦ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਤੋਂ ਤੁਰੰਤ ਬਾਅਦ ਆਈ ਹੈ। ਮੈਰੀ ਨੇ ਟਵਿੱਟਰ (ਐਕਸ) ‘ਤੇ ਇਕ ਪੋਸਟ ਵਿਚ ਭਾਰਤ ਦੀਆਂ ਵਿਰੋਧੀ ਪਾਰਟੀਆਂ ‘ਤੇ ਵੀ ਚੁਟਕੀ ਲਈ। ਉਨ੍ਹਾਂ ਕਿਹਾ ਕਿ ਉਹ ਵਿਦੇਸ਼ਾਂ ਵਿੱਚ ਭਾਰਤ ਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕਰਦੇ ਹਨ।

ਮੈਰੀ ਨੇ ਟਵੀਟ ਵਿਚ ਲਿਖਿਆ, ‘ਸੱਚਾਈ ਇਹ ਹੈ ਕਿ ਭਾਰਤ ਨੂੰ ਆਪਣੇ ਨੇਤਾ ‘ਤੇ ਭਰੋਸਾ ਹੈ। ਭਾਰਤ ਦੇ ਮਨੀਪੁਰ ਦੀਆਂ ਮਾਵਾਂ, ਧੀਆਂ ਅਤੇ ਔਰਤਾਂ ਨੂੰ ਇਨਸਾਫ਼ ਮਿਲੇਗਾ। ਪ੍ਰਧਾਨ ਮੰਤਰੀ ਮੋਦੀ ਹਮੇਸ਼ਾ ਤੁਹਾਡੀ ਆਜ਼ਾਦੀ ਲਈ ਲੜਦੇ ਰਹਿਣਗੇ।’ ਵਿਰੋਧੀ ਧਿਰ ‘ਤੇ ਚੁਟਕੀ ਲੈਂਦਿਆਂ ਉਨ੍ਹਾਂ ਅੱਗੇ ਲਿਖਿਆ, ‘ਸੱਚਾਈ ਇਹ ਹੈ ਕਿ ਜਿਹੜੀ ਪਾਰਟੀ ਭਾਰਤ ਦੀ ਸੱਭਿਆਚਾਰਕ ਵਿਰਾਸਤ ਦਾ ਅਪਮਾਨ ਕਰਦੀ ਹੈ, ਬੱਚਿਆਂ ਨੂੰ ਆਪਣੇ ਦੇਸ਼ ਦਾ ਰਾਸ਼ਟਰੀ ਗੀਤ ਗਾਉਣ ਦੇ ਅਧਿਕਾਰ ਤੋਂ ਵਾਂਝਾ ਕਰਦੀ ਹੈ ਅਤੇ ਵਿਦੇਸ਼ਾਂ ‘ਚ ਆਪਣੇ ਹੀ ਦੇਸ਼ ਦਾ ਅਪਮਾਨ ਕਰਦੀ ਹੈ, ਉਹ ਲੀਡਰਸ਼ਿਪ ਨਹੀਂ, ਸਿਧਾਂਤਹੀਣ ਹੈ।’ ਮਾਰਟਿਨ ਲੂਥਰ ਕਿੰਗ ਜੂਨੀਅਰ ਦੇ ਸ਼ਬਦਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਅੱਗੇ ਲਿਖਿਆ, “ਭਾਰਤ, ਮੇਰੇ ਪਿਆਰੇ ਭਾਰਤ, ਸੱਚ ਦੀ ਘੰਟੀ ਵੱਜਣ ਦਿਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੈਨੂੰ ਤੁਹਾਡੇ ‘ਤੇ ਭਰੋਸਾ ਹੈ। ਮੈਂ ਤੁਹਾਡੇ ਲਈ ਪ੍ਰਾਰਥਨਾ ਕਰ ਰਹੀ ਹਾਂ।’

ਦੱਸ ਦੇਈਏ ਕਿ ਇਸ ਸਾਲ ਜੂਨ ਵਿੱਚ, ਮਿਲਬੇਨ ਨੇ ਅਮਰੀਕਾ ਦੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਨੇ ਵਾਸ਼ਿੰਗਟਨ ਡੀਸੀ ਵਿੱਚ ਰੋਨਾਲਡ ਰੀਗਨ ਬਿਲਡਿੰਗ ਵਿੱਚ ਭਾਰਤ ਦਾ ਰਾਸ਼ਟਰੀ ਗੀਤ ਗਾਇਆ ਜਿੱਥੇ ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ ਸੀ। ‘ਜਨ ਗਣ ਮਨ’ ਗੀਤ ਗਾਉਣ ਤੋਂ ਬਾਅਦ ਮੈਰੀ ਨੇ ਪੀ.ਐੱਮ. ਮੋਦੀ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦੇ ਪੈਰ ਛੂਹ ਕੇ ਆਸ਼ੀਰਵਾਦ ਵੀ ਲਿਆ ਸੀ।

Add a Comment

Your email address will not be published. Required fields are marked *