ਪ੍ਰੇਮ ਚੋਪੜਾ ਦੇ ਜਨਮਦਿਨ ’ਤੇ ਜਾਣੋ ਵਿਲੇਨ ਕਿਰਦਾਰ ਬਾਰੇ ਖ਼ਾਸ ਗੱਲਾਂ, ਇੰਝ ਹੋਈ ਸੀ ਬਾਲੀਵੁੱਡ ’ਚ ਐਂਟਰੀ

ਬਾਲੀਵੁੱਡ ਦੇ ਦਿੱਗਜ ਅਦਾਕਾਰ ਪ੍ਰੇਮ ਚੋਪੜਾ ਅੱਜ ਆਪਣਾ 87ਵਾਂ ਜਨਮਦਿਨ ਮਨਾ ਰਹੇ ਹਨ। ਪ੍ਰੇਮ ਚੋਪੜਾ ਨੇ ਬਾਲੀਵੁੱਡ ’ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਅਦਾਕਾਰ ਜ਼ਿਆਦਾਤਰ ਫ਼ਿਲਮਾਂ ’ਚ ਵਿਲੇਨ ਦੇ ਕਿਰਦਾਰ ਨਿਭਾਉਦੇ ਨਜ਼ਰ ਆਉਂਦੇ ਹਨ। 23 ਸਤੰਬਰ 1935 ਨੂੰ ਜਨਮੇ ਪ੍ਰੇਮ ਚੋਪੜਾ ਨੇ ਵਿਲੇਨ ਦੇ ਕਿਰਦਾਰ ਨਾਲ ਕਾਫ਼ੀ ਸੁਰਖੀਆਂ ਬਟੋਰੀਆਂ ਹਨ। 

PunjabKesari

ਪ੍ਰੇਮ ਚੋਪੜਾ ਦੀ ਸਿੱਖਿਆ 

ਜਨਮਦਿਨ ਮੌਕੇ ਪ੍ਰੇਮ ਚੋਪੜਾ ਬਾਰੇ ਕੁਝ ਖ਼ਾਸ  ਗੱਲਾਂ ਦੱਸ ਜਾ ਰਹੇ ਹਾਂ। ਦੱਸ ਦੇਈਏ ਪ੍ਰੇਮ ਚੋਪੜਾ ਲਾਹੌਰ, ਪਾਕਿਸਤਾਨ ’ਚ ਇਕ ਅਮੀਰ ਪਰਿਵਾਰ ’ਚ ਜਨਮੇ ਹਨ। ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਸ਼ਿਮਲਾ, ਹਿਮਾਚਲ ਪ੍ਰਦੇਸ਼ ਆ ਗਿਆ। ਪ੍ਰੇਮ ਨੇ ਆਪਣੀ ਸਕੂਲੀ ਸਿੱਖਿਆ ਸ਼ਿਮਲਾ ਤੋਂ ਹੀ ਕੀਤੀ ਅਤੇ ਪੰਜਾਬ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ। ਕਾਲਜ ਦੇ ਦਿਨਾਂ ਤੋਂ ਹੀ ਪ੍ਰੇਮ ਨੂੰ ਅਦਾਕਾਰੀ ਦਾ ਸ਼ੌਕ ਸੀ ਅਤੇ ਉਹ ਨਾਟਕਾਂ ’ਚ ਹਿੱਸਾ ਲੈਂਦੇ ਰਹੇ। ਗ੍ਰੈਜੂਏਸ਼ਨ ਤੋਂ ਬਾਅਦ ਉਹ ਹੀਰੋ ਬਣਨ ਲਈ ਮੁੰਬਈ ਆ ਗਏ।

ਫ਼ਿਲਮੀ ਦੁਨੀਆ ’ਚ ਪਹਿਲਾ ਕਦਮ

ਜਦੋਂ ਪ੍ਰੇਮ ਚੋਪੜਾ ਨੇ ਫ਼ਿਲਮੀ ਦੁਨੀਆ ’ਚ ਕਦਮ ਰੱਖਿਆ ਤਾਂ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਇਕ ਦਿਨ ਉਹ ਹਿੰਦੀ ਸਿਨੇਮਾ ਦਾ ਵੱਡਾ ਖਲਨਾਇਕ ਬਣ ਜਾਵੇਗਾ। ਪ੍ਰੇਮ ਚੋਪੜਾ ਨੂੰ ਪਹਿਲਾ ਮੌਕਾ 1960 ’ਚ ਫ਼ਿਲਮ ‘ਮੁੜ ਮੁੜ ਕੇ ਨਾ ਦੇਖ’ ’ਚ ਮਿਲਿਆ। ਇਸ ਤੋਂ ਬਾਅਦ ਅਦਾਕਾਰ ਨੇ ਇਕ ਪੰਜਾਬੀ ਫ਼ਿਲਮ ‘ਚੌਧਰੀ ਕਰਨੈਲ ਸਿੰਘ’ ’ਚ ਕੰਮ ਕੀਤਾ।  ਅੱਜ ਵੀ ਲੋਕ ਅਦਾਕਾਰ ਦੇ ਵਿਲੇਨ ਕਿਰਦਾਰ ਨੂੰ ਦੇਖਣਾ ਪਸੰਦ ਕਰਦੇ  ਹਨ 


ਪ੍ਰੇਮ ਚੋਪੜਾ ਨਾਲ ਵਾਪਰੀ ਦਿਲਚਸਪ ਘਟਨਾ 

ਇਕ ਇੰਟਰਵਿਊ ’ਚ ਪ੍ਰੇਮ ਚੋਪੜਾ ਨੇ ਆਪਣੇ ਨਾਲ ਜੁੜੀ ਇਕ ਦਿਲਚਸਪ ਘਟਨਾ ਬਾਰੇ ਦੱਸਦਿਆਂ ਕਿਹਾ ਕਿ ਉਨ੍ਹਾਂ ਦਾ ਡਰ ਅਸਲ ਜ਼ਿੰਦਗੀ ’ਚ ਵੀ ਕਈ ਵਾਰ ਦੇਖਿਆ ਗਿਆ ਸੀ।ਉਨ੍ਹਾਂ ਕਿਹਾ ਕਿ ‘ਮੈਨੂੰ ਦੇਖ ਕੇ ਲੋਕ ਆਪਣੀਆਂ ਪਤਨੀਆਂ ਨੂੰ ਲੁਕਾਉਂਦੇ ਸਨ। ਜਦੋਂ ਮੈਂ ਉਨ੍ਹਾਂ ਨਾਲ ਗੱਲ ਕਰਦਾ ਸੀ ਤਾਂ ਲੋਕ ਇਹ ਜਾਣ ਕੇ ਹੈਰਾਨ ਹੋ ਜਾਂਦੇ ਸਨ ਕਿ ਅਸਲ ਜ਼ਿੰਦਗੀ ’ਚ ਮੈਂ ਵੀ ਉਨ੍ਹਾਂ ਵਰਗਾ ਹੀ ਇਨਸਾਨ ਹਾਂ। ਜੇਕਰ ਲੋਕ ਮੈਨੂੰ ਇਕ ਖ਼ਤਰਨਾਕ ਖਲਨਾਇਕ ਸਮਝਦੇ ਤਾਂ ਮੈਨੂੰ ਖੁਸ਼ੀ ਹੁੰਦੀ ਕਿ ਮੈਂ ਆਪਣਾ ਕੰਮ ਚੰਗੀ ਤਰ੍ਹਾਂ ਕਰ ਰਿਹਾ ਹਾਂ।’

ਅਦਾਕਾਰ ਦੀ ਨਿੱਜੀ ਜ਼ਿੰਦਗੀ

ਪ੍ਰੇਮ ਚੋਪੜਾ ਦਾ ਵਿਆਹ ਹਿੰਦੀ ਸਿਨੇਮਾ ਦੇ ਸ਼ੋਅਮੈਨ ਰਾਜ ਕਪੂਰ ਦੀ ਪਤਨੀ ਕ੍ਰਿਸ਼ਨਾ ਦੀ ਭੈਣ ਉਮਾ ਨਾਲ ਹੋਇਆ ਹੈ। ਪ੍ਰੇਮ ਅਤੇ ਉਮਾ ਦੀਆਂ ਤਿੰਨ ਧੀਆਂ ਰਕਿਤਾ, ਪੁਨੀਤਾ ਅਤੇ ਪ੍ਰੇਰਨਾ ਹਨ। ਹਾਲਾਂਕਿ ਤਿੰਨਾਂ ਧੀਆਂ ਨੇ ਇੰਡਸਟਰੀ ’ਚ ਆਪਣਾ ਕਰੀਅਰ ਨਹੀਂ ਬਣਾਇਆ ਪਰ ਤਿੰਨਾਂ ਦਾ ਵਿਆਹ ਫ਼ਿਲਮ ਇੰਡਸਟਰੀ ਨਾਲ ਜੁੜੇ ਲੋਕਾਂ ਨਾਲ ਹੋਇਆ। ਪ੍ਰੇਮ ਚੋਪੜਾ ਦਾ ਸਭ ਤੋਂ ਛੋਟਾ ਜਵਾਈ ਬਾਲੀਵੁੱਡ ਅਦਾਕਾਰ ਸ਼ਰਮਨ ਜੋਸ਼ੀ ਹੈ।

Add a Comment

Your email address will not be published. Required fields are marked *