ਅਗਲੇ ਮਹੀਨੇ ‘ਟੈਸਲਾ’ ਦੀ ਹੋਵੇਗੀ ਭਾਰਤ ’ਚ ‘ਐਂਟਰੀ’

ਨਵੀਂ ਦਿੱਲੀ – ਭਾਰਤ ਸਰਕਾਰ ਨੇ ਕੁਝ ਦਿਨ ਪਹਿਲਾਂ ਹੀ ਆਪਣੀ ਨਵੀਂ ਇਲੈਕਟ੍ਰਿਕ ਵ੍ਹੀਕਲ ਪਾਲਿਸੀ ਦਾ ਐਲਾਨ ਕਰ ਦਿੱਤਾ ਸੀ। ਇਸ ਤੋਂ ਬਾਅਦ ਤੋਂ ਹੀ ਦਿੱਗਜ ਈ. ਵੀ. ਕੰਪਨੀ ਟੈਸਲਾ ਦੇ ਭਾਰਤ ਆਉਣ ਦੀ ਸੰਭਾਵਨਾ ’ਤੇ ਮੋਹਰ ਲੱਗ ਗਈ ਸੀ। ਹੁਣ ਟੈਸਲਾ ਦੀ ਭਾਰਤ ’ਚ ਐਂਟਰੀ ਪੱਕੀ ਹੋ ਗਈ ਹੈ। ਅਪ੍ਰੈਲ ਦੇ ਅਖੀਰ ’ਚ ਟੈਸਲਾ ਵੱਲੋਂ ਇਕ ਟੀਮ ਭਾਰਤ ਆਉਣ ਵਾਲੀ ਹੈ। ਇਸ ਟੀਮ ਦਾ ਕੰਮ ਭਾਰਤ ’ਚ ਪਲਾਂਟ ਲਾਉਣ ਲਈ ਸਭ ਤੋਂ ਵਧੀਆ ਜਗ੍ਹਾ ਦੀ ਤਲਾਸ਼ ਕਰਨਾ ਹੋਵੇਗਾ। ਇਸ ਟੀਮ ਦੀ ਨਜ਼ਰ ਮਹਾਰਾਸ਼ਟਰ, ਗੁਜਰਾਤ ਅਤੇ ਤਾਮਿਲਨਾਡੂ ’ਤੇ ਸਭ ਤੋਂ ਜ਼ਿਆਦਾ ਹੈ।

ਇਕ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਐਲਨ ਮਸਕ ਦੀ ਅਗਵਾਈ ਵਾਲੀ ਟੈਸਲਾ ਨੇ ਲੱਗਭਗ 2 ਤੋਂ 3 ਅਰਬ ਡਾਲਰ ਦਾ ਪਲਾਂਟ ਭਾਰਤ ’ਚ ਬਣਾਉਣ ਦਾ ਪਲਾਨ ਤਿਆਰ ਕੀਤਾ ਹੈ। ਇਸ ਪਲਾਨ ਨੂੰ ਜ਼ਮੀਨ ’ਤੇ ਉਤਾਰਨ ਲਈ ਇਕ ਟੀਮ ਅਪ੍ਰੈਲ ’ਚ ਭਾਰਤ ਆਉਣ ਵਾਲੀ ਹੈ। ਦਿੱਗਜ ਇਲੈਕਟ੍ਰਿਕ ਵ੍ਹੀਕਲ (ਈ. ਵੀ.) ਨਿਰਮਾਤਾ ਟੈਸਲਾ ਦੀ ਇਹ ਟੀਮ ਕਈ ਸੂਬਿਆਂ ਦਾ ਦੌਰਾ ਕਰ ਕੇ ਪਲਾਂਟ ਲਈ ਸਭ ਤੋਂ ਵਧੀਆ ਜ਼ਮੀਨ ਦੀ ਤਲਾਸ਼ ਕਰੇਗੀ। ਟੈਸਲਾ ਦੀ ਤਰਜੀਹ ’ਚ ਉਹ ਸੂਬੇ ਹਨ, ਜਿੱਥੇ ਪਹਿਲਾਂ ਤੋਂ ਹੀ ਆਟੋਮੋਬਾਈਲ ਇੰਡਸਟਰੀ ਮੌਜੂਦ ਹੈ।

ਭਾਰਤ ਆਉਣ ਦੀ ਇਹ ਖਬਰ ਉਸ ਸਮੇਂ ਆਈ ਹੈ, ਜਦੋਂ ਟੈਸਲਾ ਦੀ ਸੇਲ ’ਚ ਮਾਰਚ ਤਿਮਾਹੀ ’ਚ ਗਿਰਾਵਟ ਦਰਜ ਕੀਤੀ ਗਈ ਹੈ। ਟੈਸਲਾ ਨੇ ਦੱਸਿਆ ਕਿ ਉਸ ਨੇ ਜਨਵਰੀ ਤੋਂ ਮਾਰਚ ਦੇ ਦਰਮਿਆਨ ਪੂਰੀ ਦੁਨੀਆ ’ਚ 3,86,810 ਗੱਡੀਆਂ ਵੇਚੀਆਂ ਹਨ। ਇਹ ਪਿਛਲੇ ਸਾਲ ਦੇ ਬਰਾਬਰ ਤਿਮਾਹੀ ਦੇ ਵਿਕਰੀ ਅੰਕੜੇ 4,23,000 ਗੱਡੀਆਂ ਤੋਂ 9 ਫ਼ੀਸਦੀ ਘੱਟ ਰਹੀ ਹੈ। ਵਿਕਰੀ ’ਚ ਇਹ ਗਿਰਾਵਟ ਟੈਸਲਾ ਖ਼ਿਲਾਫ਼ ਮਜ਼ਬੂਤ ਹੋ ਰਹੇ ਕੰਪੀਟੀਸ਼ਨ ਕਾਰਨ ਆਈ ਹੈ। ਨਾਲ ਹੀ ਨਵੇਂ ਗਾਹਕਾਂ ਦੀ ਗਿਣਤੀ ਵੀ ਘੱਟ ਹੋਈ ਹੈ। ਟੈਸਲਾ ਦੇ ਮਾਡਲ 3 ਅਤੇ ਵਾਈ ਦੀ ਵਿਕਰੀ ਸਾਲਾਨਾ ਆਧਾਰ ’ਤੇ 10.3 ਫ਼ੀਸਦੀ ਘੱਟ ਹੋ ਕੇ 3,69,783 ਰਹਿ ਗਈ ਹੈ। ਉਥੇ ਹੀ, ਟੈਸਲਾ ਐਕਸ, ਐੱਸ ਅਤੇ ਸਾਈਬਰਟਰੱਕ ਦੀ ਵਿਕਰੀ 60 ਫ਼ੀਸਦੀ ਵੱਧ ਕੇ 17,027 ਯੂਨਿਟ ’ਤੇ ਪਹੁੰਚ ਗਈ ਹੈ।

Add a Comment

Your email address will not be published. Required fields are marked *