ਬੱਬਰ ਖ਼ਾਲਸਾ ਦੇ ਸਾਬਕਾ ਅੱਤਵਾਦੀ ਰਤਨਦੀਪ ਸਿੰਘ ਕਤਲਕਾਂਡ ‘ਚ ਨਵਾਂ ਮੋੜ

ਨਵਾਂਸ਼ਹਿਰ – ਬੁੱਧਵਾਰ ਦੇਰ ਸ਼ਾਮ ਰੋਪੜ-ਨਵਾਂਸ਼ਹਿਰ ਰੋਡ ’ਤੇ ਬਲਾਚੌਰ ਦੇ ਪਿੰਡ ਗੜ੍ਹੀ ਦੇ ਸੰਤ ਗੁਰਮੇਲ ਸਿੰਘ ਚੈਰੀਟੇਬਲ ਹਸਪਤਾਲ ਨੇੜੇ ਮੋਟਰਸਾਈਕਲ ਸਵਾਰ 2 ਨੌਜਵਾਨਾਂ ਵੱਲੋਂ ਬੱਬਰ ਖ਼ਾਲਸਾ ਦੇ ਸਾਬਕਾ ਅੱਤਵਾਦੀ ਰਤਨਦੀਪ ਸਿੰਘ ਦਾ ਗੋਲ਼ੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ ’ਚ ਪੁਲਸ ਨੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਗੈਂਗਸਟਰ ਗੋਪੀ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਪਾ ਕੇ ਕਤਲ ਦੀ ਜ਼ਿੰਮੇਵਾਰੀ ਲਈ ਹੈ।

ਐੱਸ.ਪੀ. ਇਨਵੈਸਟੀਗੇਸ਼ਨ ਡਾ. ਮੁਕੇਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੇ ਸਾਥੀ ਗੁਰਪ੍ਰੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਜੱਟਪੁਰਾ ਥਾਣਾ ਸਦਰ ਕਰਨਾਲ ਹਾਲ ਵਾਸੀ ਸਿਟੀ ਕਰਨਾਲ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੇ ਮਾਮੇ ਦਾ ਨਾਂ ਰਤਨਦੀਪ ਸਿੰਘ ਉਰਫ਼ ਰੱਤਾ ਪੁੱਤਰ ਜਗੀਰ ਸਿੰਘ ਹਾਲ ਵਾਸੀ ਸਿਟੀ ਕਰਨਾਲ ਹੈ। ਰਤਨਦੀਪ ਨੇ ਬੁੱਧਵਾਰ ਦੁਪਹਿਰ ਕਰੀਬ 1 ਵਜੇ ਫੋਨ ਕਰ ਕੇ ਦੱਸਿਆ ਕਿ ਉਸ ਨੇ ਬਲਾਚੌਰ ਵਿਖੇ ਕਿਸੇ ਤੋਂ ਪੈਸੇ ਲੈਣ ਲਈ ਜਾਣਾ ਹੈ।

ਉਸ ਨੇ ਦੱਸਿਆ ਕਿ ਉਹ ਆਪਣੀ ਕਾਰ ’ਚ ਸ਼ਾਮ ਕਰੀਬ 6.30 ਵਜੇ ਬਲਾਚੌਰ ਪਹੁੰਚਿਆ। ਜਦੋਂ ਉਸ ਦੇ ਮਾਮੇ ਨੇ ਉਸ ਵਿਅਕਤੀ ਨੂੰ ਪੈਸੇ ਲੈਣ ਲਈ ਬੁਲਾਇਆ ਤਾਂ ਉਸ ਨੇ ਉਸ ਨੂੰ ਐੱਚ.ਆਰ. ਢਾਬੇ ’ਤੇ ਆਉਣ ਲਈ ਕਿਹਾ । ਉਹ ਕਰੀਬ 10 ਮਿੰਟ ਬਾਅਦ ਉਕਤ ਸਥਾਨ ’ਤੇ ਪਹੁੰਚ ਗਿਆ। ਉਸ ਨੇ ਦੱਸਿਆ ਕਿ ਉੱਥੇ ਇਕ ਸਪਲੈਂਡਰ ਸਵਾਰ 2 ਅਣਪਛਾਤੇ ਨੌਜਵਾਨ ਖਡ਼੍ਹੇ ਸਨ, ਜਿਨ੍ਹਾਂ ਦੇ ਇਸ਼ਾਰੇ ’ਤੇ ਉਨ੍ਹਾਂ ਆਪਣੀ ਗੱਡੀ ਰੋਕ ਲਈ। ਕਾਰ ਉਸ ਦਾ ਮਾਮਾ ਚਲਾ ਰਿਹਾ ਸੀ। ਆਪਣੇ ਮਾਮੇ ਦੇ ਕਹਿਣ ’ਤੇ ਉਹ ਕਾਰ ’ਚੋਂ ਉਤਰ ਕੇ ਇਕ ਨੌਜਵਾਨ ਕੋਲ ਗਿਆ ਅਤੇ ਪੈਸਿਆਂ ਦੀ ਗੱਲ ਕਰਨ ਲੱਗਾ ਜਦਕਿ ਦੂਜੇ ਨੌਜਵਾਨ ਨੇ ਕਾਰ ਦੇ ਨੇਡ਼ੇ ਜਾ ਕੇ ਉਸ ਦੇ ਮਾਮੇ ’ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ।

ਰਤਨਦੀਪ ਸਿੰਘ ਦੇ ਅੱਤਵਾਦੀਆਂ ਨਾਲ ਸਬੰਧ ਸਨ। ਇਸ ਦੀ ਪੁਸ਼ਟੀ ਕਰਦਿਆਂ ਐੱਸ. ਪੀ. ਇਨਵੈਸਟੀਗੇਸ਼ਨ ਡਾ. ਮੁਕੇਸ਼ ਸ਼ਰਮਾ ਨੇ ਦੱਸਿਆ ਕਿ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰ ਰਹੀ ਹੈ ਅਤੇ ਪੁਲਸ ਦੀ ਫੋਰੈਂਸਿਕ ਟੀਮ ਨੇ ਮੌਕੇ ’ਤੇ ਜਾ ਕੇ ਜਾਂਚ ਕੀਤੀ ਹੈ। ਅੱਜ ਐੱਸ.ਐੱਸ.ਪੀ. ਡਾ. ਮਹਿਤਾਬ ਸਿੰਘ ਸਮੇਤ ਸਾਰੇ ਅਧਿਕਾਰੀ ਨੇ ਮੌਕੇ ’ਤੇ ਜਾ ਕੇ ਜਾਂਚ ਕੀਤੀ। ਪੁਲਸ ਨੂੰ ਕੁਝ ਸੁਰਾਗ ਮਿਲੇ ਹਨ ਅਤੇ ਜਲਦੀ ਹੀ ਪੁਲਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਵੇਗੀ।

Add a Comment

Your email address will not be published. Required fields are marked *