ਸਮਾਰਟ ਕਾਰਡ ਧਾਰਕ ਹੋ ਜਾਣ ਸਾਵਧਾਨ! ਵੱਡੀ ਤਿਆਰੀ ’ਚ ਫੂਡ ਸਪਲਾਈ ਮਹਿਕਮਾ

ਜਲੰਧਰ— ਬਿਨਾਂ ਲੋੜਵੰਦ ਤੋਂ ਮੁਫ਼ਤ ’ਚ ਕਣਕ ਲੈਣ ਵਾਲਿਆਂ ਦੀ ਹੁਣ ਖੈਰ ਨਹੀਂ ਹੈ। ਇਸ ’ਤੇ ਕਾਰਵਾਈ ਕਰਨ ਲਈ ਫੂਡ ਮਹਿਕਮੇ ਨੇ ਵੱਡੀ ਤਿਆਰੀ ਕਰ ਲਈ ਹੈ। ਦਰਅਸਲ ਕੇਂਦਰ ਸਰਕਾਰ ਨੇ ਲੋੜਵੰਦਾਂ ਲਈ ਆਟਾ ਦਾਲ ਸਕੀਮ ਅਤੇ ਕੋਰੋਨਾ ਕਾਲ ’ਚ ਗ਼ਰੀਬਾਂ ਲਈ ਅੰਨ ਕਲਿਆਣ ਯੋਜਨਾ ਬਣਾਈ, ਤਾਂਕਿ ਲੋਕਾਂ ਨੂੰ ਕਣਕ ਮਿਲ ਸਕੇ। ਇਸ ਸਕੀਮ ਤਹਿਤ ਜਿਸ ਪਰਿਵਾਰ ਦੀ ਆਰਥਿਕ ਹਾਲਤ ਠੀਕ ਨਹੀਂ ਹੈ, ਉਸ ਨੂੰ ਮੁਫ਼ਤ ਵਾਲੀ ਅਤੇ 2 ਰੁਪਏ ਕਿਲੋ ਵਾਲੀ ਕਣਕ ਦਿੱਤੀ ਜਾ ਰਹੀ ਹੈ। ਇਸ ਸਕੀਮ ਦਾ ਲਾਭ ਪਿੰਡ ’ਚ ਰਹਿਣ ਵਾਲੇ 40 ਫ਼ੀਸਦੀ ਲੋੜਵੰਦਾਂ ਅਤੇ ਸ਼ਹਿਰ ਦੇ 30 ਫ਼ੀਸਦੀ ਲੋੜਵੰਦਾਂ ਨੂੰ ਦਿੱਤਾ ਜਾਣਾ ਸੀ ਪਰ ਜ਼ਿਲ੍ਹੇ ’ਚ ਵੱਡੀ ਗਿਣਤੀ ’ਚ ਅਜਿਹੇ ਲੋਕ ਹਨ, ਜੋ ਗ਼ਰੀਬਾਂ ਦੀ ਕਣਕ ਖਾ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਅਜਿਹੇ ਲੋਕਾਂ ਦੀ ਜਾਂਚ ਅਤੇ ਲਿਸਟਿੰਗ ਸ਼ੁਰੂ ਕਰ ਦਿੱਤੀ ਹੈ। 

ਕਈ ਪਰਿਵਾਰ ਕੋਠੀਆਂ-ਕਾਰਾਂ ਵਾਲੇ, ਫਿਰ ਵੀ ਬਣੇ ਗ਼ਰੀਬ 

ਕੋਰੋਨਾ ਕਾਲ ’ਚ ਢਾਈ ਲੱਖ ਦੇ ਕਰੀਬ ਕਾਰਡ ਬਣਾਏ ਜਾਣੇ ਸਨ ਪਰ ਵੋਟ ਬੈਂਕ ਨੂੰ ਵੇਖਦੇ ਹੋਏ ਆਗੂਆਂ ਨੇ ਸਮਾਰਟ ਕਾਰਡ ਬਣਾਉਣੇ ਸ਼ੁਰੂ ਕਰ ਦਿੱਤੇ। ਸਮਾਰਟ ਕਾਰਡ ਬਣਨ ਦੌਰਾਨ ਉਹ ਲੋਕ ਵੀ ਰਹਿ ਗਏ, ਜਿਨ੍ਹਾਂ ਨੂੰ ਸਹੀ ਮਾਇਨੇ ’ਚ ਇਸ ਦੀ ਲੋੜ ਹੈ। ਡਿਪੂ ਹੋਲਡਰ ਦਾ ਕਹਿਣਾ ਹੈ ਕਿ ਲੋਕ ਕਾਰਾਂ ’ਚ ਕਣਕ ਲੈਣ ਲਈ ਪਹੁੰਚ ਰਹੇ ਹਨ, ਗ਼ਰੀਬ ਉਨਾ ਰੌਲਾ ਨਹੀਂ ਪਾਉਂਦੇ, ਜਿਨ੍ਹਾਂ ਅਮੀਰ ਲੋਕ ਪਾਉਂਦੇ ਹਨ। ਹੁਣ ਇਸ ’ਤੇ ਨਕੇਲ ਕੱਸਣ ਲਈ ਸਮਾਰਡ ਕਾਰਡ ਹੋਲਡਰਾਂ ਦਾ ਆਡਿਟ ਸ਼ੁਰੂ ਹੋ ਗਿਆ ਹੈ। ਇਨ੍ਹਾਂ ’ਚ ਕਈ ਸਮਾਰਟ ਕਾਰਡ ਧਾਰਕ ਅਜਿਹੇ ਹਨ, ਜਿਨ੍ਹਾਂ ਦੇ ਕੋਲ 15 ਤੋਂ 20 ਲੱਖ ਦੀਆਂ ਗੱਡੀਆਂ ਅਤੇ ਦੋ-ਦੋ ਕੋਠੀਆਂ ਹਨ। ਇਨ੍ਹਾਂ ਸਾਰਿਆਂ ਦਾ ਨਾਂ ਹੁਣ ਫੂਡ ਸਪਲਾਈ ਮਹਿਕਮਾ ਜਲਦੀ ਹੀ ਲਿਸਟ ਵਿਚੋਂ ਕੱਢਣ ਦੀ ਤਿਆਰੀ ’ਚ ਹੈ। ਡਿਪੂ ਹੋਲਡਰ ਬਿਸ਼ਨ ਦਾਸ ਮੁਤਾਬਕ ਜੋ ਲਿਸਟ ਪ੍ਰਸ਼ਾਸਨ ਤਿਆਰ ਕਰ ਰਿਹਾ ਹੈ, ਉਸ ’ਚ ਐੱਨ. ਆਰ. ਆਈਜ਼ ਦੇ ਨਾਮ ਵੀ ਸ਼ਾਮਲ ਹਨ। ਉਹ ਖ਼ੁਦ ਵਿਦੇਸ਼ ’ਚ ਹਨ ਪਰ ਜਲੰਧਰ ’ਚ ਉਨ੍ਹਾਂ ਦੇ ਪਰਿਵਾਰ ਵਾਲੇ ਕਣਕ ਲੈ ਰਹੇ ਹਨ। 

ਉਥੇ ਹੀ ਪਤਾ ਲੱਗਾ ਹੈ ਕਿ ਬੂਟਾ ਮੰਡੀ ’ਚ  ਇਕ ਪਰਿਵਾਰ ਦੇ 8 ਮੈਂਬਰ ਵਿਦੇਸ਼ ’ਚ ਹਨ ਅਤੇ ਇਥੇ ਰਹਿ ਰਹੇ ਮੈਂਬਰ ਸਕੀਮ ਦਾ ਲਾਭ ਲੈ ਰਹੇ ਹਨ। ਉਨ੍ਹਾਂ ਦੇ ਕੋਲ ਕਾਫ਼ੀ ਕਾਰਡ ਅਜਿਹੇ ਹਨ, ਜਿਨ੍ਹਾਂ ’ਚ ਪਰਿਵਾਰ ਦੀਆਂ ਧੀਆਂ ਦੇ ਵਿਆਹ ਹੋ ਚੁੱਕੇ ਹਨ ਅਤੇ ਪਰਿਵਾਰ ਦੇ ਕੁਝ ਮੈਂਬਰ ਸ਼ਹਿਰ ਹੀ ਛੱਡ ਚੁੱਕੇ ਹਨ। ਇਸ ਦੇ ਬਾਵਜੂਦ ਉਨ੍ਹਾਂ ਦੇ ਪਰਿਵਾਰ ਵਾਲੇ ਉਨ੍ਹਾਂ ਦੀ ਕਣਕ ਲੈ ਰਹੇ ਹਨ। ਜਦੋਂ ਮਨ੍ਹਾ ਕੀਤਾ ਜਾਂਦਾ ਹੈ ਤਾਂ ਉਹ ਡਿਪੂ ਹੋਲਡਰ ਨਾਲ ਲੜਨ ਲੱਗ ਜਾਂਦੇ ਹਨ। 

ਦੱਸਣਯੋਗ ਹੈ ਕਿ ਪ੍ਰਸ਼ਾਸਨ ਵੱਲੋਂ ਤਿਆਰ ਕੀਤੀ ਜਾ ਰਹੀ ਲਿਸਟ ’ਚ ਗੁਰੂ ਨਾਨਕਪੂਰਾ ਅਤੇ ਲਾਡੋਵਾਲੀ ਰੋਡ ’ਤੇ ਸਮਾਰਟ ਕਾਰਡ ਹੋਲਡਰਾਂ ਦੀ ਚੈਕਿੰਗ ਸ਼ੁਰੂ ਕੀਤੀ ਗਈ ਹੈ। ਇਸ ’ਚ ਸਾਹਮਣੇ ਆਇਆ ਹੈ ਕਿ ਗੁਰੂ ਨਾਨਕਪੁਰਾ ਅਤੇ ਲਾਡੋਵਾਲੀ ਰੋਡ ’ਤੇ ਜਿੰਨ੍ਹੇ ਵੀ ਸਮਾਰਟ ਕਾਰਡ ਹੋਲਡਰ ਹਨ, ਉਨ੍ਹਾਂ ਦੇ ਕੋਲ ਰਹਿਣ ਲਈ ਏ. ਸੀ. ਲੱਗਾ ਵਧੀਆ ਘਰ ਅਤੇ ਕਾਰਾਂ ਵੀ ਹਨ। ਇਸ ਦੇ ਬਾਵਜੂਦ ਦਰਸ਼ਨ ਸਿੰਘ ਡਿਪੂ ਹੋਲਡਰ ਤੋਂ ਕਣਕ ਲੈ ਰਹੇ ਹਨ। ਲਾਡੋਵਾਲੀ ਰੋਡ ਦੇ ਨਾਲ ਲੱਗਦੇ ਪ੍ਰੀਤ ਨਗਰ ’ਚ ਕਾਫ਼ੀ ਅਜਿਹੇ ਕਾਰਡ ਹੋਲਡਰ ਹਨ, ਜਿਨ੍ਹਾਂ ਦੇ ਕੋਲ ਸਾਰੀਆਂ ਸਹੂਲਤਾਂ ਹਨ ਜਦਕਿ ਕਾਫ਼ੀ ਗਰੀਬ ਅਜਿਹੇ ਹਨ, ਜਿਨ੍ਹਾਂ ਦੇ ਕਾਰਡ ਨਹੀਂ ਬਣੇ ਹਨ। ਹੁਣ ਲਿਸਟਿੰਗ ਹੋ ਰਹੀ ਹੈ ਅਤੇ ਹਰ ਹਾਲਾਤ ’ਚ ਨਾਂ ਕੱਟੇ ਜਾਣਗੇ।  ਫੂਡ ਸਪਲਾਈ ਮਹਿਕਮੇ ਦੇ ਡਿਪਟੀ ਡਾਇਰੈਕਟਕ ਰਜਨੀਸ਼ ਰਾਜਪੂਤ ਨੇ ਦੱਸਿਆ ਕਿ ਵੱਡੇ ਪੱਧਰ ’ਤੇ ਸਾਰਿਆਂ ਦੇ ਨਾਂ ਕੱਟੇ ਜਾਣਗੇ, ਜਿਸ ਦੇ ਲਈ ਪ੍ਰਸ਼ਾਸਨ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਦੋਂ ਉਨ੍ਹਾਂ ਦੇ ਕੋਲ ਲਿਸਟ ਆਵੇਗੀ ਤਾਂ ਹਰ ਹਾਲ ’ਚ ਅਯੋਗ ਲੋਕਾਂ  ਦੇ ਨਾਂ ਕੱਟੇ ਜਾਣਗੇ। ਉਨ੍ਹਾਂ ਵੱਲੋਂ ਕੋਠੀਆਂ-ਕਾਰਾਂ ਵਾਲਿਆਂ ਨੂੰ ਆਪਣੇ ਕਾਰਡ ਸਰੰਡਰ ਕਰਨ ਦੀ ਅਪੀਲ ਕੀਤੀ ਗਈ ਹੈ। 

Add a Comment

Your email address will not be published. Required fields are marked *