ਅਡਾਨੀ ਦੇ ਫ਼ਾਇਦੇ ਲਈ ਕੇਂਦਰ ਨੇ ਪੰਜਾਬ ਉੱਤੇ ਵਾਧੂ ਬੋਝ ਪਾਇਆ: ‘ਆਪ’

ਚੰਡੀਗੜ੍ਹ, 8 ਫਰਵਰੀ-: ਆਮ ਆਦਮੀ ਪਾਰਟੀ (ਆਪ) ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਕੋਲੇ ਦੀ ਸਪਲਾਈ ਸਿੱਧੀ ਰੇਲ ਮਾਰਗ ਰਾਹੀਂ ਕਰਵਾਉਣ ਦੀ ਥਾਂ ਰੇਲ-ਸ਼ਿਪ-ਰੇਲ (ਆਰਐੱਸਆਰ) ਫਾਰਮੂਲੇ ਰਾਹੀਂ ਕਰਵਾਉਣ ਦਾ ਵਿਰੋਧ ਕੀਤਾ ਹੈ। ਇਸ ਬਾਰੇ ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਚੰਡੀਗੜ੍ਹ ’ਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਰਐੱਸਆਰ ਰੂਟ ਰਾਹੀਂ ਸੂਬੇ ’ਤੇ ਤਿੰਨ ਗੁਣਾ ਵਿੱਤੀ ਬੋਝ ਪਵੇਗਾ। ਸ੍ਰੀ ਕੰਗ ਨੇ ਕਿਹਾ ਕਿ ਇਸ ਫ਼ੈਸਲੇ ਨੇ ਭਾਜਪਾ ਦਾ ਪੰਜਾਬ ਵਿਰੋਧੀ ਚਿਹਰਾ ਇੱਕ ਵਾਰ ਫਿਰ ਬੇਪਰਦ ਕਰ ਦਿੱਤਾ ਹੈ।

ਸ੍ਰੀ ਕੰਗ ਨੇ ਦੋਸ਼ ਲਗਾਇਆ ਕਿ ਭਾਜਪਾ ’ਤੇ ਅਡਾਨੀ ਸਮੂਹ ਦੇ ਹਿੱਤਾਂ ਦੀ ਰਾਖੀ ਕਰਨ ਲਈ ਸਿੱਧੀ ਆਵਾਜਾਈ ਨੂੰ ਅਪਣਾਉਣ ਦੀ ਥਾਂ ਮੁੰਦਰਾ ਬੰਦਰਗਾਹ ਰਾਹੀਂ ਕੋਲੇ ਦੀ ਢੁਆਈ ਦਾ ਫ਼ੈਸਲਾ ਕੀਤਾ ਹੈ, ਜੋ ਕਿ ਅਡਾਨੀ ਦਾ ਹੈ। ਇਹ ਇੱਕ ਹੋਰ ਸਬੂਤ ਹੈ ਕਿ ਭਾਜਪਾ ਸਿਰਫ਼ ਪੂੰਜੀਪਤੀ ਦੋਸਤਾਂ ਦੇ ਹਿੱਤਾਂ ਦੀ ਰਾਖੀ ਲਈ ਕੰਮ ਕਰਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਲਗਾਤਾਰ ਯਤਨਾਂ ਸਦਕਾ ਪੰਜਾਬ ਦੇ ਲੋਕਾਂ ਨੂੰ ਸਸਤੀ ਅਤੇ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਪਿਛਲੇ ਸਾਲ ਦਸੰਬਰ ਮਹੀਨੇ ਤੋਂ ਪਛਵਾੜਾ ਕੇਂਦਰੀ ਖਾਣ ਤੋਂ ਕੋਲੇ ਦੀ ਸਪਲਾਈ ਮੁੜ ਸ਼ੁਰੂ ਕੀਤੀ ਗਈ ਹੈ। ਇਸ ਨਵੇਂ ਫ਼ੈਸਲੇ ਨਾਲ ਸੂਬਾ ਸਰਕਾਰ ਨੂੰ ਕੋਲੇ ਦੀ ਢੁਆਈ ਲਈ ਘੱਟੋ-ਘੱਟ ਤਿੰਨ ਗੁਣਾ ਵੱਧ ਖ਼ਰਚਾ ਅਦਾ ਕਰਨਾ ਪਵੇਗਾ।

Add a Comment

Your email address will not be published. Required fields are marked *