ਇਜ਼ਰਾਈਲ ‘ਚ PM ਨੇਤਨਯਾਹੂ ਖ਼ਿਲਾਫ਼ ਸੜਕਾਂ ‘ਤੇ ਉਤਰੇ ਲੋਕ

ਹਮਾਸ ਅਤੇ ਇਜ਼ਰਾਈਲ ਵਿਚਾਲੇ ਜਾਰੀ ਜੰਗ ਵਿਚਕਾਰ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਇੱਕ ਵਾਰ ਫਿਰ ਆਪਣੇ ਹੀ ਦੇਸ਼ ਵਿੱਚ ਘਿਰਦੇ ਨਜ਼ਰ ਆ ਰਹੇ ਹਨ। ਰਾਜਧਾਨੀ ਤੇਲ ਅਵੀਵ ਅਤੇ ਯੇਰੂਸ਼ਲਮ ‘ਚ ਸ਼ਨੀਵਾਰ ਦੇਰ ਸ਼ਾਮ ਹਜ਼ਾਰਾਂ ਲੋਕਾਂ ਨੇ ਨੇਤਨਯਾਹੂ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਇਜ਼ਰਾਈਲ ਵਿੱਚ ਤੁਰੰਤ ਚੋਣਾਂ ਦੀ ਮੰਗ ਕੀਤੀ ਅਤੇ ਦੋਸ਼ ਲਾਇਆ ਕਿ ਸਰਕਾਰ ਆਪਣੇ ਫ਼ਾਇਦੇ ਲਈ ਕੰਮ ਕਰ ਰਹੀ ਹੈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ 130 ਤੋਂ ਵੱਧ ਬੰਧਕਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅੱਗਜ਼ਨੀ ਵੀ ਕੀਤੀ।

ਤੇਲ ਅਵੀਵ ਵਿੱਚ ਪ੍ਰਦਰਸ਼ਨ ਕਰ ਰਹੇ ਲੋਕਾਂ ਵਿੱਚ ਬੰਧਕਾਂ ਦੇ ਰਿਸ਼ਤੇਦਾਰ ਵੀ ਸ਼ਾਮਲ ਸਨ। ਪ੍ਰਦਰਸ਼ਨਕਾਰੀਆਂ ਨੇ ਸ਼ਹਿਰ ਦੀ ਰਿੰਗ ਰੋਡ ’ਤੇ ਜਾਮ ਲਾ ਦਿੱਤਾ। ਪ੍ਰਦਰਸ਼ਨਕਾਰੀ ਦੇਸ਼ ਵਿੱਚ ਤੁਰੰਤ ਚੋਣਾਂ ਕਰਵਾਉਣ ਦੇ ਨਾਲ-ਨਾਲ ਬੰਧਕਾਂ ਦੀ ਰਿਹਾਈ ਦੀ ਮੰਗ ਕਰ ਰਹੇ ਸਨ। ਅੰਤਰਰਾਸ਼ਟਰੀ ਮੈਂਬਰਾਂ ਦੀ ਵਿਚੋਲਗੀ ਨਾਲ ਇਜ਼ਰਾਈਲ ਅਤੇ ਹਮਾਸ ਵਿਚਾਲੇ ਐਤਵਾਰ ਸ਼ਾਮ ਨੂੰ ਕਾਹਿਰਾ ‘ਚ ਗੱਲਬਾਤ ਹੋਣੀ ਹੈ, ਇਸ ਗੱਲਬਾਤ ਦਾ ਮਕਸਦ ਗਾਜ਼ਾ ‘ਚ ਆਰਜ਼ੀ ਜੰਗਬੰਦੀ ਸਮਝੌਤੇ ਅਤੇ ਬੰਧਕਾਂ ਦੀ ਰਿਹਾਈ ‘ਤੇ ਚਰਚਾ ਕਰਨਾ ਹੈ। ਇਜ਼ਰਾਇਲੀ ਅਧਿਕਾਰੀਆਂ ਮੁਤਾਬਕ ਗਾਜ਼ਾ ‘ਚ ਘੱਟੋ-ਘੱਟ 134 ਇਜ਼ਰਾਈਲੀ ਅਤੇ ਵਿਦੇਸ਼ੀ ਨਾਗਰਿਕ ਬੰਦੀ ਬਣੇ ਹੋਏ ਹਨ।

ਇਜ਼ਰਾਇਲੀ ਪੁਲਸ ਨੇ ਸ਼ਨੀਵਾਰ ਦੇਰ ਰਾਤ ਸੋਸ਼ਲ ਮੀਡੀਆ ‘ਤੇ ਪੋਸਟ ਕਰਦੇ ਹੋਏ ਕਿਹਾ ਕਿ ਜਨਤਾ ਨੂੰ ਲੋਕਤਾਂਤਰਿਕ ਦੇਸ਼ ‘ਚ ਵਿਰੋਧ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ। ਜਦੋਂ ਤੱਕ ਇਹ ਕਾਨੂੰਨੀ ਦਾਇਰੇ ਵਿੱਚ ਰਹਿੰਦਾ ਹੈ। ਪੁਲਸ ਕਿਸੇ ਵੀ ਅਜਿਹੀ ਗੜਬੜ ਦੀ ਇਜਾਜ਼ਤ ਨਹੀਂ ਦੇਵੇਗੀ ਜੋ ਜਨਤਕ ਸੁਰੱਖਿਆ ਨੂੰ ਖਤਰੇ ਵਿੱਚ ਪਾਉਂਦੀ ਹੋਵੇ ਜਾਂ ਲੋਕਾਂ ਦੀ ਆਜ਼ਾਦੀ ਨੂੰ ਨੁਕਸਾਨ ਪਹੁੰਚਾਉਂਦੀ ਹੋਵੇ। ਨਾਲ ਹੀ ਪੁਲਸ ਨੇ ਦੱਸਿਆ ਕਿ ਐਤਵਾਰ ਸਵੇਰੇ ਤੇਲ ਅਵੀਵ ਵਿੱਚ ਪ੍ਰਦਰਸ਼ਨ ਖ਼ਤਮ ਹੋ ਗਿਆ, ਜਦਕਿ 16 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਜ਼ਰਾਈਲ ਦੇ ਤੇਲ ਅਵੀਵ ਵਿੱਚ ਪਿਛਲੇ ਹਫ਼ਤੇ ਵੀ ਵਿਰੋਧ ਪ੍ਰਦਰਸ਼ਨ ਹੋਇਆ ਸੀ। ਇਸ ਦੌਰਾਨ ਬੰਧਕਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਦੇ ਲਗਭਗ 300 ਲੋਕ ਇਕੱਠੇ ਹੋਏ ਅਤੇ ਇਜ਼ਰਾਈਲੀ ਰੱਖਿਆ ਹੈੱਡਕੁਆਰਟਰ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਕੈਦੀਆਂ ਦੀ ਰਿਹਾਈ ਲਈ ਇਜ਼ਰਾਈਲੀ ਸਰਕਾਰ ਤੋਂ ਤੁਰੰਤ ਸਮਝੌਤੇ ਦੀ ਮੰਗ ਕੀਤੀ।

ਗੌਰਤਲਬ ਹੈ ਕਿ ਨੇਤਨਯਾਹੂ ਨੇ ਹਮਾਸ ਨੂੰ ਖ਼ਤਮ ਕਰਨ ਦੀ ਕਸਮ ਖਾਧੀ ਹੈ। ਨੇਤਨਯਾਹੂ ਨੇ ਸਾਫ਼ ਕਹਿ ਦਿੱਤਾ ਹੈ ਕਿ ਜਦੋਂ ਤੱਕ ਹਮਾਸ ਬੰਧਕਾਂ ਨੂੰ ਰਿਹਾਅ ਨਹੀਂ ਕਰ ਦਿੰਦਾ, ਉਦੋਂ ਤੱਕ ਜੰਗਬੰਦੀ ਨਹੀਂ ਹਟਾਈ ਜਾਵੇਗੀ। ਇਜ਼ਰਾਈਲ ਆਪਣੇ ਹਮਲੇ ਜਾਰੀ ਰੱਖੇਗਾ। ਕਿਉਂਕਿ ਇਹ ਹਮਾਸ ਅੱਗੇ ਗੋਡੇ ਟੇਕਣ ਵਾਂਗ ਹੋਵੇਗਾ। ਇਜ਼ਰਾਈਲੀ ਹਵਾਈ ਅਤੇ ਜ਼ਮੀਨੀ ਹਮਲਿਆਂ ਨੇ ਗਾਜ਼ਾ ਦੇ ਬਹੁਤ ਸਾਰੇ ਹਿੱਸੇ ਨੂੰ ਤਬਾਹ ਕਰ ਦਿੱਤਾ ਹੈ, ਫਲਸਤੀਨੀ ਸਿਹਤ ਅਧਿਕਾਰੀਆਂ ਅਨੁਸਾਰ 28,775 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ ਜ਼ਿਆਦਾਤਰ ਨਾਗਰਿਕ ਸਨ। ਸੰਯੁਕਤ ਰਾਸ਼ਟਰ ਦਫਤਰ (ਓਸੀਐਚਏ) ਦੇ ਅੰਕੜਿਆਂ ਅਨੁਸਾਰ 7 ਅਕਤੂਬਰ, 2023 ਨੂੰ ਇਜ਼ਰਾਈਲ ‘ਤੇ ਹਮਾਸ ਦੇ ਹਮਲੇ ਤੋਂ ਬਾਅਦ ਗਾਜ਼ਾ ਵਿੱਚ 32,623 ਫਲਸਤੀਨੀ ਮਾਰੇ ਗਏ ਹਨ, ਜਦੋਂ ਕਿ 75,092 ਲੋਕ ਜ਼ਖਮੀ ਹੋਏ ਹਨ। ਇਜ਼ਰਾਈਲ ਦੇ ਅੰਕੜਿਆਂ ਅਨੁਸਾਰ 7 ਅਕਤੂਬਰ ਨੂੰ ਹਮਾਸ ਦੇ ਹਮਲੇ ਵਿੱਚ ਲਗਭਗ 1,200 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚ ਜ਼ਿਆਦਾਤਰ ਆਮ ਨਾਗਰਿਕ ਸਨ।

Add a Comment

Your email address will not be published. Required fields are marked *