ਮੈਦਾਨ ’ਚ ਉਤਰੀ ਕੰਗਨਾ ਰਣੌਤ, ਮੰਡੀ ’ਚ ਰੋਡ ਸ਼ੋਅ ਦੌਰਾਨ ਰਾਹੁਲ ਗਾਂਧੀ ‘ਤੇ ਵਿੰਨ੍ਹਿਆ ਨਿਸ਼ਾਨਾ

ਮੰਡੀ – ਦਿੱਲੀ ’ਚ ਹਾਈਕਮਾਨ ਨਾਲ ਮੁਲਾਕਾਤ ਕਰ ਕੇ ਵਾਪਸ ਆਈ ਮੰਡੀ ਸੰਸਦੀ ਹਲਕੇ ਤੋਂ ਭਾਜਪਾ ਦੀ ਉਮੀਦਵਾਰ ਕੰਗਨਾ ਰਾਨੌਤ ਨੇ ਸ਼ੁੱਕਰਵਾਰ ਨੂੰ ਆਪਣੇ ਗ੍ਰਹਿ ਹਲਕੇ ਵਿਚ ਰੋਡ ਸ਼ੋਅ ਕੀਤਾ। ਉਹ ਚੰਡੀਗੜ੍ਹ ਤੋਂ ਸੜਕ ਮਾਰਗ ਰਾਹੀਂ ਹੁੰਦੇ ਹੋਏ ਆਪਣੇ ਗ੍ਰਹਿ ਹਲਕੇ ਦੇ ਐਂਟਰੀ ਗੇਟ ਬਨੋਹਾ ’ਚ ਪਹੁੰਚੀ ਅਤੇ ਉਸ ਤੋਂ ਬਾਅਦ ਪਲਾਸੀ, ਬਲਦਵਾੜਾ, ਖੁਡਲਾ ਤੇ ਭਾਂਬਲਾ ’ਚ ਰੋਡ ਸ਼ੋਅ ਕੀਤਾ। ਕੰਗਨਾ ਨੇ ਕਿਹਾ ਕਿ ਆਪਣੇ ਘਰ ਵਾਪਸ ਆ ਕੇ ਕੌਣ ਖੁਸ਼ ਨਹੀਂ ਹੋਵੇਗਾ ਪਰ ਕਾਂਗਰਸ ਨੂੰ ਇਹ ਖੁਸ਼ੀ ਰਾਸ ਨਹੀਂ ਆਈ ਅਤੇ ਉਸ ਨੇ ਸਿਆਸਤ ਕਰਨੀ ਸ਼ੁਰੂ ਕਰ ਦਿੱਤੀ।

ਉਸ ਨੇ ਕਿਹਾ ਕਿ ਰਾਹੁਲ ਗਾਂਧੀ ਕਹਿੰਦੇ ਹਨ ਕਿ ਹਿੰਦੂਆਂ ਦੀ ਸ਼ਕਤੀ ਹੈ, ਜਿਸ ਨੂੰ ਉਨ੍ਹਾਂ ਨੇ ਖ਼ਤਮ ਕਰਨਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਬੁਲਾਰੇ ਪੁੱਛਦੇ ਹਨ ਕਿ ਮੰਡੀ ਦੀਆਂ ਲੜਕੀਆਂ ਦਾ ਕਿੰਨਾ ਰੇਟ ਚੱਲ ਰਿਹਾ ਹੈ। ਕੰਗਨਾ ਨੇ ਕਿਹਾ ਕਿ ਉਹ ਮੰਡੀ ਜਿਸ ਦਾ ਨਾਂ ਮਾਂਡਵਯ ਰਿਸ਼ੀ ਦੇ ਨਾਂ ’ਤੇ ਰੱਖਿਆ ਗਿਆ ਹੈ, ਉਹ ਮੰਡੀ ਜਿੱਥੇ ਪਰਾਸ਼ਰ ਰਿਸ਼ੀ ਨੇ ਤਪੱਸਿਆ ਕੀਤੀ ਅਤੇ ਉਹ ਮੰਡੀ ਜਿੱਥੇ ਸ਼ਿਵਰਾਤਰੀ ਦਾ ਸਭ ਤੋਂ ਵੱਡਾ ਮੇਲਾ ਲੱਗਦਾ ਹੈ, ਉਸ ਮੰਡੀ ਦੀਆਂ ਭੈਣਾਂ-ਧੀਆਂ ਬਾਰੇ ਇੰਨੀ ਮਾੜੀ ਗੱਲ ਸੋਚਣੀ ਬਹੁਤ ਗਲਤ ਹੈ।

ਇਸ ਦੌਰਾਨ ਮੰਡਿਆਲੀ ਬੋਲੀ ’ਚ ਕੰਗਨਾ ਨੇ ਕਿਹਾ–ਤੁਹਾਂ ਏੜਾ ਨੀ ਸੋਚਨਾ ਕਿ ਕੰਗਨਾ ਕੋਈ ਹੀਰੋਇਨ ਈ, ਕੰਗਨਾ ਕੋਈ ਸਟਾਰ ਈ, ਤੁਹਾਂ ਏੜਾ ਸੋਚਨਾ ਅਹਾਂ ਰੀ ਬੇਟੀ ਹੈ ਅਹਾਂ ਰੀ ਬਹਿਨ ਹੈ। ਕੰਗਨਾ ਨੇ ਕਿਹਾ,‘‘ਮੇਰੇ ਪੜਦਾਦਾ ਜੀ ਨੇ ਵੀ ਵਿਧਾਇਕ ਬਣ ਕੇ ਸੇਵਾ ਕੀਤੀ ਸੀ ਅਤੇ ਹੁਣ ਮੈਂ ਤੁਹਾਡੀ ਸੇਵਾ ਕਰਾਂਗੀ। ਭਾਜਪਾ ਕੇਂਦਰ ਸਰਕਾਰ ਦੀਆਂ 10 ਸਾਲ ਦੀਆਂ ਪ੍ਰਾਪਤੀਆਂ ਅਤੇ ਸੂਬਾ ਸਰਕਾਰ ਦੀਆਂ 15 ਮਹੀਨਿਆਂ ਦੀਆਂ ਨਾਕਾਮੀਆਂ ਤੇ ਮਹਿਲਾ ਸਨਮਾਨ ਨੂੰ ਚੋਣ ਮੁੱਦਾ ਬਣਾਏਗੀ।

ਕੰਗਨਾ ਨੇ ਕਿਹਾ ਕਿ ਕਾਂਗਰਸੀ ਨੇਤਾ ਕਹਿੰਦੇ ਹਨ ਕਿ ਕੰਗਨਾ ਨੂੰ ਜਿਤਾ ਦਿੱਤਾ ਤਾਂ ਉਸ ਨੂੰ ਮਿਲਣ ਲਈ ਮੁੰਬਈ ਜਾਣਾ ਪਵੇਗਾ ਪਰ ਮੈਂ ਅਜਿਹੇ ਲੋਕਾਂ ਨੂੰ ਕਹਿ ਦੇਣਾ ਚਾਹੁੰਦੀ ਹਾਂ ਕਿ ਕੀ ਇਹ ਮੇਰਾ ਘਰ ਹੈ। ਵਿਰੋਧੀ ਭੁਲੇਖਾਪਾਊ ਗੱਲਾਂ ਕਰਦੇ ਰਹਿਣਗੇ, ਉਨ੍ਹਾਂ ਦੀਆਂ ਗੱਲਾਂ ਵਿਚ ਆਉਣ ਦੀ ਲੋੜ ਨਹੀਂ।

Add a Comment

Your email address will not be published. Required fields are marked *