ਰਾਸ਼ਟਰਪਤੀ ਨੇ ਘਰ ਜਾ ਕੇ ਅਡਵਾਨੀ ਨੂੰ ‘ਭਾਰਤ ਰਤਨ’ ਨਾਲ ਕੀਤਾ ਸਨਮਾਨਤ

ਨਵੀਂ ਦਿੱਲੀ-  ਭਾਜਪਾ ਦੇ ਸੀਨੀਅਰ ਨੇਤਾ ਲਾਲਕ੍ਰਿਸ਼ਨ ਅਡਵਾਨੀ ਨੂੰ ਅੱਜ ਯਾਨੀ ਕਿ ਐਤਵਾਰ ਨੂੰ ਭਾਰਤ ਰਤਨ ਨਾਲ ਸਨਮਾਨਤ ਕੀਤਾ ਗਿਆ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅਡਵਾਨੀ ਦੇ ਘਰ ਜਾ ਕੇ ਉਨ੍ਹਾਂ ਨੂੰ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ਨਾਲ ਸਨਮਾਨਤ ਕੀਤਾ ਅਤੇ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਵੀ ਮੌਜੂਦ ਰਹੇ। ਦੱਸ ਦੇਈਏ ਕਿ ਸਿਹਤ ਠੀਕ ਨਾ ਹੋਣ ਦੀ ਵਜ੍ਹਾ ਕਰ ਕੇ ਅਡਵਾਨੀ ਸ਼ਨੀਵਾਰ ਨੂੰ ਰਾਸ਼ਟਰਪਤੀ ਭਵਨ ਵਿਚ ਆਯੋਜਿਤ ਪੁਰਸਕਾਰ ਵੰਡ ਸਮਾਰੋਹ ਵਿਚ ਸ਼ਾਮਲ ਨਹੀਂ ਹੋ ਸਕੇ ਸਨ।

ਦੱਸਣਯੋਗ ਹੈ ਕਿ ਰਾਸ਼ਟਰਪਤੀ ਨੇ ਸ਼ਨੀਵਾਰ (30 ਮਾਰਚ) ਨੂੰ ਰਾਸ਼ਟਰਪਤੀ ਭਵਨ ਵਿਖੇ 4 ਸ਼ਖਸੀਅਤਾਂ ਨੂੰ ਮਰਨ ਉਪਰੰਤ ਭਾਰਤ ਰਤਨ ਨਾਲ ਸਨਮਾਨਤ ਕੀਤਾ। ਇਨ੍ਹਾਂ ਵਿਚ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ, ਸਾਬਕਾ ਪ੍ਰਧਾਨ ਮੰਤਰੀ ਪੀ.ਵੀ. ਨਰਸਿਮਹਾ ਰਾਓ, ਬਿਹਾਰ ਦੇ ਸਾਬਕਾ ਮੁੱਖ ਮੰਤਰੀ ਕਰਪੂਰੀ ਠਾਕੁਰ ਅਤੇ ਖੇਤੀ ਵਿਗਿਆਨੀ ਡਾ.ਐਮ.ਐਸ.ਸਵਾਮੀਨਾਥਨ ਸ਼ਾਮਲ ਹਨ। ਚਾਰ ਸ਼ਖਸੀਅਤਾਂ ਦੇ ਪਰਿਵਾਰਾਂ ਨੇ ਰਾਸ਼ਟਰਪਤੀ ਭਵਨ ਵਿਚ ਇਹ ਸਨਮਾਨ ਪ੍ਰਾਪਤ ਕੀਤਾ। ਨਰਸਿਮਹਾ ਰਾਓ ਦੇ ਪੁੱਤਰ ਪੀਵੀ ਪ੍ਰਭਾਕਰ ਰਾਓ, ਚੌਧਰੀ ਚਰਨ ਸਿੰਘ ਦੇ ਪੋਤੇ ਜਯੰਤ ਚੌਧਰੀ, ਕਰਪੂਰੀ ਠਾਕੁਰ ਦੇ ਪੁੱਤਰ ਰਾਮਨਾਥ ਠਾਕੁਰ ਅਤੇ ਐਮਐਸ ਸਵਾਮੀਨਾਥਨ ਦੀ ਬੇਟੀ ਨਿਤਿਆ ਰਾਓ ਨੇ ਰਾਸ਼ਟਰਪਤੀ ਤੋਂ ਸਨਮਾਨ ਪ੍ਰਾਪਤ ਕੀਤਾ।

ਭਾਰਤ ਰਤਨ ਦੇਸ਼ ਦਾ ਸਰਵਉੱਚ ਨਾਗਰਿਕ ਸਨਮਾਨ ਹੈ। ਇਹ ਰਾਸ਼ਟਰੀ ਸੇਵਾ ਜਿਵੇਂ ਕਿ ਕਲਾ, ਸਾਹਿਤ, ਵਿਗਿਆਨ, ਲੋਕ ਸੇਵਾ ਅਤੇ ਖੇਡਾਂ ਲਈ ਦਿੱਤਾ ਜਾਂਦਾ ਹੈ। ਭਾਰਤ ਰਤਨ ਦਾ ਪੁਰਸਕਾਰ 2 ਜਨਵਰੀ 1954 ਨੂੰ ਤਤਕਾਲੀ ਰਾਸ਼ਟਰਪਤੀ ਡਾ: ਰਾਜੇਂਦਰ ਪ੍ਰਸਾਦ ਵਲੋਂ ਸ਼ੁਰੂ ਕੀਤਾ ਗਿਆ ਸੀ। ਪਹਿਲਾਂ ਇਹ ਸਨਮਾਨ ਜ਼ਿੰਦਾ ਰਹਿੰਦਿਆਂ ਹੀ ਦਿੱਤਾ ਜਾਂਦਾ ਸੀ ਪਰ 1955 ਤੋਂ ਮਰਨ ਉਪਰੰਤ ਵੀ ਭਾਰਤ ਰਤਨ ਦਿੱਤਾ ਜਾਣ ਲੱਗਾ। ਦੇਸ਼ ਦਾ ਪ੍ਰਧਾਨ ਮੰਤਰੀ ਭਾਰਤ ਰਤਨ ਲਈ ਰਾਸ਼ਟਰਪਤੀ ਨੂੰ ਕਿਸੇ ਵਿਅਕਤੀ ਦੇ ਨਾਮ ਦੀ ਸਿਫ਼ਾਰਸ਼ ਕਰਦਾ ਹੈ। ਪੁਰਸਕਾਰ ਪ੍ਰਾਪਤ ਕਰਨ ਵਾਲੇ ਨੂੰ ਇੱਕ ਮੈਡਲ ਅਤੇ ਇੱਕ ਸਰਟੀਫਿਕੇਟ ਦਿੱਤਾ ਜਾਂਦਾ ਹੈ, ਜਿਸ ‘ਤੇ ਰਾਸ਼ਟਰਪਤੀ ਦੇ ਹਸਤਾਖਰ ਹੁੰਦੇ ਹਨ। ਇਸ ਮੈਡਲ ਵਿੱਚ ਪਿੱਪਲ ਦੇ ਪੱਤੇ ਉੱਤੇ ਪਲੈਟੀਨਮ ਦਾ ਚਮਕਦਾ ਸੂਰਜ ਹੈ। ਪੱਤੇ ਦਾ ਕਿਨਾਰਾ ਵੀ ਪਲੈਟੀਨਮ ਹੁੰਦਾ ਹੈ।

Add a Comment

Your email address will not be published. Required fields are marked *