ਤਾਕਤਵਰ ਔਰਤਾਂ ਬਦਲਣਗੀਆਂ ਭਾਰਤ ਦੀ ਤਕਦੀਰ : ਰਾਹੁਲ

ਨਵੀਂ ਦਿੱਲੀ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪਾਰਟੀ ਦੀ ‘ਨਾਰੀ ਨਿਆਏ’ ਗਾਰੰਟੀ ਦਾ ਹਵਾਲਾ ਦਿੰਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ 50 ਫੀਸਦੀ ਸਰਕਾਰੀ ਅਹੁਦਿਆਂ ’ਤੇ ਔਰਤਾਂ ਦੀ ਭਰਤੀ ਦੇਸ਼ ਦੀ ਹਰ ਔਰਤ ਨੂੰ ਮਜ਼ਬੂਤ ਕਰੇਗੀ ਅਤੇ ਤਾਕਤਵਰ ਔਰਤਾਂ ਭਾਰਤ ਦੀ ਤਕਦੀਰ ਬਦਲ ਦੇਣਗੀਆਂ। ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਪੋਸਟ ਕੀਤਾ ਕਿ ਅੱਜ ਵੀ 3 ਵਿਚੋਂ ਸਿਰਫ਼ ਇਕ ਔਰਤ ਕੋਲ ਹੀ ਰੁਜ਼ਗਾਰ ਕਿਉਂ ਹੈ? 10 ਸਰਕਾਰੀ ਨੌਕਰੀਆਂ ਵਿਚੋਂ ਬਸ ਇਕ ਅਹੁਦੇ ’ਤੇ ਔਰਤ ਕਿਉਂ ਹੈ? ਉਨ੍ਹਾਂ ਸਵਾਲ ਕੀਤਾ ਕਿ ਕੀ ਭਾਰਤ ਵਿਚ ਔਰਤਾਂ ਦੀ ਆਬਾਦੀ 50 ਫੀਸਦੀ ਨਹੀਂ ਹੈ? ਕੀ ਹਾਇਰ ਸੈਕੰਡਰੀ ਤੇ ਉੱਚ ਸਿੱਖਿਆ ਤਕ ਔਰਤਾਂ ਦੀ ਮੌਜੂਦਗੀ 50 ਫੀਸਦੀ ਨਹੀਂ ਹੈ? ਜੇਕਰ ਹੈ ਤਾਂ ਫਿਰ ਸਿਸਟਮ ’ਚ ਉਨ੍ਹਾਂ ਦੀ ਹਿੱਸੇਦਾਰੀ ਇੰਨੀ ਘੱਟ ਕਿਉਂ? ਉਨ੍ਹਾਂ ਕਿਹਾ ਕਿ ਕਾਂਗਰਸ ਚਾਹੁੰਦੀ ਹੈ- ਅੱਧੀ ਆਬਾਦੀ, ਪੂਰਾ ਹੱਕ, ਅਸੀਂ ਸਮਝਦੇ ਹਾਂ ਕਿ ਔਰਤਾਂ ਦੀ ਸਮਰੱਥਾ ਦੀ ਪੂਰੀ ਵਰਤੋਂ ਤਾਂ ਹੀ ਹੋਵੇਗੀ ਜਦੋਂ ਦੇਸ਼ ਨੂੰ ਚਲਾਉਣ ਵਾਲੀ ਸਰਕਾਰ ਵਿਚ ਔਰਤਾਂ ਦਾ ਬਰਾਬਰ ਯੋਗਦਾਨ ਹੋਵੇਗਾ।

ਰਾਹੁਲ ਗਾਂਧੀ ਨੇ ਕਿਹਾ ਕਿ ਇਸ ਲਈ ਕਾਂਗਰਸ ਨੇ ਫੈਸਲਾ ਕੀਤਾ ਹੈ ਕਿ ਸਾਰੀਆਂ ਨਵੀਆਂ ਸਰਕਾਰੀ ਨੌਕਰੀਆਂ ਵਿਚ ਭਰਤੀਆਂ ਦਾ ਅੱਧਾ ਹਿੱਸਾ ਔਰਤਾਂ ਲਈ ਰਾਖਵਾਂ ਹੋਣਾ ਚਾਹੀਦਾ ਹੈ। ਅਸੀਂ ਸੰਸਦ ਅਤੇ ਵਿਧਾਨ ਸਭਾ ਵਿਚ ਵੀ ਮਹਿਲਾ ਰਾਖਵਾਂਕਰਨ ਨੂੰ ਤੁਰੰਤ ਲਾਗੂ ਕਰਨ ਦੇ ਹੱਕ ਵਿੱਚ ਹਾਂ। ਉਨ੍ਹਾਂ ਕਿਹਾ ਕਿ ਸੁਰੱਖਿਅਤ ਆਮਦਨ, ਸੁਰੱਖਿਅਤ ਭਵਿੱਖ, ਸਥਿਰਤਾ ਅਤੇ ਸਵੈ-ਮਾਣ ਵਾਲੀਆਂ ਔਰਤਾਂ ਹੀ ਸਮਾਜ ਦੀ ਤਾਕਤ ਬਣਨਗੀਆਂ।

Add a Comment

Your email address will not be published. Required fields are marked *