ਭਾਰਤ ’ਚ 10 ਫ਼ੀਸਦੀ ਦੀ ਦਰ ਨਾਲ ਵਧਣ ਦਾ ਦਮ, 2050 ਤੱਕ ਅਮਰੀਕਾ

ਨਵੀਂ ਦਿੱਲੀ – ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਡਿਪਟੀ ਗਵਰਨਰ ਮਾਈਕਲ ਦੇਬਬ੍ਰਤ ਪਾਤਰਾ ਨੇ ਕਿਹਾ ਹੈ ਕਿ ਭਾਰਤ ਅਗਲੇ ਦਹਾਕੇ ’ਚ 10 ਫ਼ੀਸਦੀ ਦੀ ਵਾਧਾ ਦਰ ਹਾਸਲ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਆਪਣੀ ਊਰਜਾ ਅਤੇ ਬਦਲਾਵਾਂ ਦੇ ਜ਼ਰੀਏ ਚੁਣੌਤੀਆਂ ਤੋਂ ਬਾਹਰ ਨਿਕਲ ਰਿਹਾ ਹੈ। ਅਜਿਹੇ ’ਚ 2032 ਤੱਕ ਭਾਰਤ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਅਤੇ 2050 ਤੱਕ ਸਭ ਤੋਂ ਵੱਡੀ ਅਰਥਵਿਵਸਥਾ ਬਣ ਸਕਦਾ ਹੈ। ਭਾਵ ਉਦੋਂ ਅਮਰੀਕਾ ਅਤੇ ਚੀਨ ਵੀ ਪਿੱਛੇ ਰਹਿ ਜਾਣਗੇ, ਜੋ ਹੁਣ ਦੁਨੀਆ ਦੀ ਪਹਿਲੀ ਅਤੇ ਦੂਜੀ ਵੱਡੀ ਅਰਥਵਿਵਸਥਾ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਹਾਲੀਆ ਵਾਧਾ ਪ੍ਰਦਰਸ਼ਨ ਨੇ ਕਈ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਉਦਾਹਰਣ ਲਈ ਅੰਤਰਰਾਸ਼ਟਰੀ ਮੁਦਰਾ ਫੰਡ (ਆਈ. ਐੱਮ. ਐੱਫ.) ਨੇ ਅਪ੍ਰੈਲ, 2023 ਅਤੇ ਜਨਵਰੀ, 2024 ਦੇ ਦਰਮਿਆਨ ਸੰਚਤ ਰੂਪ ਨਾਲ 2023 ਲਈ ਆਪਣੇ ਅਗਾਊਂ ਅੰਦਾਜ਼ੇ ਨੂੰ 0.8 ਫ਼ੀਸਦੀ ਵਧਾਇਆ ਹੈ।

ਆਈ. ਐੱਮ. ਐੱਫ. ਨੂੰ ਉਮੀਦ ਹੈ ਕਿ ਭਾਰਤ ਗਲੋਬਲ ਵਾਧੇ ’ਚ 16 ਫ਼ੀਸਦੀ ਦਾ ਯੋਗਦਾਨ ਦੇਵੇਗਾ, ਜੋ ਬਾਜ਼ਾਰ ਐਕਸਚੇਂਜ ਦਰਾਂ ਦੇ ਮਾਮਲੇ ’ਚ ਦੁਨੀਆ ’ਚ ਦੂਜਾ ਸਭ ਤੋਂ ਵੱਡਾ ਹਿੱਸਾ ਹੈ। ਇਸ ਮਾਪ ਅਨੁਸਾਰ ਭਾਰਤ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ ਅਤੇ ਆਉਣ ਵਾਲੇ ਦਹਾਕੇ ਦੇ ਅੰਦਰ ਜਰਮਨੀ ਅਤੇ ਜਾਪਾਨ ਤੋਂ ਅੱਗੇ ਨਿਕਲਣ ਦੀ ਸਥਿਤੀ ’ਚ ਹੈ। ਖਰੀਦ ਸ਼ਕਤੀ ਸਮਾਨਤਾ (ਪੀ. ਪੀ. ਪੀ.) ਦੇ ਸੰਦਰਭ ’ਚ ਭਾਰਤੀ ਅਰਥਵਿਵਸਥਾ ਪਹਿਲਾਂ ਹੀ ਦੁਨੀਆ ’ਚ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਹੈ।

ਭਾਰਤ ਦੇ ਜੀ-20 ਸ਼ੇਰਪਾ ਅਮਿਤਾਭ ਕਾਂਤ ਨੇ ਕਿਹਾ ਕਿ ਅਸੀਂ 2047 ਤੱਕ 35,000 ਅਰਬ ਡਾਲਰ ਦੀ ਅਰਥਵਿਵਸਥਾ ਬਣੀਏ, ਇਸ ਲਈ ਅਗਲੇ 3 ਦਹਾਕਿਆਂ ’ਚ 9-10 ਫ਼ੀਸਦੀ ਦੀ ਦਰ ਹਾਸਲ ਕਰਨ ਦੀ ਲੋੜ ਹੈ। ਕਾਂਤ ਨੇ ਕਿਹਾ ਕਿ ਭਾਰਤ 2027 ਤੱਕ ਜਾਪਾਨ ਅਤੇ ਜਰਮਨੀ ਨੂੰ ਪਿੱਛੇ ਛੱਡ ਕੇ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਏਗਾ। ਕਾਂਤ ਨੇ ਕਿਹਾ ਕਿ ਭਾਰਤ ਨੂੰ ਉੱਚੀ ਦਰ ਨਾਲ ਵਾਧਾ ਕਰਨਾ ਚਾਹੀਦਾ। ਭਾਰਤ ਨੂੰ 3 ਦਹਾਕਿਆਂ ਤੱਕ ਹਰ ਸਾਲ 9-10 ਫ਼ੀਸਦੀ ਦੀ ਦਰ ਨਾਲ ਵਾਧਾ ਕਰਨਾ ਚਾਹੀਦਾ।

ਅਕਤੂਬਰ-ਦਸੰਬਰ 2023 ’ਚ ਭਾਰਤ ਦੀ ਅਰਥਵਿਵਸਥਾ ਉਮੀਦ ਨਾਲੋਂ ਬਿਹਤਰ 8.4 ਫ਼ੀਸਦੀ ਦੀ ਦਰ ਨਾਲ ਵਧੀ, ਜੋ ਪਿਛਲੇ ਡੇਢ ਸਾਲ ਦਾ ਸਭ ਤੋਂ ਉੱਚਾ ਪੱਧਰ ਹੈ। ਇਸ ਨਾਲ ਚਾਲੂ ਵਿੱਤੀ ਸਾਲ ਦੇ ਵਿਕਾਸ ਦਰ ਦੇ ਅੰਦਾਜ਼ੇ ਨੂੰ 7.6 ਫ਼ੀਸਦੀ ਤੱਕ ਲੈ ਜਾਣ ’ਚ ਮਦਦ ਮਿਲੀ ਹੈ। ਕਾਂਤ ਨੇ ਕਿਹਾ, ‘‘ਸਾਡੀ ਇੱਛਾ ਇਹ ਹੋਣੀ ਚਾਹੀਦੀ ਕਿ 2047 ਤੱਕ ਅਸੀਂ ਨਾ ਸਿਰਫ਼ 35,000 ਅਰਬ ਡਾਲਰ ਦੀ ਅਰਥਵਿਵਸਥਾ ਬਣੀਏ, ਸਗੋਂ ਅਸੀਂ ਪ੍ਰਤੀ ਵਿਅਕਤੀ ਆਮਦਨ ਨੂੰ ਮੌਜੂਦਾ ਦੇ 3,000 ਡਾਲਰ ਤੋਂ ਵਧਾ ਕੇ 18,000 ਡਾਲਰ ਤੱਕ ਪਹੁੰਚਾਉਣ ’ਚ ਸਮਰੱਥ ਹੋਈਏ।’’ ਫਿਲਹਾਲ ਭਾਰਤੀ ਅਰਥਵਿਵਸਥਾ 3,600 ਅਰਬ ਡਾਲਰ ਦੀ ਹੈ।

ਕਾਂਤ ਨੇ ਕਿਹਾ ਕਿ ਭਾਰਤ ਨੂੰ ਵਾਧੇ ਦਾ ਚੈਂਪੀਅਨ ਬਣਨ ਲਈ ਘੱਟੋ-ਘੱਟ 12 ਸੂਬਿਆਂ ਦੀ ਲੋੜ ਹੈ ਅਤੇ ਉਨ੍ਹਾਂ ਨੂੰ 10 ਫ਼ੀਸਦੀ ਤੋਂ ਵੱਧ ਦੀ ਦਰ ਨਾਲ ਵਿਕਾਸ ਕਰਨਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਝਾਰਖੰਡ, ਛੱਤੀਸਗੜ੍ਹ ਅਤੇ ਬਿਹਾਰ ਵਰਗੇ ਸੂਬਿਆਂ ਦੀ ਵਿਕਾਸ ਦਰ ਉੱਚੀ ਹੋਣੀ ਚਾਹੀਦੀ। ਜੇਕਰ ਇਹ ਸੂਬੇ 10 ਫ਼ੀਸਦੀ ਤੋਂ ਵੱਧ ਦੀ ਦਰ ਨਾਲ ਵਿਕਾਸ ਕਰਨ, ਤਾਂ ਭਾਰਤ 10 ਫ਼ੀਸਦੀ ਤੋਂ ਵੱਧ ਦੀ ਦਰ ਨਾਲ ਅੱਗੇ ਵਧੇਗਾ। ਕਾਂਤ ਨੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਭਾਰਤ ਨੂੰ ਸਿੱਖਿਆ, ਸਿਹਤ ਅਤੇ ਪੋਸ਼ਣ ’ਚ ਭਾਰੀ ਸੁਧਾਰਾਂ ਦੀ ਸ਼ੁਰੂਆਤ ਕਰਨੀ ਚਾਹੀਦੀ।

Add a Comment

Your email address will not be published. Required fields are marked *