ਅਮਰੀਕਾ ‘ਚ ਜਲਦ ਸ਼ੁਰੂ ਹੋਵੇਗਾ H-1B ਵੀਜ਼ਾ ਲਈ ਲਾਟਰੀ ਸਿਸਟਮ

ਅਮਰੀਕੀ ਸਰਕਾਰ ਜਲਦ ਹੀ ਐੱਚ-1ਬੀ ਵੀਜ਼ਾ ਦੇ ਲਾਭਪਾਤਰੀਆਂ ਲਈ ਲਾਟਰੀ ਦਾ ਪਹਿਲਾ ਦੌਰ ਸ਼ੁਰੂ ਕਰਨ ਜਾ ਰਹੀ ਹੈ।  US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (USCIS) H-1B ਵੀਜ਼ਾ ਲਈ ਪਹਿਲਾਂ ਜਮ੍ਹਾਂ ਕਰਵਾਈਆਂ ਇਲੈਕਟ੍ਰਾਨਿਕ ਅਰਜ਼ੀਆਂ ਵਿੱਚੋਂ ਲਾਟਰੀ ਰਾਹੀਂ ਬਿਨੈਕਾਰਾਂ ਦੀ ਚੋਣ ਕਰੇਗੀ। H-1B ਵੀਜ਼ਾ ਲਈ ਰਜਿਸਟ੍ਰੇਸ਼ਨ ਹਾਲ ਹੀ ਵਿੱਚ ਬੰਦ ਹੋ ਗਈ ਹੈ। ਵਿੱਤੀ ਸਾਲ 2025 ਲਈ ਐੱਚ-1ਬੀ ਵੀਜ਼ਾ ਦੀ ਸ਼ੁਰੂਆਤੀ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 22 ਮਾਰਚ ਸੀ। ਹਾਲਾਂਕਿ ਬਾਅਦ ‘ਚ ਇਸ ਨੂੰ 25 ਮਾਰਚ ਤੱਕ ਵਧਾ ਦਿੱਤਾ ਗਿਆ।

USCIS ਨੇ ਐਲਾਨ ਕੀਤਾ ਹੈ ਕਿ ਲਾਟਰੀ ਦੀ ਮਿਤੀ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ। ਕਿਉਂਕਿ ਐੱਚ-1ਬੀ ਵੀਜ਼ਾ ਦੀ ਮੰਗ ਸਭ ਤੋਂ ਜ਼ਿਆਦਾ ਹੈ, ਇਸ ਲਈ ਅਮਰੀਕੀ ਏਜੰਸੀ ਲਾਟਰੀ ਸਿਸਟਮ ਦੀ ਵਰਤੋਂ ਕਰਦੀ ਹੈ। ਅਮਰੀਕਾ ਹਰ ਸਾਲ 85 ਹਜ਼ਾਰ ਲੋਕਾਂ ਨੂੰ ਐੱਚ-1ਬੀ ਵੀਜ਼ਾ ਜਾਰੀ ਕਰਦਾ ਹੈ। ਇਨ੍ਹਾਂ ਵਿੱਚੋਂ 20 ਹਜ਼ਾਰ ਵੀਜ਼ੇ ਅਮਰੀਕਾ ਦੀ ਕਿਸੇ ਵੀ ਯੂਨੀਵਰਸਿਟੀ ਤੋਂ ਡਿਗਰੀ ਹਾਸਲ ਕਰਨ ਵਾਲਿਆਂ ਨੂੰ ਦਿੱਤੇ ਜਾਂਦੇ ਹਨ। ਬਾਕੀ 65 ਹਜ਼ਾਰ ਵੀਜ਼ੇ ਲਾਟਰੀ ਸਿਸਟਮ ਰਾਹੀਂ ਦਿੱਤੇ ਗਏ ਹਨ।

ਯੂ.ਐੱਸ.ਸੀ.ਆਈ.ਐੱਸ. ਮੁਤਾਬਕ ਰਜਿਸਟ੍ਰੇਸ਼ਨ ਖ਼ਤਮ ਹੋਣ ਤੋਂ ਬਾਅਦ ਜਿਨ੍ਹਾਂ ਦੀ ਚੋਣ ਕੀਤੀ ਜਾਵੇਗੀ, ਉਨ੍ਹਾਂ ਨੂੰ 31 ਮਾਰਚ ਤੱਕ ਉਨ੍ਹਾਂ ਦੇ myUSCIS ਆਨਲਾਈਨ ਖਾਤੇ ‘ਤੇ ਇਸ ਬਾਰੇ ਸੂਚਿਤ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ 1 ਅਪ੍ਰੈਲ ਤੋਂ ਐੱਚ-ਬੀ ਕੈਪ ਪਟੀਸ਼ਨ ਲਈ ਆਨਲਾਈਨ ਫਾਰਮ ਜਮ੍ਹਾ ਕੀਤੇ ਜਾਣਗੇ। ਜਦੋਂ ਕਿ H-1B ਗੈਰ-ਕੈਪ ਲਈ ਪਟੀਸ਼ਨ ਦੀ ਮਿਤੀ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ। USCIS ਨੇ ਕਿਹਾ ਕਿ ਗੈਰ-ਪ੍ਰਵਾਸੀ ਕਾਮਿਆਂ ਲਈ ਅਰਜ਼ੀ ਫਾਰਮ I-129 ਅਤੇ ਪ੍ਰੀਮੀਅਮ ਸੇਵਾ ਲਈ ਅਰਜ਼ੀ ਫਾਰਮ I-907 ਆਨਲਾਈਨ ਉਪਲਬਧ ਹੈ।

ਵਿੱਤੀ ਸਾਲ 2025 ਲਈ ਵੀਜ਼ਾ ਅਰਜ਼ੀਆਂ 1 ਅਪ੍ਰੈਲ ਤੋਂ ਲਈਆਂ ਜਾਣਗੀਆਂ। ਸਾਲਾਂ ਬਾਅਦ ਅਮਰੀਕੀ ਸਰਕਾਰ ਨੇ ਵੀਜ਼ਾ ਫੀਸਾਂ ਵਿੱਚ ਵਾਧਾ ਕੀਤਾ ਹੈ। ਵੀਜ਼ਾ ਫੀਸ 10 ਡਾਲਰ ਤੋਂ ਵਧਾ ਕੇ 110 ਡਾਲਰ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਐੱਚ-1ਬੀ ਵੀਜ਼ਾ ਲਈ ਰਜਿਸਟ੍ਰੇਸ਼ਨ ਫੀਸ ਵੀ 10 ਡਾਲਰ ਤੋਂ ਵਧਾ ਕੇ 215 ਡਾਲਰ ਕਰ ਦਿੱਤੀ ਗਈ ਹੈ।

ਇੱਥੇ ਦੱਸ ਦਈਏ ਕਿ H-1B ਵੀਜ਼ਾ ਇੱਕ ਗੈਰ-ਪ੍ਰਵਾਸੀ ਵੀਜ਼ਾ ਹੈ। ਇਹ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਕਰਮਚਾਰੀਆਂ ਨੂੰ ਨੌਕਰੀ ‘ਤੇ ਰੱਖਣ ਦੀ ਇਜਾਜ਼ਤ ਦਿੰਦਾ ਹੈ। ਜਦੋਂ ਵੀ ਕੋਈ ਵਿਅਕਤੀ ਕਿਸੇ ਅਮਰੀਕੀ ਕੰਪਨੀ ਵਿੱਚ ਕੰਮ ਕਰਦਾ ਹੈ ਤਾਂ ਉਸ ਨੂੰ H-1B ਵੀਜ਼ਾ ਜਾਰੀ ਕੀਤਾ ਜਾਂਦਾ ਹੈ। ਸ਼ੁਰੂਆਤੀ ਤੌਰ ‘ਤੇ ਇਹ 3 ਸਾਲਾਂ ਲਈ ਵੈਧ ਹੈ, ਜਿਸ ਨੂੰ 6 ਸਾਲ ਤੱਕ ਵਧਾਇਆ ਜਾ ਸਕਦਾ ਹੈ। H-1B ਵੀਜ਼ਾ ਦੇ ਸਭ ਤੋਂ ਵੱਧ ਲਾਭਪਾਤਰੀ ਭਾਰਤੀ ਹਨ। ਅੰਕੜਿਆਂ ਮੁਤਾਬਕ ਅਮਰੀਕਾ ਹਰ ਸਾਲ ਜਿੰਨੇ ਵੀ ਲੋਕਾਂ ਨੂੰ ਐੱਚ-1ਬੀ ਵੀਜ਼ਾ ਜਾਰੀ ਕਰਦਾ ਹੈ, ਉਨ੍ਹਾਂ ‘ਚੋਂ 70 ਫੀਸਦੀ ਤੋਂ ਜ਼ਿਆਦਾ ਭਾਰਤੀਆਂ ਨੂੰ ਮਿਲਦਾ ਹੈ।

Add a Comment

Your email address will not be published. Required fields are marked *