ਨੇਪਾਲ ਦੇ ਮੇਅਰ ਦੀ ਧੀ ਗੋਆ ਮੈਡੀਟੇਸ਼ਨ ਸੈਂਟਰ ਤੋਂ ਹੋਈ ਲਾਪਤਾ

ਪਣਜੀ – ਨੇਪਾਲ ਦੇ ਮੇਅਰ ਦੀ ਧੀ ਦੇ ਗੋਆ ਵਿਚ ਲਾਪਤਾ ਹੋਣ ਦੀ ਸੂਚਨਾ ਦਿੱਤੇ ਜਾਣ ਦੇ 2 ਦਿਨ ਬਾਅਦ ਬੁੱਧਵਾਰ ਨੂੰ ਉਸ ਦੇ ਇਥੇ ਇਕ ਹੋਟਲ ਵਿਚ ਹੋਣ ਦਾ ਪਤਾ ਲੱਗਾ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਆਰਤੀ ਹਮਾਲ 25 ਮਾਰਚ ਨੂੰ ਜਿਸ ਜਗ੍ਹਾ ਤੋਂ ਲਾਪਤਾ ਹੋਈ ਸੀ, ਉਥੋਂ 20 ਕਿਲੋਮੀਟਰ ਦੂਰ ਸਥਿਤ ਚੋਪਡੇਮ ਪਿੰਡ ਦੇ ਹੋਟਲ ਵਿਚ ਆਪਣੇ 2 ਦੋਸਤਾਂ ਨਾਲ ਮਿਲੀ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ‘ਹਮਾਲ ਇਕ ਮਹੀਨੇ ਪਹਿਲਾਂ ਉੱਤਰ ਗੋਆ ਵਿਚ ਮਾਂਦ੍ਰੇਮ ਦੇ ਨੇੜੇ ਓਸ਼ੋ ਦੇ ਮੈਡੀਟੇਸ਼ਨ ਸੈਂਟਰ ਵਿਚ ਆਈ ਸੀ ਅਤੇ ਇਥੋਂ ਹੀ ਉਸ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ। ਇਸ ਤੋਂ ਬਾਅਦ ਕੇਂਦਰ ਦੇ ਪ੍ਰਬੰਧਕਾਂ ਨੇ ਇਸ ਸਬੰਧੀ ਮਾਂਦ੍ਰੇਮ ਪੁਲਸ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ।’ ਉਨ੍ਹਾਂ ਦੱਸਿਆ ਕਿ ਲਾਪਤਾ ਹੋਣ ਤੋਂ ਪਹਿਲਾਂ ਉਸ ਨੂੰ ਆਖਰੀ ਵਾਰ 25 ਮਾਰਚ ਨੂੰ ਸਿਓਲਿਮ ਵਿਚ ਦੇਖਿਆ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਉਸ ਦਾ ਪਤਾ ਲਾਉਣ ਲਈ ਪੂਰੇ ਸੂਬੇ ਵਿਚ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਸੀ।

ਉਨ੍ਹਾਂ ਕਿਹਾ ਕਿ ਚਸ਼ਮਦੀਦਾਂ ਨੇ ਦਾਅਵਾ ਕੀਤਾ ਕਿ ਜਦੋਂ ਉਨ੍ਹਾਂ ਨੇ ਉਸ ਨੂੰ ਆਖਰੀ ਵਾਰ ਦੇਖਿਆ ਸੀ ਤਾਂ ਉਹ ਪੂਰੀ ਤਰ੍ਹਾਂ ਹੋਸ਼ ਵਿਚ ਸੀ। ਉਨ੍ਹਾਂ ਦੱਸਿਆ ਕਿ ਪੁਲਸ ਨੇ ਸੂਬੇ ਦੇ ਕਾਨਾਕੋਨ ਸਥਿਤ ਓਸ਼ੋ ਦੇ ਇਕ ਹੋਰ ਕੇਂਦਰ ‘ਤੇ ਉਸ ਦੀ ਭਾਲ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ ਉਹ ਅਕਸਰ ਗੋਆ ਆਉਂਦੀ ਰਹਿੰਦੀ ਹੈ। ਉਹ ਓਸ਼ੋ ਮੈਡੀਟੇਸ਼ਨ ਸੈਂਟਰ ‘ਚ ਹੀ ਆਪਣਾ ਫ਼ੋਨ ਭੁੱਲ ਗਈ ਸੀ, ਜਿਸ ਕਾਰਨ ਤਕਨੀਕੀ ਨਿਗਰਾਨੀ ਰਾਹੀਂ ਉਸ ਦਾ ਪਤਾ ਨਹੀਂ ਲੱਗ ਸਕਿਆ। ਅਧਿਕਾਰੀ ਨੇ ਦੱਸਿਆ ਕਿ ਸੂਬਾ ਪੁਲਸ ਨੇ ਉੱਤਰੀ ਗੋਆ ਦੇ ਪਰਨੇਮ ਅਤੇ ਮਾਂਦ੍ਰੇਮ ਖੇਤਰਾਂ ਵਿਚ ਅਤੇ ਉਸ ਦੇ ਆਲੇ-ਦੁਆਲੇ ਦੇ ਸਾਰੇ ਹੋਟਲਾਂ ਦੀ ਤਲਾਸ਼ੀ ਲਈ। ਬੁੱਧਵਾਰ ਨੂੰ ਹਮਾਲ ਆਪਣੇ ਦੋ ਹੋਰ ਦੋਸਤਾਂ ਨਾਲ ਚੋਪਡੇਮ ਪਿੰਡ ਸਥਿਤ ਇਕ ਹੋਟਲ ‘ਚ ਮਿਲੀ। ਅਧਿਕਾਰੀ ਨੇ ਦੱਸਿਆ ਕਿ ਪੁਲਸ ਉਸ ਦੇ ਬਿਆਨ ਦਰਜ ਕਰ ਰਹੀ ਹੈ ਅਤੇ ਉਸ ਦੇ ਪਰਿਵਾਰਕ ਮੈਂਬਰ ਵੀ ਗੋਆ ਪਹੁੰਚ ਚੁੱਕੇ ਹਨ। ਹਮਾਲ ਦੇ ਪਿਤਾ ਨੇ ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਆਪਣੀ ਧੀ ਦੀ ਭਾਲ ਲਈ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਸੀ।

Add a Comment

Your email address will not be published. Required fields are marked *