IPL 2024 : ਗੇਂਦਬਾਜ਼ੀ ਤੋਂ ਬਾਅਦ ਬੱਲੇਬਾਜ਼ੀ ‘ਚ ਵੀ ਗੁਜਰਾਤ ਹੋਈ ‘ਫਲਾਪ’

ਚੇਨਈ ਦੇ ਚੇਪਾਕ ਸਟੇਡੀਅਮ ‘ਚ ਖੇਡੇ ਗਏ ਆਈ.ਪੀ.ਐੱਲ. ਦੇ ਚੇਨਈ ਸੁਪਰਕਿੰਗਜ਼ ਅਤੇ ਗੁਜਰਾਤ ਟਾਈਟਨਸ ਦੇ ਮੁਕਾਬਲੇ ‘ਚ ਚੇਨਈ ਨੇ ਗੁਜਰਾਤ ਨੂੰ ਇਕਤਰਫਾ ਅੰਦਾਜ਼ ‘ਚ 63 ਦੌੜਾਂ ਨਾਲ ਹਰਾ ਕੇ ਇਸ ਸੀਜ਼ਨ ਦੀ ਲਗਾਤਾਰ ਦੂਜੀ ਜਿੱਤ ਹਾਸਲ ਕਰ ਲਈ ਹੈ। ਇਸ ਮੈਚ ‘ਚ ਗੁਜਰਾਤ ਪੂਰੀ ਤਰ੍ਹਾਂ ਚੇਨਈ ਤੋਂ ਪਿਛੜੀ ਹੋਈ ਦਿਖਾਈ ਦਿੱਤੀ, ਜਿੱਥੇ ਪਹਿਲਾਂ ਗੁਜਰਾਤ ਦੇ ਗੇਂਦਬਾਜ਼ਾਂ ਨੇ 200 ਤੋਂ ਵੱਧ ਦੌੜਾਂ ਦੇ ਦਿੱਤੀਆਂ ਤੇ ਬਾਅਦ ‘ਚ ਬੱਲੇਬਾਜ਼ੀ ‘ਚ ਵੀ ਸਾਈ ਸੁਦਰਸ਼ਨ ਤੋਂ ਇਲਾਵਾ ਕੋਈ ਵੀ 30 ਦੌੜਾਂ ਦਾ ਅੰਕੜਾ ਪਾਰ ਨਾ ਕਰ ਸਕਿਆ। 

ਇਸ ਤੋਂ ਪਹਿਲਾਂ ਗੁਜਰਾਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਜੋ ਕਿ ਚੇਨਈ ਦੇ ਬੱਲੇਬਾਜ਼ਾਂ ਨੇ ਗ਼ਲਤ ਸਾਬਿਤ ਕਰ ਦਿੱਤਾ। ਬੱਲੇਬਾਜ਼ੀ ਦਾ ਸੱਦਾ ਮਿਲਣ ‘ਤੇ ਚੇਨਈ ਦੇ ਓਪਨਰਾਂ ਨੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਕਪਤਾਨ ਰੁਤੂਰਾਜ ਗਾਇਕਵਾੜ (46) ਅਤੇ ਰਚਿਨ ਰਵਿੰਦਰਾ (46) ਨੇ ਪਹਿਲੀ ਵਿਕਟ ਲਈ ਸਿਰਫ਼ 5 ਓਵਰਾਂ ‘ਚ 62 ਦੌੜਾਂ ਦੀ ਸਾਂਝੇਦਾਰੀ ਕੀਤੀ। 

ਇਸ ਤੋਂ ਬਾਅਦ ਆਏ ਅਜਿੰਕਿਆ ਰਹਾਣੇ ਨੇ 12 ਦੌੜਾਂ ਦਾ ਯੋਗਦਾਨ ਦਿੱਤਾ। ਪਰ ਸ਼ਾਨਦਾਰ ਫਾਰਮ ‘ਚ ਚੱਲ ਰਹੇ ਖੱਬੇ ਹੱਥ ਦੇ ਬੱਲੇਬਾਜ਼ ਸਿਵਮ ਦੁਬੇ ਨੇ ਤੂਫ਼ਾਨੀ ਪਾਰੀ ਖੇਡੀ ਤੇ 23 ਗੇਂਦਾਂ ‘ਚ 2 ਚੌਕਿਆਂ ਤੇ 5 ਛੱਕਿਆਂ ਦੀ ਮਦਦ ਨਾਲ 51 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਡੈਰੇਲ ਮਿਚੇਲ ਦੀਆਂ 24 ਦੌੜਾਂ ਦੀ ਬਦੌਲਤ ਚੇਨਈ ਨੇ 20 ਓਵਰਾਂ ‘ਚ 6 ਵਿਕਟਾਂ ਗੁਆ ਕੇ 206 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। 

ਇਸ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਗੁਜਰਾਤ ਟਾਈਟਨਸ ਵੱਲੋਂ ਕਪਤਾਨ ਸ਼ੁੱਭਮਨ ਗਿੱਲ ਸਿਰਫ਼ 8 ਦੌੜਾਂ ਬਣਾ ਕੇ ਦੀਪਕ ਚਾਹਰ ਦੀ ਗੇਂਦ ‘ਤੇ ਐੱਲ.ਬੀ.ਡਬਲਯੂ. ਆਊਟ ਹੋ ਗਏ। ਵਿਕਟਕੀਪਰ ਸਾਹਾ ਨੇ 17 ਗੇਂਦਾਂ ‘ਚ 4 ਚੌਕਿਆਂ ਦੀ ਮਦਦ ਨਾਲ 21 ਦੌੜਾਂ ਬਣਾਈਆਂ। ਸਾਈ ਸੁਦਰਸ਼ਨ ਨੇ 31 ਗੇਂਦਾਂ ‘ਚ 37 ਦੌੜਾਂ ਦੀ ਹੌਲੀ ਪਰ ਸਾਹਸੀ ਪਾਰੀ ਖੇਡੀ, ਪਰ ਉਹ ਵੀ ਜ਼ਰੂਰੀ ਰਨ-ਰੇਟ ਦੇ ਦਬਾਅ ਹੇਠ ਗ਼ਲਤ ਸ਼ਾਟ ਖੇਡ ਕੇ ਆਊਟ ਹੋ ਗਿਆ। 

ਵਿਜੈ ਸ਼ੰਕਰ (12) ਅਤੇ ਡੇਵਿਡ ਮਿਲਰ (21) ਵੀ ਟੀਮ ਨੂੰ ਹਾਰ ਤੋਂ ਨਾ ਬਚਾ ਸਕੇ। ਅਖ਼ੀਰ ਟੀਮ 20 ਓਵਰਾਂ ‘ਚ 8 ਵਿਕਟਾਂ ਗੁਆ ਕੇ 143 ਦੌੜਾਂ ਹੀ ਬਣਾ ਸਕੀ। ਚੇਨਈ ਵੱਲੋਂ ਤੁਸ਼ਾਰ ਦੇਸ਼ਪਾਂਡੇ, ਮੁਸਤਫਿਜ਼ੁਰ ਰਹਿਮਾਨ ਅਤੇ ਦੀਪਕ ਚਾਹਰ ਨੇ ਆਪਣੇ 4-4 ਓਵਰਾਂ ਦੇ ਸਪੈੱਲ ‘ਚ 2-2 ਵਿਕਟਾਂ ਲਈਆਂ, ਜਦਕਿ ਡੈਰਿਲ ਮਿਚਲ ਅਤੇ ਮਥੀਸ਼ਾ ਪਥਿਰਾਣਾ ਨੇ 1-1 ਬੱਲੇਬਾਜ਼ ਨੂੰ ਆਊਟ ਕੀਤਾ। ਇਸ ਮੈਚ ‘ਚ ਚੇਨਈ ਦੀ ਜਿੱਤ ਤੋਂ ਬਾਅਦ ਇਸ ਸੀਜ਼ਨ ਸਾਰੇ ਮੁਕਾਬਲੇ ਘਰੇਲੂ ਟੀਮ ਵੱਲੋਂ ਜਿੱਤੇ ਜਾਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਤੋਂ ਪਹਿਲਾਂ ਵੀ ਇਸ ਸੀਜ਼ਨ ਹੋਏ ਸਾਰੇ 6 ਮੈਚ ਘਰੇਲੂ ਟੀਮ ਨੇ ਹੀ ਜਿੱਤੇ ਸਨ। ਇਹ ਹਾਰ ਦੌੜਾਂ ਦੇ ਲਿਹਾਜ਼ ਨਾਲ ਗੁਜਰਾਤ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਹਾਰ ਹੈ। 

Add a Comment

Your email address will not be published. Required fields are marked *