ਅਚਿੰਤਾ ਸ਼ਿਓਲੀ ਨੇ ਭਾਰਤ ਲਈ ਜਿੱਤਿਆ ਸੋਨ ਤਗ਼ਮਾ

ਬਰਮਿੰਘਮ, 1 ਅਗਸਤ

ਰਾਸ਼ਟਰਮੰਡਲ ਖੇਡਾਂ ਦੇ ਵੇਟਲਿਫਟਿੰਗ ਮੁਕਾਬਲੇ ’ਚ ਭਾਰਤ ਲਈ ਸੋਨ ਤਗ਼ਮਿਆਂ ਦੀ ਮੁਹਿੰਮ ਜਾਰੀ ਰਖਦਿਆਂ ਅਚਿੰਤਾ ਸ਼ਿਓਲੀ ਨੇ ਪੁਰਸ਼ਾਂ ਦੇ 73 ਕਿਲੋ ਭਾਰ ਵਰਗ ’ਚ ਨਵੇਂ ਰਿਕਾਰਡ ਨਾਲ ਬਾਜ਼ੀ ਮਾਰੀ ਤੇ ਦੇਸ਼ ਨੂੰ ਤੀਜਾ ਪੀਲਾ ਤਗ਼ਮਾ ਦਿਵਾਇਆ। ਇਸ ਤੋਂ ਪਹਿਲਾਂ ਟੋਕੀਓ ਓਲੰਪਿਕ ’ਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਮੀਰਾ ਬਾਈ ਚਾਨੂ ਤੇ ਜੇਰੇਮੀ ਲਾਲਰਿਨੁੰਗਾ ਨੇ ਭਾਰਤ ਨੂੰ ਵੇਟਲਿਫਟਿੰਗ ’ਚ ਸੋਨ ਤਗ਼ਮੇ ਦਿਵਾਏ ਸਨ।

ਪੱਛਮੀ ਬੰਗਾਲ ਦੇ 21 ਸਾਲ ਸ਼ਿਓਲੀ ਨੇ ਸਨੈਚ ’ਚ 143 ਕਿਲੋ ਭਾਰ ਚੁੱਕਿਆ ਜੋ ਰਾਸ਼ਟਰਮੰਡਲ ਖੇਡਾਂ ਦਾ ਨਵਾਂ ਰਿਕਾਰਡ ਹੈ। ਉਸ ਨੇ ਕਲੀਨ ਤੇ ਜਰਕ ’ਚ 170 ਕਿਲੋ ਸਮੇਤ ਕੁੱਲ 313 ਕਿਲੋ ਵਜ਼ਨ ਚੁੱਕ ਕੇ ਰਾਸ਼ਟਰਮੰਡਲ ਖੇਡਾਂ ਦਾ ਰਿਕਾਰਡ ਆਪਣੇ ਨਾਂ ਕੀਤਾ। ਪਿਛਲੇ ਸਾਲ ਜੂਨੀਅਰ ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ ’ਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੇ ਸ਼ਿਓਲੀ ਨੇ ਦੋਵਾਂ ਸਭ ਤੋਂ ਵਧੀਆਂ ਲਿਫਟ ਤੀਜੀ ਕੋਸ਼ਿਸ਼ ’ਚ ਕੀਤੀਆਂ। ਇਸ ਮੁਕਾਬਲੇ ’ਚ ਮਲੇਸ਼ੀਆ ਦੇ ਈ ਹਿਦਾਇਤ ਮੁਹੰਮਦ ਨੇ ਚਾਂਦੀ ਤੇ ਕੈਨੇਡਾ ਦੇ ਸ਼ਾਦ ਡਾਰਸਿਗਨੀ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਉਨ੍ਹਾਂ ਕ੍ਰਮਵਾਰ 303 ਤੇ 298 ਕਿਲੋ ਵਜ਼ਨ ਚੁੱਕਿਆ। ਸ਼ਿਓਲੀ ਨੇ ਜਿੱਤ ਮਗਰੋਂ ਕਿਹਾ, ‘ਮੈਂ ਇਸ ਜਿੱਤ ਤੋਂ ਬਹੁਤ ਖੁਸ਼ ਹਾਂ। ਮੈਂ ਇਸ ਤਗ਼ਮੇ ਲਈ ਸਖ਼ਤ ਮਿਹਨਤ ਕੀਤੀ ਸੀ। ਮੇਰੇ ਭਰਾ, ਮਾਂ, ਮੇਰੇ ਕੋਚ ਤੇ ਸੈਨਾ ਦੇ ਬਲੀਦਾਨ ਨਾਲ ਮੈਨੂੰ ਇਹ ਤਗ਼ਮਾ ਮਿਲਿਆ ਹੈ।’ ਉਸ ਨੇ ਕਿਹਾ, ‘ਇਹ ਮੇਰੀ ਜ਼ਿੰਦਗੀ ਦਾ ਪਹਿਲਾ ਵੱਡਾ ਮੁਕਾਬਲਾ ਸੀ ਅਤੇ ਮੈਂ ਇਸ ਮੁਕਾਮ ’ਤੇ ਪਹੁੰਚਣ ਲਈ ਇਨ੍ਹਾਂ ਸਾਰਿਆਂ ਦਾ ਸ਼ੁਕਰੀਆ ਕਰਦਾ ਹਾਂ। ਇਹ ਤਗ਼ਮਾ ਮੈਨੂੰ ਜ਼ਿੰਦਗੀ ਦੇ ਹਰ ਪੱਖ ’ਚ ਮਦਦ ਕਰੇਗਾ। ਹੁਣ ਇੱਥੋਂ ਪਿੱਛੇ ਮੁੜ ਕੇ ਨਹੀਂ ਦੇਖਣਾ।’ ਉਸ ਨੇ ਕਿਹਾ ਕਿ ਉਹ ਇਹ ਤਗ਼ਮਾ ਆਪਣੇ ਮਰਹੂਮ ਪਿਤਾ, ਆਪਣੀ ਮਾਂ ਤੇ ਕੋਚ ਵਿਜੈ ਸ਼ਰਮਾ ਨੂੰ ਸਮਰਪਿਤ ਕਰਦੇ ਹਨ।

ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਦਿੱਤੀ ਵਧਾਈ

ਨਵੀਂ ਦਿੱਲੀ:ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਮੰਡਲ ਖੇਡਾਂ ਦੇ ਵੇਟਲਿਫਟਿੰਗ ਮੁਕਾਬਲੇ ’ਚ ਸੋਨ ਤਗ਼ਮਾ ਜਿੱਤਣ ਵਾਲੇ ਅਚਿੰਤਾ ਸ਼ਿਓਲੀ ਨੂੰ ਵਧਾਈ ਤੇ ਸ਼ੁਭ ਕਾਮਨਾਵਾਂ ਦਿੱਤੀਆਂ। ਰਾਸ਼ਟਰਪਤੀ ਨੇ ਟਵੀਟ ਕੀਤਾ, ‘ਤੁਸੀਂ ਚੈਂਪੀਅਨ ਹੋ ਜਿਨ੍ਹਾਂ ਇਤਿਹਾਸ ਰਚਿਆ। ਬਹੁਤ ਬਹੁਤ ਵਧਾਈ। ਅਚਿੰਤਾ ਸ਼ਿਓਲੀ ਨੇ ਸੋਨ ਤਗ਼ਮਾ ਜਿੱਤ ਕੇ ਤੇ ਰਾਸ਼ਟਰ ਮੰਡਲ ਖੇਡਾਂ ’ਚ ਤਿਰੰਗਾ ਲਹਿਰਾ ਕੇ ਭਾਰਤ ਦਾ ਮਾਣ ਵਧਾਇਆ ਹੈ।’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਖੁਸ਼ੀ ਹੈ ਕਿ ਪ੍ਰਤਿਭਾਸ਼ਾਲੀ ਅਚਿੰਤਾ ਸ਼ਿਓਲੀ ਨੇ ਰਾਸ਼ਟਰਮੰਡਲ ਖੇਡਾਂ ’ਚ ਸੋਨ ਤਗ਼ਮਾ ਜਿੱਤਿਆ। ਉਹ ਆਪਣੇ ਸ਼ਾਂਤ ਸੁਭਾਅ ਤੇ ਦ੍ਰਿੜ੍ਹਤਾ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ।

ਮਾਮੂਲੀ ਫਰਕ ਨਾਲ ਤਗ਼ਮੇ ਤੋਂ ਖੁੰਝਿਆ ਅਜੈ ਸਿੰਘ

ਭਾਰਤੀ ਵੇਟਲਿਫਟਰ ਮੁਕਾਬਲੇ ’ਚ ਹਿੱਸਾ ਲੈਂਦਾ ਹੋਇਆ।

ਸਨੈਚ ’ਚ ਘੱਟ ਭਾਰ ਚੁੱਕਣ ਅਤੇ ਕਲੀਨ ਤੇ ਜਰਕ ’ਚ ਗਲਤੀ ਦਾ ਖਮਿਆਜ਼ਾ ਅਜੈ ਸਿੰਘ (81 ਕਿਲੋਗ੍ਰਾਮ) ਨੂੰ ਅੱਜ ਉਸ ਸਮੇਂ ਭਰਨਾ ਪਿਆ ਜਦੋਂ ਉਹ ਰਾਸ਼ਟਰਮੰਡਲ ਖੇਡਾਂ ’ਚ ਹਿੱਸਾ ਲੈਂਦੇ ਹੋਏ ਮਾਮੂਲੀ ਫਰਕ ਨਾਲ ਕਾਂਸੀ ਦੇ ਤਗ਼ਮੇ ਤੋਂ ਖੁੰਝ ਗਿਆ। 25 ਸਾਲਾ ਅਜੈ ਪੁਰਸ਼ਾਂ ਦੇ 81 ਕਿਲੋਗ੍ਰਾਮ ਭਾਰ ਵਰਗ ਦੇ ਮੁਕਾਬਲੇ ’ਚ ਕੁੱਲ 319 ਕਿਲੋ (143 ਤੇ 176 ਕਿਲੋ) ਵਜ਼ਨ ਚੁੱਕ ਕੇ ਚੌਥੇ ਸਥਾਨ ’ਤੇ ਰਿਹਾ। ਘਰੇਲੂ ਦਰਸ਼ਕਾਂ ਨੂੰ ਇੰਗਲੈਂਡ ਦੇ ਕ੍ਰਿਸ ਮਰੇ ਨੇ ਨਿਰਾਸ਼ ਨਹੀਂ ਕੀਤਾ ਅਤੇ ਉਸ ਨੇ ਕੁੱਲ 325 ਕਿਲੋ (144 ਤੇ 181 ਕਿਲੋ) ਵਜ਼ਨ ਚੁੱਕ ਕੇ ਰਾਸ਼ਟਰ ਮੰਡਲ ਖੇਡਾਂ ਦੇ ਨਵੇਂ ਰਿਕਾਰਡ ਨਾਲ ਸੋਨ ਤਗ਼ਮਾ ਜਿੱਤਿਆ। ਆਸਟਰੇਲੀਆ ਦੇ ਕਾਇਲ ਬਰੂਸ ਨੇ ਕੁੱਲ 323 ਕਿਲੋ (143 ਤੇ 180 ਕਿਲੋ) ਵਜ਼ਨ ਚੁੱਕ ਕੇ ਚਾਂਦੀ ਦਾ ਤਗ਼ਮਾ ਜਿੱਤਿਆ ਜਦਕਿ ਕੈਨੇਡਾ ਦੇ ਨਿਕੋਲਸ ਵਾਚੋਨ ਨੇ ਕੁੱਲ 320 ਕਿਲੋ (140 ਤੇ 180 ਕਿਲੋ) ਵਜ਼ਨ ਚੁੱਕ ਕੇ ਕਾਂਸੀ ਦਾ ਤਗ਼ਮਾ ਆਪਣੇ ਨਾਂ ਕੀਤਾ।

Add a Comment

Your email address will not be published. Required fields are marked *