ਸ਼ੰਭੂ ਬਾਰਡਰ ’ਤੇ ਇਕ ਹੋਰ ਕਿਸਾਨ ਦੀ ਮੌਤ, ਹੁਣ ਤਕ 12 ਗਵਾ ਚੁੱਕੇ ਆਪਣੀ ਜਾਨ

ਪਟਿਆਲਾ/ਸਨੌਰ– ਸ਼ੰਭੂ ਬਾਰਡਰ ’ਤੇ ਚੱਲ ਰਹੇ ਕਿਸਾਨਾਂ ਦੇ ਮੋਰਚੇ ’ਚ ਹਿੱਸਾ ਲੈ ਰਹੇ ਅੱਜ ਇਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ, ਜਿਸ ਨੂੰ ਲੈ ਕੇ ਕਿਸਾਨਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕਿਸਾਨ ਅੰਦੋਲਨ ਦੇ 45ਵੇਂ ਦਿਨ ਤੱਕ ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਸਮੇਤ 12 ਕਿਸਾਨ ਮੌਤ ਦੇ ਮੂੰਹ ਜਾ ਪਏ ਹਨ। ਅੱਜ ਮੌਤ ਦੇ ਮੂੰਹ ਪਿਆ ਇਹ ਕਿਸਾਨ ਸ਼ੇਰ ਸਿੰਘ (70) ਪੁੱਤਰ ਰੁਲਦਾ ਸਿੰਘ ਪਟਿਆਲਾ ਦੇ ਨਾਲ ਲੱਗਦੇ ਥਾਣਾ ਬਖਸ਼ੀਵਾਲਾ ਦੇ ਪਿੰਡ ਸਿੱਧੂਵਾਲ ਦਾ ਵਸਨੀਕ ਸੀ।

ਜਾਣਕਾਰੀ ਅਨੁਸਾਰ ਉਹ ਕਈ ਦਿਨਾਂ ਤੋਂ ਸ਼ੰਭੂ ਬਾਰਡਰ ’ਤੇ ਸਰਗਰਮ ਸੀ ਪਰ 25 ਮਾਰਚ ਨੂੰ ਅਚਾਨਕ ਹੀ ਉਸ ਦਾ ਸ਼ੂਗਰ ਲੈਵਲ ਵਧਣ ਸਮੇਤ ਉਸ ਨੂੰ ਬੁਖ਼ਾਰ ਵੀ ਹੋ ਗਿਆ, ਜਿਸ ਕਾਰਨ ਉਸ ਨੂੰ ਤੁੰਰਤ ਸਿਵਲ ਹਸਪਾਤਲ ਰਾਜਪੁਰਾ ਵਿਖੇ ਲਿਜਾਇਆ ਗਿਆ ਪਰ ਹਾਲਤ ’ਚ ਸੁਧਾਰ ਨਾ ਹੁੰਦਾ ਦੇਖ ਉਥੋਂ ਦੇ ਡਾਕਟਰਾਂ ਨੇ ਸ਼ੇਰ ਸਿੰਘ ਨੂੰ ਰੈਫਰ ਕਰਦਿਆਂ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਭੇਜ ਦਿਤਾ। ਇਥੇ ਡਾਕਟਰਾਂ ਨੇ ਕਈ ਘੰਟਿਆਂ ਤੱਕ ਉਸ ਦਾ ਇਲਾਜ ਕੀਤਾ ਪਰ 26 ਮਾਰਚ ਨੂੰ ਇਹ ਬਜ਼ੁਰਗ ਕਿਸਾਨ ਇਲਾਜ ਦੌਰਾਨ ਹੀ ਦਮ ਤੋੜ ਗਿਆ।

Add a Comment

Your email address will not be published. Required fields are marked *