ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਮਨਾਈ ਹੋਲੀ

ਜਲੰਧਰ – ਅੱਜ ਪੂਰੇ ਦੇਸ਼ ਤੇ ਦੁਨੀਆ ‘ਚ ਹੋਲੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ। ਇਹ ਇਕ ਅਜਿਹਾ ਤਿਉਹਾਰ ਹੈ, ਜੋ ਕਿ ਲੋਕ ਜਾਤਾਂ-ਪਾਤਾਂ ਤੇ ਧਰਮਾਂ ਨੂੰ ਭੁੱਲ ਕੇ ਰਲ਼-ਮਿਲ ਕੇ ਮਨਾਉਂਦੇ ਹਨ। ਜਦੋਂ ਇਹ ਤਿਉਹਾਰ ਹਰ ਸਾਲ ਪੂਰੇ ਦੇਸ਼ ਤੇ ਦੁਨੀਆ ‘ਚ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ, ਉੱਥੇ ਹੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਸ ਦੇ ਪਿੰਡ ਮੂਸਾ ‘ਚ ਅੱਜ 2 ਸਾਲ ਬਾਅਦ ਪਹਿਲੀ ਵਾਰ ਹੋਲੀ ਦਾ ਤਿਉਹਾਰ ਮਨਾਇਆ ਗਿਆ। ਇਸ ਦੌਰਾਨ ਲੋਕਾਂ ਨੇ ਨਿੱਕੇ ਸਿੱਧੂ ਦੇ ਜਨਮ ਦੀ ਖੁਸ਼ੀ ‘ਚ ਬਹੁਤ ਹੀ ਖੁਸ਼ੀ ਤੇ ਉਤਸ਼ਾਹ ਨਾਲ ਇਹ ਤਿਉਹਾਰ ਮਨਾਇਆ। 

ਇਸ ਖੁਸ਼ੀ ਦੇ ਮੌਕੇ ‘ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਾਫ਼ੀ ਭਾਵੁਕ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਸਿੱਧੂ ਨੇ ਕਦੇ ਵੀ ਆਪਣਾ ਨਾਂ ਸ਼ੁੱਭਦੀਪ ਸਿੰਘ ਸਿੱਧੂ ਦੱਸ ਕੇ ਮਸ਼ਹੂਰ ਹੋਣ ਦੀ ਕੋਸ਼ਿਸ਼ ਨਹੀਂ ਕੀਤੀ। ਉਸ ਨੇ ਆਪਣਾ ਨਾਂ ਸਿੱਧੂ ਮੂਸੇਵਾਲਾ ਇਸ ਕਾਰਨ ਰੱਖਿਆ ਤਾਂ ਜੋ ਉਨ੍ਹਾਂ ਦੇ ਪਿੰਡ ਦਾ ਰਹਿਣ ਵਾਲਾ ਹਰੇਕ ਵਿਅਕਤੀ ਆਪਣੇ ਆਪ ਨੂੰ ਸਿੱਧੂ ਮੂਸੇਵਾਲਾ ਸਮਝ ਸਕੇ। 

ਉਨ੍ਹਾਂ ਅੱਗੇ ਦੱਸਿਆ ਕਿ ਜਦੋਂ ਵੀ ਪਿੰਡ ‘ਚ ਕਿਸੇ ਧੀ-ਭੈਣ ਦਾ ਵਿਆਹ ਜਾਂ ਕੋਈ ਹੋਰ ਸਮਾਗਮ ਹੁੰਦਾ ਸੀ ਤਾਂ ਜਦੋਂ ਤੱਕ ਸਿੱਧੂ ਉੱਥੇ ਹਾਜ਼ਰ ਨਹੀਂ ਹੋ ਜਾਂਦਾ ਸੀ, ਉਦੋਂ ਤੱਕ ਉਸ ਨੂੰ ਚੈਨ ਨਹੀਂ ਸੀ ਆਉਂਦਾ। ਉਹ ਹਰੇਕ ਖੁਸ਼ੀ-ਗ਼ਮੀ ਦੇ ਮੌਕੇ ਪਿੰਡ ਵਾਸੀਆਂ ਨਾਲ ਮਿਲਦਾ ਵਰਤਦਾ ਸੀ ਤੇ ਇਸੇ ਕਾਰਨ ਪਿੰਡ ਦਾ ਹਰੇਕ ਬੰਦਾ ਉਨ੍ਹਾਂ ਦੀ ਇੱਜ਼ਤ ਤੇ ਕਦਰ ਕਰਦਾ ਹੈ। ਇਸ ਤੋਂ ਬਾਅਦ ਉਨ੍ਹਾਂ ਇੰਨਾ ਪਿਆਰ ਦੇਣ ਲਈ ਹਰ ਕਿਸੇ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਹਰ ਕਿਸੇ ਦੀ ਤੰਦਰੁਸਤੀ ਦੀ ਕਾਮਨਾ ਕੀਤੀ। 

ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਇਕ ਪੋਸਟ ਵੀ ਸਾਂਝੀ ਕੀਤੀ, ਜਿਸ ‘ਚ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੀ ਇਕ ਪੁਰਾਣੀ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਪਿੰਡ ਵਾਸੀਆਂ ਤੇ ਯਾਰਾਂ ਦੋਸਤਾਂ ਨਾਲ ਮਿਲ ਕੇ ਹੋਲੀ ਖੇਡਦਾ ਦਿਖਾਈ ਦੇ ਰਿਹਾ ਹੈ। 

Add a Comment

Your email address will not be published. Required fields are marked *