ਡੀਪਫੇਕ ਵੀਡੀਓ ਦਾ ਸ਼ਿਕਾਰ ਹੋਈ ਇਟਲੀ ਦੀ PM ਮੇਲੋਨੀ

ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਡੀਪ ਫੇਕ ਦਾ ਸ਼ਿਕਾਰ ਹੋ ਗਈ ਹੈ। ਉਸ ਨੇ ਡੀਪਫੇਕ ਅਸ਼ਲੀਲ ਵੀਡੀਓ ਬਣਾਉਣ ਅਤੇ ਉਸ ਨੂੰ ਆਨਲਾਈਨ ਪੋਸਟ ਕਰਨ ਦੇ ਦੋਸ਼ੀ ਤੋਂ ਇਕ ਲੱਖ ਯੂਰੋ ਹਰਜਾਨੇ ਦੀ ਮੰਗ ਕੀਤੀ ਹੈ। ਭਾਰਤੀ ਮੁਦਰਾ ਵਿੱਚ ਇਹ ਰਾਸ਼ੀ ਲਗਭਗ 90 ਲੱਖ ਰੁਪਏ ਦੇ ਬਰਾਬਰ ਹੈ। ਇਹ ਦਾਅਵਾ ਕੀਤਾ ਗਿਆ ਹੈ ਕਿ ਦੋ ਲੋਕਾਂ ਨੇ ਮੇਲੋਨੀ ਦਾ ਚਿਹਰਾ ਇੱਕ ਬਾਲਗ ਫਿਲਮ ਸਟਾਰ ਦੇ ਚਿਹਰੇ ‘ਤੇ ਲਗਾਇਆ ਅਤੇ ਇਸਨੂੰ ਇੱਕ ਅਮਰੀਕੀ ਪੋਰਨ ਵੈੱਬਸਾਈਟ ‘ਤੇ ਅਪਲੋਡ ਕਰ ਦਿੱਤਾ।

ਮੁਲਜ਼ਮਾਂ ਵਿੱਚ ਪਿਓ-ਪੁੱਤ ਸ਼ਾਮਲ ਹਨ। ਪੁੱਤਰ ਦੀ ਉਮਰ 40 ਸਾਲ ਅਤੇ ਪਿਤਾ ਦੀ ਉਮਰ 73 ਸਾਲ ਹੈ। ਦੋਵਾਂ ਨੇ ਮਿਲ ਕੇ ਮੇਲੋਨੀ ਦੀ ਅਸ਼ਲੀਲ ਵੀਡੀਓ ਬਣਾਈ। ਮੇਲੋਨੀ ਨੇ ਦੋਵਾਂ ਦੋਸ਼ੀਆਂ ਖ਼ਿਲਾਫ਼ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਹੈ। ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ ਮੋਬਾਈਲ ਡਿਵਾਈਸ ਨੂੰ ਟਰੈਕ ਕਰਕੇ ਮੁਲਜ਼ਮਾਂ ਨੂੰ ਲੱਭ ਲਿਆ। ਉਨ੍ਹਾਂ ਨੇ ਇਸਦੀ ਵਰਤੋਂ ਵੀਡੀਓ ਨੂੰ ਆਨਲਾਈਨ ਪੋਸਟ ਕਰਨ ਲਈ ਕੀਤੀ। ਡੀਪਫੇਕ ਵੀਡੀਓ 2022 ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਦੀ ਹੈ। ਇਸ ਵੀਡੀਓ ਨੂੰ ਹੁਣ ਤੱਕ ਲੱਖਾਂ ਵਾਰ ਦੇਖਿਆ ਜਾ ਚੁੱਕਾ ਹੈ। ਮੇਲੋਨੀ ਸਾਸਾਰੀ ਕੋਰਟ ਵਿਚ 2 ਜੁਲਾਈ ਨੂੰ ਗਵਾਹੀ ਦੇਵੇਗੀ।

ਪੀ.ਐਮ ਮੇਲੋਨੀ ਦੀ ਕਾਨੂੰਨੀ ਟੀਮ ਨੇ ਕਿਹਾ, ਹਰਜਾਨੇ ਦੀ ਮੰਗ ਕਰਨਾ ਪ੍ਰਤੀਕਾਤਮਕ ਕਾਰਵਾਈ ਹੈ। ਮੇਲੋਨੀ ਹਿੰਸਾ ਦਾ ਸ਼ਿਕਾਰ ਔਰਤਾਂ ਦੀ ਮਦਦ ਲਈ ਪੂਰੀ ਮੁਆਵਜ਼ਾ ਰਾਸ਼ੀ ਦਾਨ ਕਰੇਗੀ। ਮੇਲੋਨੀ ਦੀ ਵਕੀਲ ਮਾਰੀਆ ਗਿਉਲੀਆ ਮਾਰੋਂਗੀਉ ਨੇ ਕਿਹਾ ਕਿ ਮੁਆਵਜ਼ੇ ਦੀ ਮੰਗ ਦੂਜੀਆਂ ਔਰਤਾਂ ਲਈ ਸੰਦੇਸ਼ ਹੈ ਜੋ ਅਜਿਹੀ ਹਿੰਸਾ ਦਾ ਸ਼ਿਕਾਰ ਹਨ। ਮੇਲੋਨੀ ਦਾ ਕਹਿਣਾ ਹੈ ਕਿ ਹਿੰਸਾ ਦਾ ਸ਼ਿਕਾਰ ਹੋਣ ਵਾਲੀਆਂ ਔਰਤਾਂ ਨੂੰ ਆਪਣੀ ਆਵਾਜ਼ ਉਠਾਉਣ ਤੋਂ ਡਰਨਾ ਨਹੀਂ ਚਾਹੀਦਾ।

Add a Comment

Your email address will not be published. Required fields are marked *