ਅਰਥਵਿਵਸਥਾ ‘ਚ ਗਿਰਾਵਟ ਨਾਲ ਮੰਦੀ ਦੀ ਚਪੇਟ ‘ਚ ਨਿਊਜ਼ੀਲੈਂਡ

ਵੇਲਿੰਗਟਨ – ਪਿਛਲੇ 2-3 ਸਾਲ ਵਿਸ਼ਵ ਅਰਥ ਵਿਵਸਥਾ ਲਈ ਬਹੁਤੇ ਚੰਗੇ ਨਹੀਂ ਰਹੇ ਹਨ। ਕਈ ਵਾਰ ਅਮਰੀਕਾ ਸਮੇਤ ਹੋਰ ਵੱਡੇ ਦੇਸ਼ਾਂ ‘ਚ ਮੰਦੀ ਦਾ ਡਰ ਪ੍ਰਗਟਾਇਆ ਗਿਆ ਸੀ। ਹਾਲਾਂਕਿ ਅਜਿਹਾ ਨਹੀਂ ਹੋਇਆ ਪਰ ਦੁਨੀਆ ਦਾ ਇਕ ਖੂਬਸੂਰਤ ਦੇਸ਼ ਡੇਢ ਸਾਲ ‘ਚ ਦੂਜੀ ਵਾਰ ਮੰਦੀ ਦੀ ਲਪੇਟ ‘ਚ ਆ ਗਿਆ ਹੈ। 

ਅਸਲ ‘ਚ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਅੰਕੜਿਆਂ ਦੇ ਨਵੀਨਤਮ ਦੌਰ ‘ਚ 2023 ਦੀ ਆਖਰੀ ਤਿਮਾਹੀ ਵਿੱਚ ਨਿਊਜ਼ੀਲੈਂਡ ਦੀ ਅਰਥ ਵਿਵਸਥਾ ‘ਚ ਗਿਰਾਵਟ ਦੀ ਪੁਸ਼ਟੀ ਕਰਨ ਤੋਂ ਬਾਅਦ, ਦੇਸ਼ ‘ਚ 18 ਮਹੀਨਿਆਂ ‘ਚ ਦੂਜੀ ਵਾਰ ਮੰਦੀ ਦਾ ਦੌਰ ਆ ਗਿਆ ਹੈ। ਨਿਊਜ਼ੀਲੈਂਡ ਦੀ ਸਰਕਾਰੀ ਅੰਕੜਾ ਏਜੰਸੀ ਸਟੈਟਸ ਐਨਜ਼ੈਡ ਨੇ ਐਲਾਨ ਕੀਤਾ ਹੈ ਕਿ ਦਸੰਬਰ ਤਿਮਾਹੀ ਵਿੱਚ ਦੇਸ਼ ਦੀ ਅਰਥਵਿਵਸਥਾ ‘ਚ 0.1 ਫ਼ੀਸਦੀ ਅਤੇ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ 0.7 ਫ਼ੀਸਦੀ ਦੀ ਗਿਰਾਵਟ ਆਈ ਹੈ।

ਹਾਲੀਆ ਗਿਰਾਵਟ ਸਤੰਬਰ ਤਿਮਾਹੀ ‘ਚ 0.3 ਫ਼ੀਸਦੀ ਸੰਕੁਚਨ ਤੋਂ ਬਾਅਦ ਆਈ ਹੈ, ਜੋ ਮੰਦੀ ਦੀ ਤਕਨੀਕੀ ਪਰਿਭਾਸ਼ਾ ਨੂੰ ਪੂਰਾ ਕਰਦੀ ਹੈ। ਪਿਛਲੇ 18 ਮਹੀਨਿਆਂ ‘ਚ ਨਿਊਜ਼ੀਲੈਂਡ ਦੀ ਇਹ ਦੂਜੀ ਮੰਦੀ ਹੈ। ਸਟੇਟਸ ਐੱਨਜੈੱਡ ਨੇ ਕਿਹਾ ਕਿ ਨਿਊਜ਼ੀਲੈਂਡ ਦੀ ਪਿਛਲੀ ਪੰਜ ਤਿਮਾਹੀਆਂ ‘ਚੋਂ ਚਾਰ ‘ਚ ਨਕਾਰਾਤਮਕ ਜੀ.ਡੀ.ਪੀ.ਅੰਕੜੇ ਦਿੱਤੇ ਗਏ ਸਨ ਅਤੇ ਇਸ ਦੀ ਸਾਲਾਨਾ ਵਿਕਾਸ ਦਰ ਸਿਰਫ਼ 0.6 ਫ਼ੀਸਦੀ ਸੀ। ਨਿਊਜ਼ੀਲੈਂਡ ਦੇ ਕੇਂਦਰੀ ਬੈਂਕ ਵਲੋਂ ਇੱਕ ਸਪਾਟ ਅੰਕੜੇ ਦੀ ਭਵਿੱਖਬਾਣੀ ਕਰਨ ਦੇ ਨਾਲ ਮੰਦੀ ਦੀ ਕਾਫ਼ੀ ਹਦ ਤਕ ਸੰਭਾਵਨਾ ਜਤਾਈ ਜਾ ਰਹੀ ਸੀ।

Add a Comment

Your email address will not be published. Required fields are marked *