ਪ੍ਰਸਿੱਧ ਅਦਾਕਾਰਾ ਹੋਈ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ

ਨਵੀਂ ਦਿੱਲੀ : ਇਸ ਵੇਲੇ ਫ਼ਿਲਮ ਜਗਤ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਨੇ ਸਾਰਿਆਂ ਨੂੰ ਫਿਕਰਾਂ ‘ਚ ਪਾ ਦਿੱਤਾ ਹੈ। ਦਰਅਸਲ, ਮਸ਼ਹੂਰ ਅਦਾਕਾਰਾ ਅਰੁੰਧਤੀ ਨਾਇਰ ਇੰਨੀਂ ਦਿਨੀਂ ਹਸਪਤਾਲ ‘ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। ਅਦਾਕਾਰਾ ਦੀ ਭੈਣ ਆਰਤੀ ਨਾਇਰ ਨੇ ਦੱਸਿਆ ਕਿ ਉਸ ਦੀ ਭੈਣ ਦਾ ਇਲਾਜ ਕਿਹੜੇ ਹਸਪਤਾਲ ‘ਚ ਚੱਲ ਰਿਹਾ ਹੈ। ਹੁਣ ਇਸ ਕੜੀ ‘ਚ ਅਰੁੰਧਤੀ ਦੀ ਦੋਸਤ ਤੇ ਅਦਾਕਾਰਾ ਰਾਮਿਆ ਜੋਸੇਫ ਨੇ ਨਿਊਜ਼ ਏਜੰਸੀ ਨੂੰ ਦਿੱਤੀ ਇੰਟਰਵਿਊ ‘ਚ ਪਰਿਵਾਰ ਲਈ ਆਰਥਿਕ ਮਦਦ ਦੀ ਗੱਲ ਕੀਤੀ ਹੈ।

ਆਰਤੀ ਨਾਇਰ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦਿਆਂ ਲਿਖਿਆ, ”ਅਸੀਂ ਮਹਿਸੂਸ ਕੀਤਾ ਕਿ ਤਾਮਿਲਨਾਡੂ ਦੀਆਂ ਅਖਬਾਰਾਂ ਤੇ ਟੀ. ਵੀ. ਚੈਨਲਾਂ ਨੂੰ ਸਪੱਸ਼ਟ ਕਰਨ ਦੀ ਲੋੜ ਹੈ। ਮੇਰੀ ਭੈਣ ਅਰੁੰਧਤੀ ਨਾਇਰ ਦਾ 3 ਦਿਨ ਪਹਿਲਾਂ ਐਕਸੀਡੈਂਟ ਹੋਇਆ ਸੀ। ਉਹ ਬੁਰੀ ਤਰ੍ਹਾਂ ਜ਼ਖਮੀ ਹੈ ਤੇ ਜ਼ਿੰਦਗੀ ਦੀ ਲੜਾਈ ਲੜ ਰਹੀ ਹੈ। ਉਸ ਨੂੰ ਤ੍ਰਿਵੇਂਦਰਮ ਦੇ ਅਨੰਤਪੁਰੀ ਹਸਪਤਾਲ ‘ਚ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ।”

ਨਿਊਜ਼ ਏਜੰਸੀ ਪੀ. ਟੀ. ਆਈ ਨਾਲ ਗੱਲ ਕਰਦਿਆਂ ਅਰੁੰਧਤੀ ਦੀ ਦੋਸਤ ਰਾਮਿਆ ਜੋਸੇਫ਼ ਨੇ ਕਿਹਾ ਕਿ ਪਰਿਵਾਰ ਨੂੰ ਉਸ ਦੀ ਸਰਜਰੀ ਲਈ ਆਰਥਿਕ ਮਦਦ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਰੁੰਧਤੀ ਦੇ ਹਾਦਸੇ ਦੀ ਜਾਣਕਾਰੀ ਵਾਇਰਲ ਹੋਣ ਤੋਂ ਬਾਅਦ ਵੀ ਤਾਮਿਲ ਇੰਡਸਟਰੀ ਤੋਂ ਕੋਈ ਮਦਦ ਲਈ ਅੱਗੇ ਨਹੀਂ ਆਇਆ। ਰਮਿਆ ਨੇ ਦੱਸਿਆ ਕਿ ਜਦੋਂ ਲੀਡ ਅਦਾਕਾਰਾ ਵਜੋਂ ਪੰਜ ਫ਼ਿਲਮਾਂ ਕਰ ਚੁੱਕੀ ਅਰੁੰਧਤੀ ਅੱਜ ਇੰਨੀ ਮੁਸੀਬਤ ‘ਚ ਹੈ ਤਾਂ ਤਾਮਿਲ ਇੰਡਸਟਰੀ ਤੋਂ ਕੋਈ ਵੀ ਉਸ ਦੀ ਮਦਦ ਲਈ ਅੱਗੇ ਨਹੀਂ ਆਇਆ। ਮੈਂ ਜਾਣਦੀ ਹਾਂ ਕਿ ਇਹ ਜ਼ਰੂਰੀ ਨਹੀਂ ਹੈ ਪਰ ਚੰਗਾ ਹੁੰਦਾ ਜੇ ਕੋਈ ਸੰਪਰਕ ਕਰਦਾ ਅਤੇ ਉਸ ਦਾ ਹਾਲ-ਚਾਲ ਪੁੱਛਦਾ।

ਰਾਮਿਆ ਨੇ ਦੱਸਿਆ ਕਿ ਸੋਮਵਾਰ ਤੱਕ ਅਰੁੰਧਤੀ ਦੇ ਦਿਮਾਗ ‘ਚ ਕੋਈ ਹਿਲਜੁਲ ਨਹੀਂ ਦਿਖਾਈ ਦਿੱਤੀ। ਮੰਗਲਵਾਰ ਨੂੰ ਜਦੋਂ ਉਨ੍ਹਾਂ ਦੇ ਦਿਮਾਗ ਦੇ ਖੱਬੇ ਪਾਸੇ ਹਿਲਜੁਲ ਦੇਖੀ ਗਈ ਤਾਂ ਡਾਕਟਰਾਂ ਨੇ ਉਨ੍ਹਾਂ ਨੂੰ ਬ੍ਰੇਨ ਸਰਜਰੀ ਬਾਰੇ ਦੱਸਿਆ। ਉਸ ਨੇ ਦੱਸਿਆ ਕਿ ਅਰੁੰਧਤੀ ਦੀ ਬਾਂਹ ਤੇ ਕਾਲਰ ਬੋਨ ‘ਚ ਫ੍ਰੈਰਚਰ ਹੋਇਆ ਸੀ। ਇਸ ਸਰਜਰੀ ਦਾ ਖਰਚਾ ਹੀ ਪੰਜ ਲੱਖ ਆਇਆ। ਹੁਣ ਦਿਮਾਗ ਦੀ ਸਰਜਰੀ ਹੋਣੀ ਬਾਕੀ ਹੈ।

Add a Comment

Your email address will not be published. Required fields are marked *