ਰਾਜਪਾਲ ਦੇ ਇਜਲਾਸ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਮਾਨ ਸਰਕਾਰ ਦਾ ਵੱਡਾ ਐਲਾਨ

ਚੰਡੀਗੜ੍ਹ : ਭਾਜਪਾ ਦੇ ‘ਆਪਰੇਸ਼ਨ ਲੋਟਸ’ ਖ਼ਿਲਾਫ਼ ਸੱਦੇ ਗਏ ਵਿਸ਼ੇਸ਼ ਇਜਲਾਸ ਨੂੰ ਰਾਜਪਾਲ ਵੱਲੋਂ ਰੱਦ ਕਰਨ ਮਗਰੋਂ ਮਾਨ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ। ਇਸ ਸਬੰਧੀ ਇਕ ਵੀਡੀਓ ਜਾਰੀ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ 27 ਸਤੰਬਰ ਦਿਨ ਮੰਗਲਵਾਰ ਨੂੰ ਵਿਧਾਨ ਸਭਾ ਦਾ ਇਜਲਾਸ ਮੁੜ ਸੱਦਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਇਜਲਾਸ ‘ਚ ਸਪੀਕਰ ਦੀ ਮਨਜ਼ੂਰੀ ਨਾਲ ਬਿਜਲੀ ਅਤੇ ਪਰਾਲੀ ਦੇ ਮੁੱਦਿਆਂ ਨੂੰ ਵਿਚਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬੀਤੇ ਦਿਨ ਵਿਧਾਨ ਸਭਾ ਦੇ ਇਜਲਾਸ ਨੂੰ ਮਨਜ਼ੂਰੀ ਦੇ ਕੇ ਰੱਦ ਕਰਨ ਦੀ ਜੋ ਘਟਨਾ ਹੋਈ ਹੈ, ਇਹ ਮੰਦਭਾਗੀ ਹੈ।

ਉਨ੍ਹਾਂ ਕਿਹਾ ਕਿ ਇਸ ਦੇ ਖ਼ਿਲਾਫ਼ ਅਸੀਂ ਸੁਪਰੀਮ ਕੋਰਟ ‘ਚ ਜਾਵਾਂਗੇ ਤਾਂ ਜੋ ਲੋਕਾਂ ਦੇ ਹੱਕਾਂ ਅਤੇ ਸੂਬਿਆਂ ਦੇ ਅਧਿਕਾਰਾਂ ਦੀ ਰਾਖੀ ਕੀਤੀ ਜਾ ਸਕੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸ ਘਟਨਾਕ੍ਰਮ ਦੌਰਾਨ ਇਕ ਹੈਰਾਨੀਜਨਕ ਗੱਲ ਸਾਹਮਣੇ ਆਈ ਹੈ ਕਿ ‘ਆਪਰੇਸ਼ਨ ਲੋਟਸ’ ਨੂੰ ਲੈ ਕੇ ਕਾਂਗਰਸ ਪਾਰਟੀ ਭਾਜਪਾ ਦੇ ਨਾਲ ਖੜ੍ਹੀ ਦਿਖਾਈ ਦਿੱਤੀ। ਉਨ੍ਹਾਂ ਕਿਹਾ ਕਿ ਕਾਂਗਰਸ, ਅਕਾਲੀ ਅਤੇ ਭਾਜਪਾ ਤਿੰਨੇ ਪਾਰਟੀਆਂ ਸੁਆਗਤ ਕਰ ਰਹੀਆਂ ਹਨ ਕਿ ਇਜਲਾਸ ਰੱਦ ਹੋ ਗਿਆ।

ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਤਾਂ ਖ਼ੁਦ ਆਪਰੇਸ਼ਨ ਲੋਟਸ ਤੋਂ ਪੀੜਤ ਹੈ ਅਤੇ ਕਈ ਸੂਬਿਆਂ ‘ਚ ਭਾਜਪਾ ਨੇ ਕਾਂਗਰਸ ਦੀਆਂ ਸਰਕਾਰਾਂ ਨੂੰ ਖ਼ਤਮ ਕਰ ਦਿੱਤਾ ਪਰ ਫਿਰ ਵੀ ਕਾਂਗਰਸ ਪਾਰਟੀ ਭਾਜਪਾ ਦੇ ਨਾਲ ਰਲੀ ਹੋਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ‘ਚੋਂ ਨਿਕਲੀ ਹੋਈ ਪਾਰਟੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਾਫ਼ਲੇ ‘ਚ ਹਰ ਰੋਜ਼ ਵਾਧਾ ਹੋ ਰਿਹਾ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ ਅਜਿਹੀਆਂ ਗੈਰ ਲੋਕਤੰਤਰੀ ਹਰਕਤਾਂ ਤੋਂ ਡਰਨ ਵਾਲੇ ਨਹੀਂ ਹੈ। ਉਨ੍ਹਾਂ ਕਿਹਾ ਕਿ 27 ਸਤੰਬਰ ਨੂੰ ਵਿਧਾਨ ਸਭਾ ਦਾ ਇਜਲਾਸ ਸੱਦਿਆ ਜਾਵੇਗਾ ਤਾਂ ਜੋ ਪੰਜਾਬ ਵੱਲੋਂ ਪੂਰੇ ਦੇਸ਼ ਨੂੰ ਇਹ ਸੁਨੇਹਾ ਜਾਵੇਗਾ ਕਿ ਲੋਕਤੰਤਰ ਲੋਕਾਂ ਦਾ ਹੈ ਅਤੇ ਲੋਕਤੰਤਰ ‘ਤੇ ਕੋਈ ਇੱਕ ਜਣਾ ਕਬਜ਼ਾ ਨਹੀਂ ਕਰ ਸਕਦਾ।

Add a Comment

Your email address will not be published. Required fields are marked *