‘ਹਿੰਦੂ’ ਸ਼ਬਦ ਨਾ ਬੋਲਣ ’ਤੇ ਘਿਰੇ ਊਧਵ ਠਾਕਰੇ

ਛਤਰਪਤੀ ਸੰਭਾਜੀਨਗਰ – ਸ਼ਿਵ ਸੈਨਾ (ਯੂ. ਬੀ. ਟੀ.) ਦੇ ਨੇਤਾ ਊਧਵ ਠਾਕਰੇ ਨੇ ਮੁੰਬਈ ’ਚ ਵਿਰੋਧੀ ਗੱਠਜੋੜ ‘ਇੰਡੀਆ’ ਦੀ ਰੈਲੀ ’ਚ ਭਾਜਪਾ ’ਤੇ ਨਿਸ਼ਾਨਾ ਵਿੰਨ੍ਹਿਆ। ਮੁੰਬਈ ਦੇ ਸ਼ਿਵਾਜੀ ਪਾਰਕ ’ਚ ਆਯੋਜਿਤ ਰੈਲੀ ’ਚ ਠਾਕਰੇ ਨੇ ਉਥੇ ਮੌਜੂਦ ਲੋਕਾਂ ਨੂੰ ‘ਹਿੰਦੂ ਭਰਾਵੋ ਤੇ ਭੈਣੋਂ’ ਦੇ ਰਵਾਇਤੀ ਸੰਬੋਧਨ ਦੀ ਬਜਾਏ ‘ਦੇਸ਼ ਭਗਤ ਤੇ ਦੇਸ਼ ਪ੍ਰੇਮੀ ‘ਭਰਾਵੋ ਤੇ ਭੈਣੋਂ’ ਕਹਿ ਕੇ ਸੰਬੋਧਨ ਕੀਤਾ ਸੀ। ਬਾਲ ਠਾਕਰੇ ਵੀ ਆਪਣੇ ਭਾਸ਼ਣ ਦੀ ਸ਼ੁਰੂਆਤ ‘ਮੇਰੇ ਹਿੰਦੂ ਭਰਾਵੋ ਤੇ ਭੈਣੋਂ’ ਸ਼ਬਦਾਂ ਦੀ ਵਰਤੋਂ ਕਰਕੇ ਕਰਦੇ ਸਨ।

ਊਧਵ ਠਾਕਰੇ ਨੇ ਹਿੰਗੋਲੀ ਜ਼ਿਲੇ ਦੇ ਵਸਮਤ ’ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੇ ਰੈਲੀ ’ਚ ਮੇਰੇ ਭਾਸ਼ਣ ਦੇ ਸ਼ੁਰੂਆਤੀ ਵਾਕ ’ਤੇ ਮੇਰੀ ਆਲੋਚਨਾ ਕੀਤੀ ਪਰ ਮੈਂ ਉਨ੍ਹਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਕੀ ਉਹ ਦੇਸ਼ ਭਗਤ ਨਹੀਂ ਹਨ?’’ ਠਾਕਰੇ ਨੇ ਕਿਹਾ ਕਿ ਉਨ੍ਹਾਂ ਨੇ ‘ਦੇਸ਼ ਭਗਤ’ ਸ਼ਬਦ ਦੀ ਵਰਤੋਂ ਕੀਤੀ ਕਿਉਂਕਿ ਵਿਰੋਧੀ ਗੱਠਜੋੜ ‘ਇੰਡੀਆ’ ਦੇਸ਼ ਤੇ ਲੋਕਤੰਤਰ ਨੂੰ ਬਚਾਉਣਾ ਚਾਹੁੰਦਾ ਹੈ ਪਰ ਭਾਜਪਾ ਦੇ ਕੁਝ ਨੇਤਾਵਾਂ ਨੇ ਮੇਰੀ ਆਲੋਚਨਾ ਕਰਦਿਆਂ ਇਹ ਦੋਸ਼ ਲਗਾਇਆ ਕਿ ਹਿੰਦੂਤਵ ਬਾਰੇ ਮੇਰੀ ਭਾਸ਼ਾ ਤੇ ਸਟੈਂਡ ਬਦਲ ਗਿਆ ਹੈ। ਮੈਂ ਉਨ੍ਹਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਮੋਦੀ ਭਗਤ ਹੋ ਜਾਂ ਦੇਸ਼ ਭਗਤ? ਅਸੀਂ ਦੇਸ਼ ਭਗਤ ਹਾਂ, ਮੋਦੀ ਭਗਤ ਨਹੀਂ।

Add a Comment

Your email address will not be published. Required fields are marked *