ਇਟਲੀ ਪੁਲਸ ਨੇ 104 ਸਾਲ ਦੀ ਔਰਤ ਨੂੰ ਕੀਤਾ ਜੁਰਮਾਨਾ

ਰੋਮ : ਤੁਸੀਂ ਅਜਿਹੀਆਂ ਘਟਨਾਵਾਂ ਬਾਰੇ ਸੁਣਦੇ ਹੀ ਰਹਿੰਦੇ ਹੋ ਜਿਸ ਵਿੱਚ ਕਿ ਡਰਾਈਵਰ ਕੋਲ ਲਾਇਸੰਸ ਜਾਂ ਗੱਡੀ ਦਾ ਬੀਮਾ ਨਾ ਹੋਵੇ ਤੇ ਉਹ ਪੁਲਸ ਵੱਲੋਂ ਕਾਬੂ ਕਰ ਲਿਆ ਜਾਂਦਾ ਹੈ। ਅਜਿਹੇ ਲੋਕਾਂ ਵਿਚ ਜ਼ਿਆਦਾਤਰ ਨੌਜਵਾਨ ਹੁੰਦੇ ਹਨ ਜਿਹੜੇ ਕਿ ਕਾਨੂੰਨ ਦੀ ਪਰਵਾਹ ਕੀਤੇ ਬਿਨ੍ਹਾਂ ਅਜਿਹੇ ਕੰਮਾਂ ਨੂੰ ਅੰਜਾਮ ਦਿੰਦੇ ਹਨ। ਬਿਨ੍ਹਾਂ ਲਾਇਸੰਸ ਜਾਂ ਬੀਮੇ ਦੇ ਗੱਡੀ ਚਲਾਉਣਾ ਦੁਨੀਆ ਭਰ ਵਿੱਚ ਜੁਰਮ ਮੰਨਿਆਂ ਜਾਂਦਾ ਹੈ ਪਰ ਅਸੀ ਤੁਹਾਨੂੰ ਇੱਕ ਅਜਿਹੇ ਡਰਾਈਵਰ ਬਾਰੇ ਦੱਸਣ ਜਾ ਰਹੇ ਹਾਂ, ਜਿਸ ਦੀ ਉਮਰ 104 ਸਾਲ ਹੈ ਤੇ ਉਹ ਮਿਆਦ ਲੰਘ ਚੁੱਕੇ ਲਾਇਸੰਸ ਨਾਲ ਬਿਨ੍ਹਾਂ ਬੀਮਾ ਗੱਡੀ ਚਲਾਉਂਦਾ ਪੁਲਸ ਨੇ ਫੜ੍ਹਿਆ ਹੈ।

ਇਹ ਗੱਲ 16 ਆਨੇ ਸੱਚ ਹੈ ਕਿ ਬੀਤੇ ਦਿਨ ਇਟਲੀ ਦੀ ਪੁਲਸ ਨੇ ਉੱਤਰੀ ਇਟਲੀ ਦੇ ਸੂਬਾ ਇਮਿਲੀਆ ਰੋਮਾਨਾ ਦੇ ਜ਼ਿਲ੍ਹਾ ਫੇਰਾਰਾ ਦੇ ਸ਼ਹਿਰ ਬੋਨਦੇਨੋ ਵਿਖੇ ਇੱਕ 104 ਸਾਲ ਦੀ ਔਰਤ ਜਿਓਸੇਪੀਨਾ ਮੋਲਿਨਰੀ ਨੂੰ ਦੋ ਸਾਲ ਪਹਿਲਾਂ ਮਿਆਦ ਲੰਘ ਚੁੱਕੇ ਲਾਇਸੰਸ ਤੇ ਬਿਨ੍ਹਾਂ ਬੀਮਾ ਫੀਅਟ ਪਾਂਡਾ ਕਾਰ ਨੂੰ ਚਲਾਉਂਦੇ ਹੋਏ ਫੜ੍ਹਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪੁਲਸ ਨੂੰ ਕਿਸੇ ਨੇ ਦਿਨ ਦੇ ਕਰੀਬ 1 ਵਜੇ ਫੋਨ ਕੀਤਾ ਕਿ ਸ਼ਹਿਰ ਬੋੋਨਦੇਨੋ ਦੀਆਂ ਗਲੀਆਂ ਵਿੱਚ ਇੱਕ ਚਿੱਟੇ ਰੰਗ ਦੀ ਕਾਰ ਟ੍ਰੈਫਿਕ ਨਿਯਮਾਂ ਨੂੰ ਭੰਗ ਕਰਦੀ ਖ਼ਤਰਨਾਕ ਢੰਗ ਨਾਲ ਘੁੰਮ ਰਹੀ ਹੈ। ਪੁਲਸ ਨੇ ਬਿਨ੍ਹਾਂ ਦੇਰ ਕੀਤੇ ਕੁਝ ਸਮੇਂ ਵਿੱਚ ਹੀ ਕਾਰ ਨੂੰ ਘੇਰ ਲਿਆ ਪਰ ਪੁਲਸ ਉਸ ਸਮੇਂ ਹੈਰਾਨ ਰਹਿ ਗਈ ਜਦੋਂ ਉਸ ਨੇ ਗੱਡੀ ਚਲਾ ਰਹੀ ਔਰਤ ਕੋਲੋਂ ਉਸ ਦੀ ਜਨਮ ਤਾਰੀਕ ਪੁੱਛੀ ਤਾਂ ਸੰਨ 1920 ਈ: ਨੂੰ ਇਟਲੀ ਜਨਮੀ ਔਰਤ ਨੇ ਆਪਣਾ ਨਾਮ ਜਿਓਸੇਪੀਨਾ ਮੋਲਿਨਰੀ ਦੱਸਿਆ।

ਔਰਤ ਨੇ ਕਿਹਾ ਕਿ ਉਹ ਆਪਣੇ ਦੋਸਤਾਂ ਨੂੰ ਮਿਲਣ ਜਾ ਰਹੀ ਹੈ। ਇਟਲੀ ਵਿੱਚ ਜਿਹੜੇ ਲੋਕ 80 ਸਾਲ ਤੋਂ ਉਪੱਰ ਹਨ ਤਾਂ ਉਹਨਾਂ ਨੂੰ ਡਰਾਈਵਰ ਲਾਇਸੰਸ ਸਿਰਫ਼ 2-2 ਸਾਲ ਦਾ ਹੀ ਦਿੱਤਾ ਜਾਂਦਾ ਹੈ ਉਹ ਵੀ ਮੈਡੀਕਲ ਫਿਟਨਸ ਸਰਟੀਫਿਕੇਟ ਲੈਣ ਤੋਂ ਬਆਦ ਪਰ ਜਿਓਸੇਪੀਨਾ ਮੋਲਿਨਰੀ ਨੇ ਨਾ ਹੀ ਆਪਣਾ ਲਾਇਸੰਸ ਰਿਨਿਊ ਕਰਵਾਇਆ ਤੇ ਨਾ ਹੀ ਗੱਡੀ ਦਾ ਬੀਮਾ, ਜਿਸ ਕਾਰਨ ਪੁਲਸ ਨੇ ਬੇਸ਼ੱਕ ਉਸ ਨੂੰ ਜੁਰਮਾਨਾ ਕਰ ਦਿੱਤਾ ਪਰ ਹੁਣ ਉਸ ਦਾ ਕਹਿਣਾ ਹੈ ਕਿ ਉਹ ਬਿਸਪਾ ਸਕੂਟਰ ਜਾਂ ਸਾਇਕਲ ਖਰੀਦੇਗੀ ਜਿਸ ਨਾਲ ਉਹ ਆਪਣੇ ਦੋਸਤਾਂ ਨੂੰ ਮਿਲਣ ਜਾ ਸਕੇ। ਉਂਝ ਉਹ ਇਸ ਉਮਰ ਵਿੱਚ ਰੋਜ਼ਾਨਾ 10 ਕਿਲੋਮੀਟਰ ਘੁੰਮ ਕੇ ਖਰੀਦਾਰੀ ਵੀ ਆਪ ਕਰਦੀ ਹੈ ਜਦੋਂ ਕਿ ਆਮ ਲੋਕ ਘਰ ਵਿੱਚ ਹੀ ਬਿਨ੍ਹਾਂ ਸਹਾਰਾ ਘੁੰਮ ਨਹੀਂ ਸਕਦੇ। 

ਪੁਲਸ ਨੇ ਉਸ ਦੀ ਗੱਡੀ ਨੂੰ ਚੁੱਕ ਕੇ ਉਸ ਘਰ ਛੱਡ ਦਿੱਤਾ ਹੈ। ਇਸ ਘਟਨਾ ਦੀ ਚੁਫੇਰੇ ਚਰਚਾ ਹੈ ਕਿ 104 ਸਾਲ ਦੀ ਔਰਤ ਨੂੰ ਪੁਲਸ ਨੇ ਜੁਰਮਾਨਾ ਕਰ ਦਿੱਤਾ। ਇਸ ਜਿੰਦਾਦਿਲ ਔਰਤ ਜਿਓਸੇਪੀਨਾ ਮੋਲਿਨਰੀ ਜਿਹੜੀ ਕਿ ਬਹੁਤ ਲੋਕਾਂ ਲਈ ਤੰਦਰੁਸਤੀ ਦੀਆਂ ਬਾਤਾਂ ਪਾਉਂਦੀ ਮਿਸਾਲ ਹੈ, ਸੰਬਧੀ ਜ਼ਿਲ੍ਹਾ ਫੇਰਾਰਾ ਦੇ ਮੇਅਰ ਐਲਨ ਫੈਬਰੀ ਨੇ ਕਿਹਾ ਕਿ ਬੇਸ਼ੱਕ ਉਸ ਨੂੰ ਜੁਰਮਾਨਾ ਹੋਇਆ ਹੈ ਪਰ ਉਹ ਜਿਓਸੇਪੀਨਾ ਮੋਲਿਨਰੀ ਨੂੰ ਮੈਡਲ ਦੇਣਗੇ ਕਿਉਂ ਕਿ ਜੀਵਨ ਪ੍ਰਤੀ ਉਸ ਦੀ ਪਹੁੰਚ ਸਭ ਨੂੰ ਪ੍ਰਭਾਵਿਤ ਕਰਦੀ ਹੈ। 104 ਸਾਲ ਦੀ ਉਮਰ ਵਿੱਚ ਅਜਿਹੀ ਅੰਦਰੂਨੀ ਤਾਕਤ ਹੋਣਾ ਆਮ ਗੱਲ ਨਹੀਂ, ਜਿਹੜੀ ਕਿ ਐਲਨ ਫੈਬਰੀ ਨੂੰ ਬੁਢਾਪੇ ਵਿੱਚ ਹੌਂਸਲਾ ਬੁਲੰਦ ਰੱਖਣ ਲਈ ਪ੍ਰੇਰਦੀ ਹੈ। ਮੇਅਰ ਨੇ ਸੋਸ਼ਲ ਮੀਡੀਏ ਰਾਹੀ ਜਿਓਸੇਪੀਨਾ ਮੋਲਿਨਰੀ ਦੀ ਵਿਸੇ਼ਸ ਤਾਰੀਫ਼ ਕੀਤੀ ਹੈ।

Add a Comment

Your email address will not be published. Required fields are marked *