ਮੈਨਹਟਨ ਕੋਰਟ ਪਹੁੰਚੇ ਡੋਨਾਲਡ ਟ੍ਰੰਪ, ਪੇਸ਼ੀ ਤੋਂ ਪਹਿਲਾਂ ਕੀਤੇ ਗਏ ਗ੍ਰਿਫ਼ਤਾਰ

ਨਿਊਯਾਰਕ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟ੍ਰੰਪ, ਜੋ ਸਾਲ 2024 ’ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ’ਚ ਕਿਸਮਤ ਅਜ਼ਮਾਉਣ ਵਾਲੇ ਹਨ, ਨੇ ਅਪਰਾਧਿਕ ਮਾਮਲੇ ‘ਚ ਨਿਊਯਾਰਕ ਦੀ ਮੈਨਹਟਨ ਕੋਰਟ ‘ਚ ਆਤਮ-ਸਮਰਪਣ ਕਰ ਦਿੱਤਾ ਹੈ। ਇਸ ਘਟਨਾਕ੍ਰਮ ਨੂੰ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਅਹਿਮ ਮੰਨਿਆ ਜਾ ਰਿਹਾ ਹੈ। ਕੋਰਟ ’ਚ ਉਨ੍ਹਾਂ ’ਤੇ ਰਸਮੀ ਰੂਪ ’ਚ ਦੋਸ਼ ਤੈਅ ਕੀਤੇ ਜਾਣਗੇ, ਨਾਲ ਹੀ ਉਨ੍ਹਾਂ ਦੇ ਫਿੰਗਰ ਪ੍ਰਿੰਟ ਵੀ ਲਏ ਜਾਣੇ ਹਨ।

ਪਿਛਲੇ ਹਫ਼ਤੇ ਟ੍ਰੰਪ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਉਹ ਪਹਿਲੇ ਅਜਿਹੇ ਸਾਬਕਾ ਅਮਰੀਕੀ ਰਾਸ਼ਟਰਪਤੀ ਹਨ, ਜਿਨ੍ਹਾਂ ’ਤੇ ਅਪਰਾਧਿਕ ਮੁਕੱਦਮਾ ਦਰਜ ਕੀਤਾ ਗਿਆ ਹੈ। ਟ੍ਰੰਪ ਨੂੰ ਸਾਲ 2016 ਦੇ ‘ਹਸ਼ ਮਨੀ’ ਮਾਮਲੇ ਦਾ ਦੋਸ਼ੀ ਠਹਿਰਾਇਆ ਗਿਆ ਹੈ। ਉਨ੍ਹਾਂ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਪੋਰਨ ਸਟਾਰ ਸਟਾਰਮੀ ਡੈਨੀਅਲਸ ਨੂੰ ਮੂੰਹ ਬੰਦ ਰੱਖਣ ਲਈ ਪੈਸੇ ਦਿੱਤੇ ਸਨ। ਟ੍ਰੰਪ ਨੇ ਖੁਦ ਨੂੰ ਨਿਰਦੋਸ਼ ਦੱਸਿਆ ਹੈ। ਨਿਊਯਾਰਕ ਕੋਰਟ ਦੇ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਹਨ। ਇੱਥੇ ਟ੍ਰੰਪ ਦੇ ਸਮਰਥਕ ਵੱਡੀ ਗਿਣਤੀ ’ਚ ਇਕੱਠੇ ਹੋਏ ਹਨ। ਨਿਊਯਾਰਕ ’ਚ ਲਗਭਗ 35000 ਪੁਲਸ ਮੁਲਾਜ਼ਮ ਪ੍ਰਦਰਸ਼ਨ ਨੂੰ ਰੋਕਣ ਲਈ ਤਾਇਨਾਤ ਹਨ।

ਟ੍ਰੰਪ ਦੇ ਖ਼ਿਲਾਫ਼ ਦੋਸ਼ ਤੈਅ ਹੋਣ ਤੋਂ ਬਾਅਦ ਸਾਬਕਾ ਅਮਰੀਕੀ ਰਾਸ਼ਟਰਪਤੀ ਨੂੰ ਰਸਮੀ ਰੂਪ ’ਚ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ’ਤੇ ‘34 ਕਲਾਸ ਈ’ ਦੇ ਤਹਿਤ ਗੁੰਡਾਗਰਦੀ ਦਾ ਦੋਸ਼ ਲੱਗਾ ਹੈ। ਇਸ ਪੂਰੀ ਪ੍ਰਕਿਰਿਆ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਟ੍ਰੰਪ ਨੂੰ ਹੱਥਕੜੀ ਨਹੀਂ ਲਾਈ ਜਾਵੇਗੀ, ਨਾ ਉਨ੍ਹਾਂ ਨੂੰ ਜੇਲ੍ਹ ਦੀ ਕੋਠੜੀ ’ਚ ਰੱਖਿਆ ਜਾਵੇਗਾ ਤੇ ਨਾ ਹੀ ਉਨ੍ਹਾਂ ਦੀ ਕੋਈ ਫੋਟੋ ਲਈ ਜਾਵੇਗੀ। ਟ੍ਰੰਪ ਅਦਾਲਤ ‘ਚ ਪੇਸ਼ ਹੋਣ ਲਈ ਕੱਲ੍ਹ ਨਿਊਯਾਰਕ ਪਹੁੰਚੇ ਸਨ। ਮੁਕੱਦਮੇ ਤੋਂ ਬਾਅਦ ਉਹ ਫਲੋਰੀਡਾ ਵਾਪਸ ਚਲੇ ਜਾਣਗੇ।

ਟ੍ਰੰਪ ਅਤੇ ਪੋਰਨ ਸਟਾਰ ਵਿਚਾਲੇ ਇਹ ਵਿਵਾਦ 2006 ਵਿੱਚ ਸ਼ੁਰੂ ਹੋਇਆ ਸੀ। ਦੋਵਾਂ ਦੀ ਮੁਲਾਕਾਤ ਇਕ ਟੂਰਨਾਮੈਂਟ ਦੌਰਾਨ ਹੋਈ ਸੀ। ਉਸ ਸਮੇਂ ਟ੍ਰੰਪ 60 ਅਤੇ ਸਟੋਰਮੀ 27 ਸਾਲ ਦੇ ਸਨ। ਦੋਵਾਂ ਵਿਚਾਲੇ ਇਕ ਹੋਟਲ ‘ਚ ਸਬੰਧ ਬਣੇ। 2011 ‘ਚ ਡੇਨੀਅਲਸ ਨੇ ਇਕ ਇੰਟਰਵਿਊ ਵਿੱਚ ਟ੍ਰੰਪ ਨਾਲ ਸਬੰਧਾਂ ਬਾਰੇ ਚਰਚਾ ਕੀਤੀ ਸੀ। ਇਸ ਤੋਂ ਬਾਅਦ ਜਦੋਂ ਟ੍ਰੰਪ 2016 ‘ਚ ਰਾਸ਼ਟਰਪਤੀ ਚੋਣ ‘ਚ ਖੜ੍ਹੇ ਹੋਏ ਤਾਂ ਉਨ੍ਹਾਂ ਨੇ ਸਟੋਰਮੀ ਨੂੰ 1 ਲੱਖ 30 ਹਜ਼ਾਰ ਡਾਲਰ ਦਿੱਤੇ ਤਾਂ ਕਿ ਉਹ ਇਸ ਮਾਮਲੇ ‘ਤੇ ਕੁਝ ਨਾ ਬੋਲੇ। ਟ੍ਰੰਪ ਨੇ ਇਹ ਪੈਸਾ ਆਪਣੇ ਵਕੀਲ ਮਾਈਕਲ ਕੋਹੇਨ ਰਾਹੀਂ ਭੇਜਿਆ ਸੀ। ਇਸ ਡੀਲ ਦੀ ਖ਼ਬਰ 2018 ‘ਚ ਸਾਹਮਣੇ ਆਈ ਸੀ। ਟ੍ਰੰਪ ਤੇ ਕੋਹੇਨ ਨੇ ਇਸ ਦਾ ਖੰਡਨ ਕੀਤਾ ਸੀ। ਕੋਹੇਨ ਨੇ ਬਾਅਦ ਵਿੱਚ ਦੋਸ਼ ਸਵੀਕਾਰ ਕਰ ਲਿਆ।

ਟ੍ਰੰਪ ‘ਤੇ ਪੋਰਨ ਸਟਾਰ ਨੂੰ ਦਿੱਤੇ ਗਏ ਪੈਸੇ ਨੂੰ ਕਾਨੂੰਨੀ ਫ਼ੀਸ ਦੱਸਣ ਦਾ ਦੋਸ਼ ਹੈ। ਅਦਾਲਤ ਨੇ ਇਸ ਨੂੰ ਦਸਤਾਵੇਜ਼ੀ ਧਾਂਦਲੀ ਦਾ ਮਾਮਲਾ ਮੰਨਿਆ। ਅਮਰੀਕਾ ‘ਚ ਇਸ ਨੂੰ ਅਪਰਾਧਿਕ ਮਾਮਲਾ ਮੰਨਿਆ ਜਾਂਦਾ ਹੈ। ਪਿਛਲੇ ਸਾਲ ਦਸੰਬਰ ‘ਚ ਟ੍ਰੰਪ ਆਰਗੇਨਾਈਜ਼ੇਸ਼ਨ ਨੂੰ ਟੈਕਸੀ ਚੋਰੀ ਦਾ ਦੋਸ਼ੀ ਪਾਇਆ ਗਿਆ ਅਤੇ ਕੰਪਨੀ ‘ਤੇ 1.6 ਮਿਲੀਅਨ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਸੀ। ਉਹ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਸਿਆਸਤ ਤੋਂ ਪ੍ਰੇਰਿਤ ਦੱਸ ਰਹੇ ਹਨ।

ਸਜ਼ਾ ਦੇ ਬਾਵਜੂਦ ਲੜ ਸਕਣਗੇ ਚੋਣ

ਜੇਕਰ ਟ੍ਰੰਪ ਇਸ ਮਾਮਲੇ ‘ਚ ਦੋਸ਼ੀ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ 4 ਸਾਲ ਦੀ ਸਜ਼ਾ ਹੋ ਸਕਦੀ ਹੈ। ਹਾਲਾਂਕਿ, ਉਨ੍ਹਾਂ ਦੇ ਜੇਲ੍ਹ ਜਾਣ ਨਾਲ 2024 ਵਿੱਚ ਰਾਸ਼ਟਰਪਤੀ ਵਜੋਂ ਉਨ੍ਹਾਂ ਦੀ ਚੋਣ ‘ਤੇ ਕੋਈ ਅਸਰ ਨਹੀਂ ਪਵੇਗਾ। ਦੋਸ਼ੀ ਪਾਏ ਜਾਣ ਅਤੇ ਸਜ਼ਾ ਹੋਣ ਤੋਂ ਬਾਅਦ ਚੋਣ ਲੜਨ ‘ਤੇ ਕੋਈ ਰੋਕ ਨਹੀਂ ਹੈ। ਹਾਲਾਂਕਿ ਜੇਕਰ ਉਹ ਜਿੱਤ ਜਾਂਦੇ ਹਨ ਤਾਂ ਉਨ੍ਹਾਂ ਨੂੰ ਸਜ਼ਾ ਪੂਰੀ ਕਰਨੀ ਪਵੇਗੀ ਅਤੇ ਉਹ ਜੇਲ੍ਹ ਤੋਂ ਸਰਕਾਰ ਚਲਾ ਸਕਦੇ ਹਨ। ਟ੍ਰੰਪ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਲੜਨ ਦੀਆਂ ਤਿਆਰੀਆਂ ‘ਚ ਲੱਗੇ ਹੋਏ ਹਨ।

Add a Comment

Your email address will not be published. Required fields are marked *