ਛੋਟੇ ਸਿੱਧੂ ਦੇ ਜਨਮ ‘ਤੇ ਮੂਸੇਵਾਲਾ ਦੀ ਹਵੇਲੀ ‘ਚ ਮੁੜ ਆਈ ‘ਸ਼ੁੱਭ’ ਘੜੀ

ਜਲੰਧਰ – ਜਦੋਂ ਦਾ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਨੇ ਜਨਮ ਲਿਆ ਹੈ, ਉਦੋਂ ਤੋਂ ਹੀ ਸਿੱਧੂ ਦੇ ਪ੍ਰਸ਼ੰਸਕਾਂ ‘ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਬਠਿੰਡਾ ਦੇ ਹਸਪਤਾਲ ‘ਚ ਮਾਂ ਚਰਨ ਕੌਰ ਨੇ ਨਿੱਕੇ ਮੂਸੇਵਾਲਾ ਨੂੰ ਜਨਮ ਦਿੱਤਾ ਸੀ, ਜਿਸ ਤੋਂ ਬਾਅਦ ਪੰਜਾਬ ਹੀ ਨਹੀਂ, ਸਗੋਂ ਦੇਸ਼-ਵਿਦੇਸ਼ ‘ਚ ਰਹਿੰਦੇ ਸਿੱਧੂ ਦੇ ਪ੍ਰਸ਼ੰਸਕਾਂ ਦੀਆਂ ਅੱਖਾਂ ਖੁਸ਼ੀ ਦੇ ਹੰਝੂਆਂ ਨਾਲ ਨਮ ਹੋ ਗਈਆਂ। 

ਇਸ ਦੌਰਾਨ ਸਿੱਧੂ ਮੂਸੇਵਾਲਾ ਦੀ ਹਵੇਲੀ ‘ਚ ਵੀ ਵਿਆਹ ਵਾਲਾ ਮਾਹੌਲ ਬਣਿਆ ਹੋਇਆ ਹੈ। ਹਰ ਕੋਈ ਬੇਹੱਦ ਖੁਸ਼ ਹੈ। ਸਿੱਧੂ ਦੇ ਪ੍ਰਸ਼ੰਸਕਾਂ ਨੇ ਜਿੱਥੇ ਦਿਨ ਵੇਲੇ ਹੋਲੀ ਖੇਡ ਕੇ ਨਿੱਕੇ ਸਿੱਧੂ ਦੇ ਜਨਮ ਦੀ ਖੁਸ਼ੀ ਮਨਾਈ, ਉੱਥੇ ਹੀ ਰਾਤ ਵੇਲੇ ਉਨ੍ਹਾਂ ਸ਼ਾਨਦਾਰ ਆਤਿਸ਼ਬਾਜ਼ੀ ਕਰ ਕੇ ਆਪਣੀ ਖੁਸ਼ੀ ਜ਼ਾਹਿਰ ਕੀਤੀ। 

ਇਸ ਦੌਰਾਨ ਹਵੇਲੀ ‘ਚ ਮੌਜੂਦ ਲੋਕਾਂ ਤੋਂ ਜਦੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜਿਵੇਂ ਕਾਤਲਾਂ ਨੇ ਸਿੱਧੂ ਮੂਸੇਵਾਲਾ ਨੂੰ ਉਸ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਤੋਂ ਖੋਹਿਆ ਸੀ, ਉਸੇ ਤਰ੍ਹਾਂ ਹੁਣ ਉਹ ਆਪਣੇ ਲੋਕਾਂ ‘ਚ ਵਾਪਸ ਆ ਗਿਆ ਹੈ। ਉਨ੍ਹਾਂ ਕਿਹਾ ਕਿ ਇੰਨੀ ਜਲਦੀ ਕੋਈ ਮਹਾਨ ਨਹੀਂ ਬਣਦਾ, ਪਰ ਸਿੱਧੂ ਬਹੁਤ ਛੋਟੀ ਉਮਰ ‘ਚ ਹੀ ਬਹੁਤ ਮਹਾਨ ਬਣ ਗਿਆ ਸੀ, ਜਿਸ ਕਾਰਨ ਉਸ ਦੀ ਮੌਤ ਤੋਂ ਬਾਅਦ ਵੀ ਉਸ ਨੂੰ ਲੈਜੈਂਡ ਮੰਨਿਆ ਜਾਂਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਉਸ ਦੀ ਇਹ ਹਵੇਲੀ ਕਰੀਬ 2 ਸਾਲ ਤੋਂ ਸੁੰਨੀ ਪਈ ਸੀ, ਜਿੱਥੇ ਹੁਣ ਮੁੜ ਖੁਸ਼ੀ ਦੀ ਲਹਿਰ ਛਾ ਗਈ ਹੈ। ਇਸ ਘਰ ‘ਚ ਉਸ ਦੇ ਪ੍ਰਸ਼ੰਸਕ ਛੋਟੇ ਸਿੱਧੂ ਦਾ ਸਵਾਗਤ ਕਰਨ ਲਈ ਬੇਹੱਦ ਉਤਸੁਕ ਹਨ। 

ਇਸ ਦੌਰਾਨ ਮੌਜੂਦ ਇਕ ਔਰਤ ਨੇ ਦੱਸਿਆ ਕਿ ਕਿਸੇ ਮਾਂ ਕੋਲੋਂ ਕੋਈ ਬੱਚਾ ਥੋੜ੍ਹੀ ਦੇਰ ਲਈ ਵੀ ਦੂਰ ਹੋ ਜਾਵੇ ਤਾਂ ਮਾਂ ਲਈ ਜਿਊਣਾ ਮੁਸ਼ਕਲ ਹੋ ਜਾਂਦਾ ਹੈ, ਪਰ ਮਾਂ ਚਰਨ ਕੌਰ ਕੋਲੋਂ ਤਾਂ ਕਾਤਲਾਂ ਨੇ ਉਸ ਦਾ ਪੁੱਤ ਸਦਾ ਲਈ ਖੋਹ ਲਿਆ ਸੀ, ਜਿਸ ਕਾਰਨ ਉਸ ਦੇ ਤਾਂ ਜੀਣ ਦਾ ਕੋਈ ਸਹਾਰਾ ਹੀ ਨਹੀਂ ਸੀ ਬਚਿਆ। ਪਰ ਪਰਮਾਤਮਾ ਨੇ ਉਸ ਨੂੰ ਇਕ ਹੋਰ ਪੁੱਤਰ ਦੀ ਦਾਤ ਬਖ਼ਸ਼ ਕੇ ਮਾਂ ਨੂੰ ਜਿਊਣ ਦਾ ਸਹਾਰਾ ਅਤੇ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਨਵੀਂ ਆਸ ਦੇ ਦਿੱਤੀ ਹੈ। 

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਖ਼ਬਰ ਸਾਹਮਣੇ ਆਈ ਸੀ ਕਿ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਬੱਚੇ ਨੂੰ ਜਨਮ ਦੇਣ ਵਾਲੇ ਹਨ। ਉਨ੍ਹਾਂ ਨੇ ਬੱਚੇ ਨੂੰ ਜਨਮ ਦੇਣ ਲਈ ਆਈ.ਵੀ.ਐੱਫ. ਤਕਨੀਕ ਦਾ ਸਹਾਰਾ ਲਿਆ ਹੈ, ਜਿਸ ਤੋਂ ਬਾਅਦ ਬਠਿੰਡਾ ਦੇ ਇਕ ਹਸਪਤਾਲ ‘ਚ ਉਨ੍ਹਾਂ ਨੇ ਇਕ ਪੁੱਤਰ ਨੂੰ ਜਨਮ ਦਿੱਤਾ ਹੈ। ਇਹ ਖ਼ਬਰ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਸਭ ਨਾਲ ਸਾਂਝੀ ਕੀਤੀ ਸੀ। 

Add a Comment

Your email address will not be published. Required fields are marked *