ਦੇਸ਼ ਦੀ ਪਹਿਲੀ ‘ਅੰਡਰ ਵਾਟਰ’ ਮੈਟਰੋ ਟਰੇਨ ਦੀਆਂ ਵਪਾਰਕ ਸੇਵਾਵਾਂ ਸ਼ੁਰੂ

ਕੋਲਕਾਤਾ – ਦੇਸ਼ ਦੀ ਪਹਿਲੀ ‘ਅੰਡਰ ਵਾਟਰ’ ਮੈਟਰੋ ਟਰੇਨ ਦੀਆਂ ਵਪਾਰਕ ਸੇਵਾਵਾਂ ਸ਼ੁੱਕਰਵਾਰ ਨੂੰ ਕੋਲਕਾਤਾ ਵਿਚ ਸ਼ੁਰੂ ਹੋ ਗਈਆਂ ਹਨ। ਇਸ ਨਾਲ ਸੈਂਕੜੇ ਯਾਤਰੀ ਆਪਣੀ ਪਹਿਲੀ ਯਾਤਰਾ ‘ਤੇ ਖੁਸ਼ੀ ਨਾਲ ਝੂਮ ਉੱਠੇ ਹਨ। ਦੱਸ ਦੇਈਏ ਕਿ ਇਸ ਦੀ ਇਕ ਮੈਟਰੋ ਟਰੇਨ ਸਵੇਰੇ 7 ਵਜੇ ਕੋਲਕਾਤਾ ਦੇ ਈਸਟ-ਵੈਸਟ ਮੈਟਰੋ ਕੋਰੀਡੋਰ ‘ਤੇ ਹਾਵੜਾ ਮੈਦਾਨ ਸਟੇਸ਼ਨ ਤੋਂ ਚੱਲੀ, ਜਦਕਿ ਦੂਜੀ ਟਰੇਨ ਉਸੇ ਸਮੇਂ ਐਸਪਲੇਨੇਡ ਸਟੇਸ਼ਨ ਤੋਂ ਰਵਾਨਾ ਹੋਈ।

ਦੱਸ ਦੇਈਏ ਕਿ ਪਹਿਲੇ ਦਿਨ ਦੀ ਪਹਿਲੀ ਅੰਡਰਵਾਟਰ ਮੈਟਰੋ ਦਾ ਹਿੱਸਾ ਬਣਨ ਲਈ ਸੈਂਕੜੇ ਯਾਤਰੀ ਸਵੇਰੇ-ਸਵੇਰੇ ਸਟੇਸ਼ਨਾਂ ‘ਤੇ ਪਹੁੰਚ ਗਏ। ਹਾਵੜਾ ਮੈਦਾਨ ਸਟੇਸ਼ਨ ‘ਤੇ ਸਵੇਰੇ ਟਿਕਟ ਲੈਣ ਲਈ ਯਾਤਰੀ ਲੰਬੀਆਂ ਕਤਾਰਾਂ ‘ਚ ਖੜ੍ਹੇ ਹੋਏ ਵਿਖਾਈ ਦਿੱਤੇ, ਜਦਕਿ ਐਸਪਲੇਨੇਡ ਸਟੇਸ਼ਨ ‘ਤੇ ਅਧਿਕਾਰੀਆਂ ਨੇ ਗੁਲਾਬ ਦੇ ਫੁੱਲ ਦੇ ਕੇ ਯਾਤਰੀਆਂ ਦਾ ਸਵਾਗਤ ਕੀਤਾ। ਹਾਵੜਾ ਮੈਦਾਨ ਸਟੇਸ਼ਨ ‘ਤੇ ਕੁਝ ਯਾਤਰੀਆਂ ਨੇ ਟਰੇਨ ‘ਚ ਚੜ੍ਹਦਿਆਂ ਹੀ ‘ਜੈ ਸ਼੍ਰੀ ਰਾਮ’ ਦੇ ਨਾਅਰੇ ਲਗਾਏ।

ਜ਼ਿਕਰਯੋਗ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 6 ਮਾਰਚ ਨੂੰ ਕੋਲਕਾਤਾ ਮੈਟਰੋ ਦੇ ਪੂਰਬ-ਪੱਛਮੀ ਕੋਰੀਡੋਰ ਦੇ ਹਾਵੜਾ ਮੈਦਾਨ-ਐਸਪਲੇਨੇਡ ਸੈਕਸ਼ਨ ਦਾ ਉਦਘਾਟਨ ਕੀਤਾ ਗਿਆ ਸੀ। ਉਸ ਉਦਘਾਟਨ ਤੋਂ ਬਾਅਦ ਵਪਾਰਕ ਸੇਵਾਵਾਂ ਸ਼ੁਰੂ ਹੋਈਆਂ। ਇਹ ਭਾਰਤ ਵਿੱਚ ਅੰਡਰਵਾਟਰ ਮੈਟਰੋ ਸੇਵਾਵਾਂ ਦੀ ਸ਼ੁਰੂਆਤ ਸੀ। ਜਿਵੇਂ ਹੀ ਟਰੇਨ ਨਦੀ ਦੇ ਹੇਠਲੇ ਹਿੱਸੇ ‘ਤੇ ਪਹੁੰਚੀ ਤਾਂ ਟਰੇਨ ‘ਚ ਸਵਾਰ ਯਾਤਰੀਆਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। 

ਇਸ ਦੌਰਾਨ ਯਾਤਰੀਆਂ ਦੇ ਇੱਕ ਹਿੱਸੇ ਵਲੋਂ ‘ਇਹ ਹੈ ਮੋਦੀ ਦੀ ਗਾਰੰਟੀ’ ਵਰਗੇ ਨਾਅਰੇ ਲਗਾਏ ਹਨ। ਕੁਝ ਯਾਤਰੀ ਹੁਗਲੀ ਨਦੀ ਦੇ ਹੇਠਾਂ ਸੁਰੰਗ ਦੀ ਕੰਧ ਦੀ ਰੌਸ਼ਨੀ ਦੀ ਝਲਕ ਪਾਉਣ ਲਈ ਖਿੜਕੀ ਵੱਲ ਭੱਜੇ। ਚੱਲਦੀ ਰੇਲਗੱਡੀ ਦੇ ਦੋਵੇਂ ਪਾਸੇ ਪਾਣੀ ਦਾ ਪ੍ਰਭਾਵ ਦੇਣ ਲਈ ਨਦੀ ਦੇ ਹੇਠਾਂ ਸੁਰੰਗਾਂ ਦੀ ਅੰਦਰਲੀ ਕੰਧ ‘ਤੇ ਵਿਸ਼ੇਸ਼ ਨੀਲੀਆਂ ਬੱਤੀਆਂ ਦਾ ਪ੍ਰਬੰਧ ਕੀਤਾ ਗਿਆ ਹੈ। ਸੁਰੰਗ ਦਾ ਹੇਠਲਾ ਹਿੱਸਾ 520 ਮੀਟਰ ਲੰਬਾ ਹੈ ਅਤੇ ਇਸ ਨੂੰ ਪਾਰ ਕਰਨ ਲਈ ਰੇਲਗੱਡੀ ਨੂੰ ਲਗਭਗ 45 ਸਕਿੰਟ ਲੱਗਦੇ ਹਨ।

Add a Comment

Your email address will not be published. Required fields are marked *