ਬਿਹਾਰ ’ਚ ਪੁਲੀਸ ਨੇ ਕਿਸਾਨਾਂ ਨੂੰ ਘਰਾਂ ’ਚ ਵੜ ਕੇ ਕੁੱਟਿਆ

ਪਟਨਾ:ਵੱਡੀ ਗਿਣਤੀ ਪੁਲੀਸ ਮੁਲਾਜ਼ਮਾਂ ਨੇ ਬੀਤੀ ਰਾਤ ਬਿਹਾਰ ਦੇ ਬਕਸਰ ਜ਼ਿਲ੍ਹੇ ਵਿੱਚ ਇੱਕ ਥਰਮਲ ਪਾਵਰ ਕੰਪਨੀ ਖ਼ਿਲਾਫ਼ ਪਿਛਲੇ 85 ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਘਰ ਵੜ ਕੇ ਕਥਿਤ ਕੁੱਟਮਾਰ ਕੀਤੀ। ਪੁਲੀਸ ਦੀ ਇਸ ਕਾਰਵਾਈ ਦੌਰਾਨ ਕਿਸਾਨ ਆਪੋ-ਆਪਣੇ ਘਰਾਂ ਵਿੱਚ ਸੁੱਤੇ ਹੋਏ ਸਨ। ਘਰਾਂ ’ਚ ਢਾਹੇ ਗਏ ਤਸ਼ੱਦਦ ਮਗਰੋਂ ਗੁੱਸੇ ਵਿੱਚ ਆਏ ਕਿਸਾਨਾਂ ਨੇ ਅੱਜ ਪੁਲੀਸ ਦੀਆਂ ਗੱਡੀਆਂ ਨੂੰ ਅੱਗ ਲਾ ਦਿੱਤੀ। ਇਹ ਘਟਨਾ ਜ਼ਿਲ੍ਹੇ ਦੇ ਚੌਸਾ ਸਬ-ਡਿਵੀਜ਼ਨ ਦੇ ਪਿੰਡ ਬਨਾਰਪੁਰ ਦੀ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਕਿਸਾਨਾਂ ਨੇ ਕੰਪਨੀ ਦਫ਼ਤਰ ਦੇ ਗੇਟ ਨੂੰ ਤਾਲਾ ਲਗਾ ਕੇ ਥਰਮਲ ਪਾਵਰ ਪ੍ਰਾਜੈਕਟ ਲਈ ਐਕੁਆਇਰ ਕੀਤੀ ਜ਼ਮੀਨ ਦਾ ਢੁਕਵਾਂ ਮੁਆਵਜ਼ਾ ਦੇਣ ਦੀ ਮੰਗ ਕੀਤੀ ਸੀ। ਕਿਸਾਨਾਂ ਨੇ ਦਾਅਵਾ ਕੀਤਾ ਕਿ ਅੱਧੀ ਰਾਤ ਦੇ ਕਰੀਬ ਜਦੋਂ ਉਹ ਆਪੋ-ਆਪਣੇ ਘਰਾਂ ਵਿੱਚ ਸੁੱਤੇ ਹੋਏ ਸਨ ਤਾਂ ਪੁਲੀਸ ਮੁਲਾਜ਼ਮ ਆ ਕੇ ਉਨ੍ਹਾਂ ਦੇ ਘਰਾਂ ਦੇ ਦਰਵਾਜ਼ੇ ਖੜਕਾਉਣ ਲੱਗੇ। ਜਦੋਂ ਉਨ੍ਹਾਂ ਦਰਵਾਜ਼ੇ ਖੋਲ੍ਹੇ ਤਾਂ ਪੁਲੀਸ ਮੁਲਾਜ਼ਮਾਂ ਨੇ ਉਨ੍ਹਾਂ ਦੀ ਡੰਡਿਆਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੋਸ਼ ਲਾਇਆ ਕਿ ਇਸ ਦੌਰਾਨ ਔਰਤਾਂ ਨਾਲ ਵੀ ਬਦਸਲੂਕੀ ਕੀਤੀ ਗਈ। ਇਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋਈ ਹੈ।

ਪੁਲੀਸ ਦੀ ਇਸ ਕਾਰਵਾਈ ਤੋਂ ਬਾਅਦ ਕਿਸਾਨਾਂ ਨੇ ਅੱਜ ਵਿਰੋਧ ਪ੍ਰਦਰਸ਼ਨ ਹੋਰ ਤੇਜ਼ ਕਰ ਦਿੱਤਾ ਅਤੇ ਪੁਲੀਸ ਦੀਆਂ ਗੱਡੀਆਂ ਨੂੰ ਅੱਗ ਲਾ ਦਿੱਤੀ। ਇਸ ਦੌਰਾਨ ਪਿੰਡ ਵਾਸੀਆਂ ਨੇ ਪੁਲੀਸ ਮੁਲਾਜ਼ਮਾਂ ’ਤੇ ਪਥਰਾਅ ਵੀ ਕੀਤਾ। ਮੌਜੂਦਾ ਸਮੇਂ ਪਿੰਡ ਵਿੱਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਸਥਿਤੀ ’ਤੇ ਕਾਬੂ ਪਾਉਣ ਲਈ ਇਲਾਕੇ ਵਿੱਚ ਵੱਡੀ ਗਿਣਤੀ ਪੁਲੀਸ ਮਲਾਜ਼ਮ ਤਾਇਨਾਤ ਕੀਤੇ ਗਏ ਹਨ। ਜ਼ਿਲ੍ਹਾ ਪੁਲੀਸ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਪੁਲੀਸ ਦੀਆਂ ਗੱਡੀਆਂ ਅਤੇ ਹੋਰ ਥਾਈਂ ਅੱਗ ਲਾਉਣ ਦੇ ਦੋਸ਼ ਹੇਠ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

Add a Comment

Your email address will not be published. Required fields are marked *