ਅਮਰੀਕਾ ਦੇ 3 ਰਾਜਾਂ ‘ਚ ਤੇਜ਼ ਤੂਫਾਨ ਨੇ ਮਚਾਈ ਤਬਾਹੀ

ਇੰਡਿਆਨਾ : ਅਮਰੀਕਾ ਦੇ ਤਿੰਨ ਰਾਜਾਂ ਵਿਚ ਆਏ ਤੇਜ਼ ਤੂਫਾਨ ਨੇ ਤਬਾਹੀ ਮਚਾ ਦਿਤੀ ਅਤੇ ਘੱਟੋ ਘੱਟ ਸਵਾ ਕਰੋੜ ਲੋਕ ਪ੍ਰਭਾਵਤ ਹੋਏ। ਓਹਾਇਓ ਵਿਖੇ ਟੌਰਨੈਡੋ ਕਾਰਨ ਦੋ ਜਣਿਆਂ ਦੀ ਮੌਤ ਹੋ ਗਈ ਅਤੇ ਘਰਾਂ ਦੀਆਂ ਛੱਤਾਂ ਉਡ ਗਈਆਂ। ਓਹਾਇਓ ਤੋਂ ਇਲਾਵਾ ਇੰਡਿਆਨਾ ਅਤੇ ਕੈਂਟਕੀ ਰਾਜਾਂ ਵਿਚ ਵੀ ਤੂਫਾਨ ਨੇ ਭਾਰੀ ਨੁਕਸਾਨ ਕੀਤਾ। ਓਹਾਇਓ ਦੀ ਲੋਗਨ ਕਾਊਂਟੀ ਦੇ ਸ਼ੈਰਿਫ ਰੈਂਡਲ ਡੌਡਜ਼ ਨੇ ਦੱਸਿਆ ਕਿ ਨੁਕਸਾਨ ਦਾ ਅੰਦਾਜ਼ਾ ਲਾਉਣਾ ਮੁਸ਼ਕਲ ਹੈ ਪਰ ਜਾਨੀ ਨੁਕਸਾਨ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ।

ਸੋਸ਼ਲ ਮੀਡੀਆ ’ਤੇ ਤੂਫਾਨ ਦੀਆਂ ਤਸਵੀਰਾਂ ਲਗਾਤਾਰ ਵਾਇਰਲ ਹੋ ਰਹੀਆਂ ਹਨ। ਓਹਾਇਓ ਦੇ ਲੇਕਵਿਊ ਇਲਾਕੇ ਵਿਚ ਵੀ ਭਾਰੀ ਨੁਕਸਾਨ ਹੋਣ ਦੀ ਰਿਪੋਰਟ ਹੈ। ਕਈ ਇਮਾਰਤਾਂ ਤਬਾਹ ਹੋਈਆਂ ਅਤੇ ਕਈਆਂ ਦੀਆਂ ਛੱਤਾਂ ਉਡ ਗਈਆਂ। ਇਸੇ ਦੌਰਾਨ ਇੰਡਿਆਨਾ ਦੇ ਵਿਨਚੈਸਟਰ ਕਸਬੇ ਵਿਚ ਵੀਰਵਾਰ ਰਾਤ ਅੱਠ ਵਜੇ ਪਰਲੋ ਵਰਗੇ ਹਾਲਾਤ ਬਣ ਗਏ ਅਤੇ ਕਈ ਇਮਾਰਤਾਂ ਤਾਸ਼ ਦੇ ਪੱਤਿਆਂ ਵਾਂਗ ਉਡ ਗਈਆਂ। ਵਿਨਚੈਸਟਰ ਵਿਖੇ ਹਵਾਵਾਂਦੀ ਰਫਤਾਰ 100 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਰਹੀ ਅਤੇ ਵਾਵਰੋਲੇ ਦੇ ਰਾਹ ਵਿਚ ਆਉਣ ਵਾਲੀ ਕੋਈ ਚੀਜ਼ ਨਾ ਬਚ ਸਕੀ। ਉਧਰ ਰੈਂਡੌਲਫ ਕਾਊਂਟੀ ਵਿਚ 38 ਜਣਿਆਂ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ ਜਿਨ੍ਹਾਂ ਵਿਚੋਂ 12 ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਇੰਡੀਅਨ ਲੇਕ ਏਰੀਆ ਚੈਂਬਰ ਆਫ ਕਾਮਰਸ ਦੀ ਮੁੱਖ ਕਾਰਜਕਾਰੀ ਐਂਬਰ ਫੈਗਨ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਐਨੀ ਤਬਾਹੀ ਕਦੇ ਨਹੀਂ ਦੇਖੀ।

ਟੌਰਨੈਡੋ ਆਇਆ ਤਾਂ ਲੋਕਾਂ ਦੇ ਦਿਲ ਬੈਠ ਗਏ ਅਤੇ ਇਸ ਦੇ ਰਾਹ ਵਿਚ ਆਉਣ ਵਾਲੀ ਹਰ ਚੀਜ਼ ਅਸਮਾਨ ਵਿਚ ਉਡਦੀ ਨਜ਼ਰ ਆ ਰਹੀ ਸੀ। ਬੇਘਰ ਹੋਏ ਲੋਕਾਂ ਵਾਸਤੇ ਸ਼ੈਲਟਰ ਖੋਲ੍ਹੇ ਗਏ ਹਨ ਅਤੇ ਖਾਣੇ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇੰਡੀਅਨ ਲੇਕ ਤੋਂ 75 ਮੀਲ ਉਤਰ ਪੂਰਬ ਵੱਲ ਹਿਊਰਨ ਕਾਊਂਟੀ ਵਿਚ ਵੀ ਲੋਕ ਹਾਲੋਂ ਬੇਹਾਲ ਹੋ ਗਏ। ਉਮਰ ਦੇ ਅੰਤਲੇ ਪੜਾਅ ਵਿਚ ਪੁੱਜੇ ਕੁਝ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਅਣਗਿਣਤੀ ਟੌਰਨੈਡੋ ਦੇਖੇ ਪਰ ਐਨੀ ਰਫਤਾਰ ਕਿਸੇ ਵਿਚ ਨਹੀਂ ਸੀ।

Add a Comment

Your email address will not be published. Required fields are marked *