ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ ਵੱਲੋਂ ਗੱਤਕੇ ਨੂੰ ਵਿਸ਼ਵ ਭਰ ‘ਚ ਅੱਗੇ ਵਧਾਉਣ ਦਾ ਅਹਿਦ

ਲੰਡਨ : ਵਿਸ਼ਵ ਭਰ ‘ਚ ਸਿੱਖ ਮਾਰਸ਼ਲ ਆਰਟ ਗੱਤਕੇ ਨੂੰ ਪ੍ਰਫੁੱਲਤ ਕਰਨ, ਪ੍ਰਚਾਰ-ਪ੍ਰਸਾਰ ਅਤੇ ਸੰਭਾਲਣ ਦੇ ਉਦੇਸ਼ ਨਾਲ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ (ਕੌਮਾਂਤਰੀ ਸਿੱਖ ਸ਼ਸਤਰ ਵਿੱਦਿਆ ਕੌਂਸਲ) ਨੇ ਹੇਜ਼, ਲੰਡਨ ਵਿਖੇ ਇਕ ਵਿਸ਼ੇਸ਼ ਮੀਟਿੰਗ ਕੀਤੀ ਤੇ ਇਸ ਖੇਡ ਦੇ ਗਤੀਸ਼ੀਲ ਵਿਕਾਸ ਅਤੇ ਵਿਸਥਾਰ ਕਰਨ ਦਾ ਫ਼ੈਸਲਾ ਲਿਆ। ਇਹ ਮੀਟਿੰਗ ਕੌਂਸਲ ਦੇ ਚੇਅਰਮੈਨ ਸਟੇਟ ਐਵਾਰਡੀ ਹਰਜੀਤ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਗੱਤਕਾ ਖੇਡ ਦੇ ਖੇਤਰ ‘ਚ ਹੁਣ ਤੱਕ ਹੋਈ ਤਰੱਕੀ ਬਾਰੇ ਚਾਨਣਾ ਪਾਇਆ ਅਤੇ ਭਵਿੱਖ ਦੀਆਂ ਯੋਜਨਾਵਾਂ ਵੀ ਹਾਜ਼ਰੀਨ ਨਾਲ ਸਾਂਝੀਆਂ ਕੀਤੀਆਂ ਗਈਆਂ।

ਹਰਜੀਤ ਸਿੰਘ ਗਰੇਵਾਲ, ਜੋ ਕਿ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਵੀ ਹਨ, ਨੇ ਦੱਸਿਆ ਕਿ ਗੱਤਕਾ ਸੋਟੀ ਦੀ ਖੇਡ ਨੂੰ ਪੜਾਅਵਾਰ ਏਸ਼ੀਅਨ ਖੇਡਾਂ, ਰਾਸ਼ਟਰਮੰਡਲ ਖੇਡਾਂ ਅਤੇ ਉਸ ਤੋਂ ਬਾਅਦ ਓਲੰਪਿਕ ਖੇਡਾਂ ਵਿੱਚ ਸ਼ਾਮਲ ਕਰਵਾਇਆ ਜਾਵੇਗਾ। ਇਸ ਮੌਕੇ ਸਰਬਜੀਤ ਸਿੰਘ ਗਰੇਵਾਲ ਸੇਫ਼ਟੈਕ ਸਿਸਟਮਜ਼ ਲਿਮਟਿਡ, ਪ੍ਰਤਾਪ ਸਿੰਘ ਮੋਮੀ, ਕੇਵਲ ਸਿੰਘ ਰੰਧਾਵਾ, ਅਮਰੀਕ ਸਿੰਘ ਸਿੱਧੂ, ਗੁਰਮੀਤ ਸਿੰਘ ਹੰਜਰਾ, ਹਰਵਿੰਦਰ ਸਿੰਘ ਗਰੇਵਾਲ, ਰਜਿੰਦਰ ਸਿੰਘ ਥਿੰਦ, ਗੁਰਤੇਜ ਸਿੰਘ ਯੂਕੇ ਬਿਲਡਰ, ਪਲਵਿੰਦਰ ਸਿੰਘ ਕੁਲਚਾ ਐਕਸਪ੍ਰੈੱਸ, ਸੁਖਜੀਵਨ ਸਿੰਘ ਸੋਢੀ, ਰੁਪਿੰਦਰ ਸਿੰਘ, ਗੁਰਪ੍ਰੀਤ ਸਿੰਘ, ਜਸਵੰਤ ਸਿੰਘ ਗਰੇਵਾਲ, ਬਲਵੰਤ ਸਿੰਘ ਗਰੇਵਾਲ ਆਦਿ ਮੀਟਿੰਗ ‘ਚ ਹਾਜ਼ਰ ਸਨ।

ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ ਯੂਕੇ ਚੈਪਟਰ ਦੇ ਡਾਇਰੈਕਟਰ ਸਰਬਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਇੰਗਲੈਂਡ ਵਿੱਚ ਪਿਛਲੇ 12 ਸਾਲਾਂ ਤੋਂ ਗੱਤਕਾ ਫੈਡਰੇਸ਼ਨ ਯੂਕੇ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਦੀ ਅਗਵਾਈ ‘ਚ ਗੱਤਕਾ ਖੇਡ ਨੇ ਬਹੁਤ ਬੁਲੰਦੀਆਂ ਹਾਸਲ ਕੀਤੀਆਂ ਹਨ ਅਤੇ ਹਰ ਸਾਲ ਨੈਸ਼ਨਲ ਪੱਧਰ ਦੇ ਗੱਤਕਾ ਮੁਕਾਬਲੇ ਕਰਵਾਏ ਜਾਂਦੇ ਰਹੇ ਹਨ। ਉਨ੍ਹਾਂ ਹਾਲ ਹੀ ‘ਚ ਹੇਜ਼, ਲੰਡਨ ਵਿਖੇ ਹੋਏ 9ਵੇਂ ਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ ਦੀ ਸਫ਼ਲਤਾ ਲਈ ਸਾਰਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਸਰਬਜੀਤ ਸਿੰਘ ਗਰੇਵਾਲ ਅਤੇ ਸਮੂਹ ਹਾਜ਼ਰੀਨ ਨੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ ਅਤੇ ਵਿਸ਼ਵ ਗੱਤਕਾ ਫੈਡਰੇਸ਼ਨ ਨੂੰ ਤਨ, ਮਨ ਤੇ ਧਨ ਨਾਲ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਤੇ ਅਗਲੇ ਸਾਲ ਇੰਗਲੈਂਡ ਵਿਖੇ ਹੋਣ ਵਾਲੀ 10ਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਨੂੰ ਸਫ਼ਲ ਬਣਾਉਣ ਦਾ ਫ਼ੈਸਲਾ ਕੀਤਾ।

Add a Comment

Your email address will not be published. Required fields are marked *