ਟਾਟਾ ਦੇ ਸੈਮੀਕੰਡਕਟਰ ਪਲਾਂਟ ਸਾਰੇ ਸੈਕਟਰਾਂ ਨੂੰ ਸਪਲਾਈ ਕਰਨਗੇ ਚਿਪ

ਢੋਲੇਰਾ – ਟਾਟਾ ਸੰਨਜ਼ ਦੇ ਚੇਅਰਮੈਨ ਐੱਨ. ਚੰਦਰਸ਼ੇਖਰਨ ਨੇ ਕਿਹਾ ਕਿ ਟਾਟਾ ਇਲੈਕਟ੍ਰਾਨਿਕਸ ਦੇ ਸੈਮੀਕੰਡਕਟਰ ਪਲਾਂਟ ਹੌਲੀ-ਹੌਲੀ ਚਿਪਾਂ ਦੀ ਸਪਲਾਈ ਕਰ ਕੇ ਪੜਾਅਵਾਰ ਢੰਗ ਨਾਲ ਸਾਰੇ ਸੈਕਟਰਾਂ ਨੂੰ ਸੇਵਾਵਾਂ ਦੇਣਗੇ ਅਤੇ ਆਉਣ ਵਾਲੇ ਸਾਲਾਂ ’ਚ ਲੱਗਭਗ 72,000 ਨੌਕਰੀਆਂ ਪੈਦਾ ਕਰਨਗੇ। ਚੰਦਰਸ਼ੇਖਰਨ ਨੇ ਗੁਜਰਾਤ ਦੇ ਢੋਲੇਰਾ ’ਚ ਟਾਟਾ ਇਲੈਕਟ੍ਰੋਨਿਕਸ ਦੇ 91,000 ਕਰੋੜ ਰੁਪਏ ਦੀ ਲਾਗਤ ਨਾਲ ਪ੍ਰਸਤਾਵਿਤ ਚਿਪ ਨਿਰਮਾਣ ਪਲਾਂਟ ਅਤੇ ਆਸਾਮ ’ਚ 27,000 ਕਰੋੜ ਰੁਪਏ ਦੇ ਚਿਪ ਅਸੈਂਬਲਿੰਗ ਯੂਨਿਟ ਦੇ ਨੀਂਹ-ਪੱਥਰ ਰੱਖਣ ਮੌਕੇ ਕਰਵਾਏ ਸਮਾਗਮ ’ਚ ਸੰਬੋਧਨ ਕੀਤਾ।

ਇਸ ਦੌਰਾਨ ਉਹਨਾਂ ਨੇ ਕਿਹਾ ਕਿ ਅੱਗੇ ਚੱਲ ਕੇ ਇਨ੍ਹਾਂ ਪ੍ਰਾਜੈਕਟਾਂ ਦਾ ਵਿਸਥਾਰ ਵੀ ਵੀ ਹੋਵੇਗਾ ਪਰ ਸ਼ੁਰੂਆਤੀ ਮੀਲ ਦੇ ਪੱਥਰ ਪਾਰ ਕਰਨ ਤੋਂ ਬਾਅਦ ਹੀ ਅਜਿਹਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਟਾਟਾ ਇਲੈਕਟ੍ਰੋਨਿਕਸ ਪਲਾਂਟਾਂ ’ਚ ਤਿਆਰ ਚਿਪ ਵਾਹਨ, ਪਾਵਰ, ਇਲੈਕਟ੍ਰੋਨਿਕਸ, ਖਪਤਕਾਰ ਅਤੇ ਮੈਡੀਕਲ ਸਮੇਤ ਵੱਖ-ਵੱਖ ਖੇਤਰਾਂ ਦੀਆਂ ਲੋੜਾਂ ਨੂੰ ਪੂਰਾ ਕਰਨਗੇ। ਟਾਟਾ ਗਰੁੱਪ ਦੇ ਮੁਖੀ ਚੰਦਰਸ਼ੇਖਰਨ ਨੇ ਕਿਹਾ, “ਚਿਪ ਦੀ ਜ਼ਰੂਰਤ ਵਾਲੇ ਖੇਤਰਾਂ ਦੀ ਇਕ ਪੂਰੀ ਲੜੀ ਹੈ ਪਰ ਅਸੀਂ ਪਹਿਲੇ ਹੀ ਦਿਨ ਤੋਂ ਸਾਰੀਆਂ ਕਿਸਮਾਂ ਦੇ ਚਿਪ ਦਾ ਉਤਪਾਦਨ ਨਹੀਂ ਕਰ ਸਕਦੇ। ਇਹ ਪੜਾਅਵਾਰ ਢੰਗ ਨਾਲ ਹੋਵੇਗਾ ਪਰ ਅਸੀਂ ਸਾਰੇ ਖੇਤਰਾਂ ਦੀ ਸੇਵਾ ਕਰਾਂਗੇ।’’

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਟਾਟਾ ਦਾ ਚਿਪ ਪਲਾਂਟ 28 ਨੈਨੋਮੀਟਰ (ਐੱਨ. ਐੱਮ.) ਤੋਂ 110 ਨੈਨੋਮੀਟਰ ਨੋਡਸ ’ਚ ਚਿਪ ਦਾ ਉਤਪਾਦਨ ਕਰਨ ’ਚ ਸਮਰੱਥ ਹੈ। ਸਮਾਰਟਫੋਨ, ਟੈਬਲੇਟ, 3 ਐੱਨ. ਐੱਮ., 7 ਐੱਨ. ਐੱਮ. ਅਤੇ 14 ਐੱਨ. ਐੱਮ ਵਰਗੇ ਛੋਟੇ ਨੋਡਸ ਵਾਲੇ ਚਿਪ ਦੀ ਲੋੜ ਹੁੰਦੀ ਹੈ। ਚੰਦਰਸ਼ੇਖਰਨ ਨੇ ਕਿਹਾ ਕਿ ਇਨ੍ਹਾਂ ਪਲਾਂਟਾਂ ਦੀ ਸਥਾਪਨਾ ਨਾਲ ਵੱਡੀ ਗਿਣਤੀ ’ਚ ਨੌਕਰੀਆਂ ਪੈਦਾ ਹੋਣਗੀਆਂ।

ਉਨ੍ਹਾਂ ਨੇ ਕਿਹਾ, “ਇਹ ਸਿਰਫ਼ ਸ਼ੁਰੂਆਤ ਹੈ। ਅੱਗੇ ਚੱਲ ਕੇ ਇਸ ਦਾ ਵਿਸਥਾਰ ਹੋਵੇਗਾ। ਅਸੀਂ ਇੱਥੇ 50,000 ਨੌਕਰੀਆਂ ਅਤੇ ਆਸਾਮ ਦੇ ਪਲਾਂਟ ’ਚ 20,000-22,000 ਨੌਕਰੀਆਂ ਲੱਭ ਰਹੇ ਹਾਂ ਪਰ ਇਸ ’ਚ ਸਮਾਂ ਲੱਗੇਗਾ। ਜਿਵੇਂ-ਜਿਵੇਂ ਅਸੀਂ ਸ਼ੁਰੂਆਤੀ ਮੀਲ ਦੇ ਪੱਥਰਾਂ ਨੂੰ ਪਾਰ ਕਰਾਂਗੇ, ਅਸੀਂ ਉਸ ਦਾ ਵਿਸਥਾਰ ਕਰਾਂਗੇ।”

ਚੰਦਰਸ਼ੇਖਰਨ ਨੇ ਕਿਹਾ ਕਿ ਕੰਪਨੀ ਚਿਪ ਉਤਪਾਦਨ ਦੀ ਸਮਾਂ ਹੱਦ ’ਚ ਤੇਜ਼ੀ ਲਿਆ ਰਹੀ ਹੈ। ਉਨ੍ਹਾਂ ਨੇ ਕਿਹਾ, ‘‘ਆਮ ਤੌਰ ’ਤੇ ਸੈਮੀਕੰਡਕਟਰ ਪਲਾਂਟ ਦੀ ਸਥਾਪਨਾ ’ਚ ਲੱਗਭਗ 4 ਸਾਲ ਲੱਗਦੇ ਹਨ। ਸਾਡਾ ਟੀਚਾ ਕੈਲੰਡਰ ਸਾਲ 2026 ਦੇ ਦੂਜੇ ਅੱਧ ’ਚ ਚਿਪ ਦਾ ਉਤਪਾਦਨ ਸ਼ੁਰੂ ਕਰਨ ਦਾ ਹੈ। ਆਸਾਮ ’ਚ ਇਹ ਕੰਮ ਪਹਿਲਾਂ ਵੀ ਕੀਤਾ ਜਾ ਸਕਦਾ ਹੈ। ਅਸੀਂ ਅਸਾਮ ’ਚ 2025 ਦੇ ਅੰਤ ਤੱਕ ਵਪਾਰਕ ਉਤਪਾਦਨ ਵੀ ਸ਼ੁਰੂ ਕਰ ਸਕਦੇ ਹਾਂ।’

Add a Comment

Your email address will not be published. Required fields are marked *