ਰਾਮਾਇਣ ਵਿਚ ਰਣਬੀਰ ਕਪੂਰ ਨੂੰ ‘ਸ਼੍ਰੀ ਰਾਮ’ ਦਾ ਕਿਰਦਾਰ ਮਿਲਣ ‘ਤੇ ਅਰੁਣ ਗੋਵਿਲ ਦਾ ਪਹਿਲਾ ਬਿਆਨ

ਨਿਤੇਸ਼ ਤਿਵਾਰੀ ਦੀ ਫ਼ਿਲਮ ‘ਰਾਮਾਇਣ’ ਨੂੰ ਲੈ ਕੇ ਦਰਸ਼ਕਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇਸ ਫ਼ਿਲਮ ਵਿਚ ਸ਼੍ਰੀ ਰਾਮ ਦਾ ਕਿਰਦਾਰ ਰਣਬੀਰ ਕਪੂਰ ਅਤੇ ਮਾਤਾ ਸੀਤਾ ਦਾ ਕਿਰਦਾਰ ਸਾਈ ਪੱਲਵੀ ਵੱਲੋਂ ਨਿਭਾਇਆ ਜਾਵੇਗਾ, ਉੱਥੇ ਹੀ ਹਨੂੰਮਾਨ ਦੇ ਕਿਰਦਾਰ ਵਿਚ ਸੰਨੀ ਦਿਓਲ ਨਜ਼ਰ ਆਉਣਗੇ। ਐਕਟਰ ਰਣਬੀਰ ਕਪੂਰ ਨੂੰ ਭਗਵਾਨ ਦੇ ਰੋਲ ਵਿਚ ਵੇਖਣ ਲਈ ਫੇਨਜ਼ ਅੰਦਰ ਕਾਫ਼ੀ ਕ੍ਰੇਜ਼ ਹੈ। ਇਸ ਵਿਚਾਲੇ ਰਾਮਾਨੰਦ ਸਾਗਰ ਦੀ ‘ਰਾਮਾਇਣ’ ਵਿਚ ਪ੍ਰਭੂ ਸ਼੍ਰੀ ਰਾਮ ਦਾ ਕਿਰਦਾਰ ਨਿਭਾਉਣ ਵਾਲੇ ਮਸ਼ਹੂਰ ਅਦਾਕਾਰ ਅਰੁਣ ਗੋਵਿਲ ਦਾ ਬਿਆਨ ਸਾਹਮਣੇ ਆਇਆ ਹੈ। 

ਹਾਲ ਹੀ ਵਿਚ ਮੀਡੀਆ ਨਾਲ ਗੱਲਬਾਤ ਦੌਰਾਨ ਅਰੁਣ ਗੋਵਿਲ ਤੋਂ ਰਣਬੀਰ ਕਪੂਰ ਵੱਲੋਂ ਨਿਭਾਏ ਜਾ ਰਹੇ ਇਸ ਕਿਰਦਾਰ ਬਾਰੇ ਉਨ੍ਹਾਂ ਦੇ ਵਿਚਾਰ ਪੁੱਛੇ ਗਏ ਸਨ ਤਾਂ ਅਰੁਣ ਗੋਵਿਲ ਨੇ ਕਿਹਾ ਕਿ ਸਮੇਂ ਤੋਂ ਪਹਿਲਾਂ ਕੁਝ ਨਹੀਂ ਕਿਹਾ ਜਾ ਸਕਦਾ। ਜਿੱਥੇ ਤਕ ਰਣਬੀਰ ਦੀ ਗੱਲ ਹੈ ਤਾਂ ਉਹ ਇਕ ਚੰਗਾ ਕਲਾਕਾਰ ਹੈ। ਰਣਬੀਰ ਇਕ ਐਵਾਰਡ ਵਿਨਿੰਗ ਐਕਟਰ ਹੈ ਤੇ ਜਿੱਥੇ ਤਕ ਮੈਂ ਉਨ੍ਹਾਂ ਨੂੰ ਜਾਣਦਾ ਹਾਂ, ਉਹ ਬਹੁਤ ਸੰਸਕਾਰੀ ਬੱਚਾ ਹੈ। ਉਨ੍ਹਾਂ ਦੇ ਅੰਦਰ ਸੰਸਕਾਰ ਅਤੇ ਸੱਭਿਆਚਾਰ ਬਹੁਤ ਹੈ। ਮੈਂ ਉਨ੍ਹਾਂ ਨੂੰ ਕਈ ਵਾਰ ਵੇਖਿਆ ਹੈ ਤੇ ਮੈਨੂੰ ਯਕੀਨ ਹੈ ਕਿ ਉਹ ਇਸ ਰੋਲ ਨੂੰ ਕਰਨ ਲਈ ਆਪਣਾ ਲੈਵਲ ਬੈਸਟ ਦੇਣਗੇ।

ਮੀਡੀਆ ਰਿਪੋਰਟਾਂ ਮੁਤਾਬਕ ਇਸ ਫ਼ਿਲਮ ਨੂੰ ਤਿੰਨ ਹਿੱਸਿਆਂ ਵਿਚ ਰਿਲੀਜ਼ ਕੀਤਾ ਜਾਵੇਗਾ। ਸੂਤਰਾਂ ਮੁਤਾਬਕ ਪਹਿਲੇ ਭਾਗ ਵਿਚ ਭਗਵਾਨ ਰਾਮ, ਅਯੁੱਧਿਆ ਵਿਚ ਉਨ੍ਹਾਂ ਦੇ ਪਰਿਵਾਰ, ਸੀਤਾ ਨਾਲ ਉਨ੍ਹਾਂ ਦੇ ਵਿਆਹ ਅਤੇ ਉਨ੍ਹਾਂ ਦੇ 14 ਸਾਲ ਦੇ ਬਨਵਾਸ ਦੀ ਕਹਾਣੀ ਦਿਖਾਈ ਜਾਵੇਗੀ। ਇਸ ਤੋਂ ਇਲਾਵਾ ਪਹਿਲੇ ਭਾਗ ਵਿਚ ਰਾਵਣ ਦੁਆਰਾ ਸੀਤਾ ਦੇ ਅਗਵਾ ਕੀਤੇ ਜਾਣ ਨੂੰ ਵੀ ਦਿਖਾਇਆ ਜਾਵੇਗਾ ਅਤੇ ਇਸ ਦੇ ਨਾਲ ਹੀ ‘ਰਾਮਾਇਣ’ ਦੇ ਪਹਿਲੇ ਭਾਗ ਨੂੰ ਖ਼ਤਮ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਸੂਤਰ ਨੇ ਕਿਹਾ ਕਿ ਨਿਰਮਾਤਾ ਕਹਾਣੀ ‘ਚ ਜਲਦਬਾਜ਼ੀ ਨਹੀਂ ਕਰਨਾ ਚਾਹੁੰਦੇ। ਉਹ ਇਸ ਨੂੰ ਮਨੋਰੰਜਕ, ਭਾਵਨਾਤਮਕ ਅਤੇ ਸਿਨੇਮੈਟਿਕ ਤਰੀਕੇ ਨਾਲ ਦਰਸਾਉਣਾ ਚਾਹੁੰਦੇ ਹਨ।

‘ਰਾਮਾਇਣ’ ‘ਚ ਰਣਬੀਰ ਕਪੂਰ ਭਗਵਾਨ ਰਾਮ ਦੇ ਕਿਰਦਾਰ ‘ਚ ਨਜ਼ਰ ਆਉਣਗੇ, ਸਾਈ ਪੱਲਵੀ ਮਾਂ ਸੀਤਾ ਦੇ ਕਿਰਦਾਰ ‘ਚ ਅਤੇ ਸਨੀ ਦਿਓਲ ਹਨੂੰਮਾਨ ਦੇ ਕਿਰਦਾਰ ‘ਚ ਨਜ਼ਰ ਆਉਣਗੇ। ਰਕੁਲ ਪ੍ਰੀਤ ਸਿੰਘ ਸ਼ੁਰਪਨਖਾ ਦੇ ਰੋਲ ‘ਚ ਅਤੇ ਯਸ਼ ਲੰਕਾਪਤੀ ਰਾਵਣ ਦੇ ਰੋਲ ‘ਚ ਨਜ਼ਰ ਆਉਣਗੇ। ਯਾਨੀ ਯਸ਼ ਪਹਿਲੇ ਭਾਗ ‘ਚ ਨਜ਼ਰ ਆਉਣਗੇ। ਰਿਪੋਰਟ ਮੁਤਾਬਕ ‘ਰਾਮਾਇਣ’ ਦੇ ਪਹਿਲੇ ਭਾਗ ‘ਚ ਸੰਨੀ ਦਿਓਲ ਦਾ ਸਿਰਫ ਇਕ ਕੈਮਿਓ ਹੋਵੇਗਾ। ਦੂਜੇ ਭਾਗ ਵਿਚ ਉਨ੍ਹਾਂ ਦਾ ਕਿਰਦਾਰ ਲੰਬਾ ਹੋਵੇਗਾ।

ਸੂਤਰ ਨੇ ਦੱਸਿਆ ਕਿ ‘ਰਾਮਾਇਣ’ ਦੇ ਦੂਜੇ ਭਾਗ ‘ਚ ਭਗਵਾਨ ਰਾਮ ਅਤੇ ਲਕਸ਼ਮਣ ਦੀ ਭਗਵਾਨ ਹਨੂੰਮਾਨ ਅਤੇ ਵਾਨਰ ਸੈਨਾ ਨਾਲ ਮੁਲਾਕਾਤ, ਉਨ੍ਹਾਂ ਨੂੰ ਦਰਪੇਸ਼ ਰੁਕਾਵਟਾਂ ਅਤੇ ਅੰਤ ‘ਚ ਰਾਮ ਸੇਤੂ ਦੇ ਨਿਰਮਾਣ ਨੂੰ ਦਿਖਾਇਆ ਜਾ ਸਕਦਾ ਹੈ। ਫਿਲਮ ਦੇ ਤੀਜੇ ਹਿੱਸੇ ਵਿਚ ਵਾਨਰ ਸੈਨਾ ਅਤੇ ਰਾਵਣ ਦੀ ਸੈਨਾ ਵਿਚਕਾਰ ਯੁੱਧ, ਰਾਵਣ ਦੀ ਹਾਰ ਅਤੇ ਭਗਵਾਨ ਰਾਮ ਅਤੇ ਸੀਤਾ ਦੀ ਅਯੁੱਧਿਆ ਵਾਪਸੀ ਨੂੰ ਦਿਖਾਇਆ ਜਾ ਸਕਦਾ ਹੈ।

Add a Comment

Your email address will not be published. Required fields are marked *