ਬੇਇਜ਼ਤੀ ਦਾ ਬਦਲਾ ਲੈਣ ਲਈ ਕਰ ਦਿੱਤਾ ਕੁੜੀਆਂ ਦੇ ਭਰਾ ਦਾ ਕਤਲ

ਤਰਨਤਾਰਨ – ਬੀਤੀ 6 ਮਾਰਚ ਨੂੰ ਪਿੰਡ ਪੰਡੋਰੀ ਗੋਲਾ ਵਿਖੇ ਨੌਜਵਾਨ ਗੁਰਸੇਵਕ ਸਿੰਘ ਦੇ ਕਤਲ ਮਾਮਲੇ ਵਿਚ ਲੋੜੀਂਦੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਪੁਲਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਸ ਨੇ ਵਾਰਦਾਤ ਵਿਚ ਵਰਤੇ ਗਏ ਦੋ ਹਥਿਆਰਾਂ ਨੂੰ ਵੀ ਬਰਾਮਦ ਕਰ ਲਿਆ ਹੈ, ਜੋ ਮੁਲਜ਼ਮਾਂ ਨੇ 10 ਹਜ਼ਾਰ ਰੁਪਏ ਵਿਚ ਗੰਨ ਹਾਊਸ ਵਿਚ ਹੋਈ ਲੁੱਟ ਦੇ ਮੁਲਜ਼ਮਾਂ ਪਾਸੋਂ ਖਰੀਦੇ ਸਨ।

ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਜ਼ਿਲ੍ਹੇ ਦੇ ਐੱਸ.ਐੱਸ.ਪੀ. ਅਸ਼ਵਨੀ ਕਪੂਰ ਨੇ ਦੱਸਿਆ ਕਿ ਬੀਤੀ 6 ਮਾਰਚ ਦੀ ਸ਼ਾਮ ਪਿੰਡ ਪੰਡੋਰੀ ਗੋਲਾ ਦੇ ਨਿਵਾਸੀ ਗੁਰਸੇਵਕ ਸਿੰਘ ਦਾ ਗੁਆਂਢ ਵਿਚ ਰਹਿੰਦੇ ਦੋ ਸਕੇ ਭਰਾਵਾਂ ਵੱਲੋਂ ਇਕ ਦੋਸਤ ਦੀ ਮਦਦ ਨਾਲ ਇਸ ਲਈ ਕਤਲ ਕਰ ਦਿੱਤਾ ਗਿਆ ਸੀ ਕਿ ਕਰੀਬ 8 ਮਹੀਨੇ ਪਹਿਲਾਂ ਗੁਰਸੇਵਕ ਸਿੰਘ ਦੀ ਭੈਣ ਨੂੰ ਛੇੜਨ ਦੇ ਮਾਮਲੇ ਵਿਚ ਉਸ ਦਾ ਮੂੰਹ ਕਾਲਾ ਕੀਤਾ ਗਿਆ ਸੀ। ਇਸ ਬੇਇਜ਼ਤੀ ਦਾ ਬਦਲਾ ਲੈਣ ਲਈ ਗੁਰਸੇਵਕ ਸਿੰਘ ਦਾ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ।

ਪੁਲਸ ਵੱਲੋਂ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੀਆਂ ਗਈਆਂ ਦੋ ਬੰਦੂਕਾਂ ਵੀ ਬਰਾਮਦ ਕੀਤੀਆਂ ਗਈਆਂ ਹਨ, ਜੋ ਕਾਤਲਾਂ ਵੱਲੋਂ ਸ਼ਹਿਰ ’ਚ ਪਿਛਲੇ ਦਿਨੀਂ ਗੰਨ ਹਾਊਸ ਵਿਚੋਂ ਚੋਰੀ ਹੋਏ ਅਸਲੇ ’ਚੋਂ 10 ਹਜ਼ਾਰ ਰੁਪਏ ਦੇ ਕੇ ਖਰੀਦੀਆਂ ਗਈਆਂ ਸਨ। ਪੁਲਸ ਵੱਲੋਂ ਫੜੇ ਗਏ ਵਿਅਕਤੀਆਂ ਦੀ ਪਛਾਣ ਪਿੰਡ ਪੰਡੋਰੀ ਗੋਲਾ ਨਿਵਾਸੀ ਰੋਹਿਤ ਕੁਮਾਰ ਅਤੇ ਜਗਦੀਸ਼ ਕੁਮਾਰ (ਸਕੇ ਭਰਾ) ਤੋਂ ਇਲਾਵਾ ਮੁਰਾਦਪੁਰਾ ਨਿਵਾਸੀ ਸਿਮਰਨਜੀਤ ਸਿੰਘ ਵੱਜੋਂ ਹੋਈ ਹੈ, ਜਿਨ੍ਹਾਂ ਦਾ ਮਾਣਯੋਗ ਅਦਾਲਤ ਪਾਸੋਂ ਰਿਮਾਂਡ ਹਾਸਲ ਕਰ ਅਗਲੇਰੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਐੱਸ.ਪੀ ਇਨਵੈਸਟੀਗੇਸ਼ਨ ਅਜੇ ਰਾਜ ਸਿੰਘ ਤੋਂ ਇਲਾਵਾ ਹੋਰ ਪੁਲਸ ਕਰਮਚਾਰੀ ਮੌਜੂਦ ਸਨ।

Add a Comment

Your email address will not be published. Required fields are marked *