ਬਾਂਹ ’ਤੇ ਲੱਗੀ ਗੋਲੀ ਪਰ 30 ਕਿਲੋਮੀਟਰ ਬੱਸ ਦੌੜਾ ਬਚਾਈ 35 ਸਵਾਰੀਆਂ ਦੀ ਜਾਨ

ਮੁੰਬਈ – ਮਹਾਰਾਸ਼ਟਰ ਦੇ ਅਮਰਾਵਤੀ ’ਚ 1 ਮਿੰਨੀ ਬੱਸ ਡਰਾਈਵਰ ਨੇ ਬਹਾਦਰੀ ਦੀ ਮਿਸਾਲ ਦਿਖਾਉਂਦਿਆਂ 35 ਸਵਾਰੀਆਂ ਨੂੰ ਬਚਾਇਆ। ਬੁਲਢਾਣਾ ਜ਼ਿਲ੍ਹੇ ਦੇ ਸ਼ੇਗਾਓਂ ਤੋਂ 35 ਸ਼ਰਧਾਲੂ ਟਰੈਵਲਰ ਰਾਹੀਂ ਨਾਗਪੁਰ ਜਾ ਰਹੇ ਸਨ। ਐਤਵਾਰ ਦੇਰ ਰਾਤ ਸੁੰਨਸਾਨ ਹਾਈਵੇ ’ਤੇ ਲੁਟੇਰਿਆਂ ਦੇ ਇਕ ਗਰੋਹ ਨੇ ਉਸ ਦੀ ਗੱਡੀ ’ਤੇ ਹਮਲਾ ਕਰ ਦਿੱਤਾ ਪਰ ਮਿੰਨੀ ਬੱਸ ਦੇ ਡਰਾਈਵਰ ਨੇ ਸ਼ਰਾਰਤੀ ਅਨਸਰਾਂ ਨੂੰ ਚਕਮਾ ਦੇਣ ਦੀ ਅਥਾਹ ਹਿੰਮਤ ਦਿਖਾਈ ਤੇ ਗੱਡੀ ਨਹੀਂ ਰੋਕੀ। ਇਥੋਂ ਤੱਕ ਕਿ ਲੁਟੇਰਿਆਂ ਦੀ ਅੰਨ੍ਹੇਵਾਹ ਗੋਲੀਬਾਰੀ ’ਚ ਉਹ ਗੰਭੀਰ ਜ਼ਖ਼ਮੀ ਹੋ ਗਿਆ।

ਜਾਣਕਾਰੀ ਮੁਤਾਬਕ ਬਾਂਹ ’ਚ ਗੋਲੀ ਲੱਗਣ ਦੇ ਬਾਵਜੂਦ ਡਰਾਈਵਰ ਖੋਮਦੇਵ ਕਵਾੜੇ ਨੇ ਮਿੰਨੀ ਬੱਸ ਨੂੰ ਨਹੀਂ ਰੋਕਿਆ ਤੇ 30 ਕਿਲੋਮੀਟਰ ਤੱਕ ਖ਼ੁਦ ਗੱਡੀ ਭਜਾ ਕੇ ਸਵਾਰੀਆਂ ਨੂੰ ਲੈ ਕੇ ਥਾਣੇ ਪਹੁੰਚ ਗਿਆ। ਇਸ ਦੌਰਾਨ ਉਸ ਦੀ ਬਾਂਹ ’ਚੋਂ ਲਗਾਤਾਰ ਖ਼ੂਨ ਵਹਿ ਰਿਹਾ ਸੀ, ਜਦਕਿ ਬੱਸ ’ਚ ਸਵਾਰ ਯਾਤਰੀ ਡਰ ਗਏ ਸਨ।

ਇਹ ਹੈਰਾਨ ਕਰਨ ਵਾਲੀ ਘਟਨਾ ਅਮਰਾਵਤੀ-ਨਾਗਪੁਰ ਹਾਈਵੇ ’ਤੇ ਵਾਪਰੀ। ਕਾਰ ’ਚ ਸਵਾਰ ਬਦਮਾਸ਼ ਕਈ ਕਿਲੋਮੀਟਰ ਤੱਕ ਮਿੰਨੀ ਬੱਸ ਦਾ ਪਿੱਛਾ ਕਰਦੇ ਰਹੇ ਤੇ ਮਿੰਨੀ ਬੱਸ ’ਤੇ ਕਈ ਗੋਲੀਆਂ ਚਲਾਈਆਂ, ਜਿਨ੍ਹਾਂ ’ਚੋਂ ਇਕ ਗੋਲੀ ਡਰਾਈਵਰ ਖੋਮਦੇਵ ਨੂੰ ਲੱਗੀ ਪਰ ਉਸ ਨੇ ਰੁਕਣ ਦੀ ਬਜਾਏ ਗੱਡੀ ਦੀ ਰਫ਼ਤਾਰ ਵਧਾ ਦਿੱਤੀ।

ਸਾਰੇ ਸ਼ਰਧਾਲੂ ਰਸਤੇ ’ਚ ਅਮਰਾਵਤੀ ਦੇ ਅੰਬੇ ਮਾਤਾ ਮੰਦਰ ’ਚ ਕੁਝ ਦੇਰ ਲਈ ਰੁਕੇ। ਫਿਰ ਨਾਗਪੁਰ ਦੀ ਯਾਤਰਾ ਸ਼ੁਰੂ ਕੀਤੀ। ਕਰੀਬ 2 ਵਜੇ ਨੰਦਗਾਓਂ ਪੇਠ ਟੋਲ ਪੋਸਟ ਨੂੰ ਪਾਰ ਕਰਨ ਤੋਂ ਥੋੜ੍ਹੀ ਦੇਰ ਬਾਅਦ ਡਰਾਈਵਰ ਖੋਮਦੇਵ ਨੇ ਦੇਖਿਆ ਕਿ 1 ਕਾਰ ਉਸ ਦੇ ਪਿੱਛੇ ਆ ਰਹੀ ਸੀ। ਪਹਿਲਾਂ ਤਾਂ ਉਸ ਨੇ ਕਾਰ ਨੂੰ ਅੱਗੇ ਵਧਣ ਦਾ ਇਸ਼ਾਰਾ ਕੀਤਾ ਪਰ ਗੱਡੀ ਨਾ ਰੁਕਣ ’ਤੇ ਲੁਟੇਰਿਆਂ ਨੇ ਉਸ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਤੇ ਗੋਲੀਆਂ ਚਲਾ ਦਿੱਤੀਆਂ।

ਇਸ ਦੌਰਾਨ ਬਦਮਾਸ਼ਾਂ ਨੇ ਖੋਮਦੇਵ ’ਤੇ 4 ਰਾਊਂਡ ਫਾਇਰ ਕੀਤੇ, ਜਿਨ੍ਹਾਂ ’ਚੋਂ 1 ਗੋਲੀ ਉਸ ਦੇ ਹੱਥ ’ਚ ਲੱਗੀ। ਅਸਹਿ ਦਰਦ ਤੇ ਬਹੁਤ ਜ਼ਿਆਦਾ ਖ਼ੂਨ ਵਹਿਣ ਦੇ ਬਾਵਜੂਦ ਉਹ ਗੋਲੀਆਂ ਤੋਂ ਬਚਦਾ ਹੋਇਆ ਇਕ ਮਿੰਨੀ ਬੱਸ ’ਚ ਤਿਓਸਾ ਪੁਲਸ ਸਟੇਸ਼ਨ ਪਹੁੰਚ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਬਦਮਾਸ਼ ਨਾਗਪੁਰ ਤੋਂ 100 ਕਿਲੋਮੀਟਰ ਦੂਰ ਸਾਵਦੀ ਪਿੰਡ ਤੱਕ ਬੱਸ ਦਾ ਪਿੱਛਾ ਕਰਦੇ ਰਹੇ ਪਰ ਖੋਮਦੇਵ ਦੀ ਹਿੰਮਤ ਦੇ ਸਾਹਮਣੇ ਉਹ ਕਾਮਯਾਬ ਨਹੀਂ ਹੋ ਸਕੇ।ਬਾਅਦ ’ਚ ਅਮਰਾਵਤੀ ਪੁਲਸ ਮਿੰਨੀ ਬੱਸ ਨੂੰ ਵਾਪਸ ਨੰਦਗਾਓਂ ਪੇਠ ਥਾਣੇ ਲੈ ਗਈ। ਖੋਮਦੇਵ ਕਵਾੜੇ ਨੂੰ ਇਲਾਜ ਲਈ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਸੀ. ਸੀ. ਟੀ. ਵੀ. ਫੁਟੇਜ ਨੂੰ ਸਕੈਨ ਕਰਨਾ ਸ਼ੁਰੂ ਕਰ ਦਿੱਤਾ ਹੈ।

Add a Comment

Your email address will not be published. Required fields are marked *